
ਗਮਾਡਾ ਨੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ, ਉਸਾਰੀਆਂ ਢਾਹੀਆਂ, ਮਟੀਰੀਅਲ ਜ਼ਬਤ
ਨਾਜਾਇਜ਼ ਕਬਜ਼ੇ ਹਟਾਉਣ ਲਈ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ: ਰਾਜੀਵ ਗੁਪਤਾ
ਨਬਜ਼-ਏ-ਪੰਜਾਬ, ਮੁਹਾਲੀ, 19 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਗਮਾਡਾ ਦੀ ਟੀਮ ਨੇ ਮੁਹਾਲੀ ਨੇੜਲੇ ਪਿੰਡ ਚਾਚੂਮਾਜਰਾ ਵਿੱਚ ਟੈਂਪਰੇਰੀ ਸਟਰਕਚਰਾਂ ਨੂੰ ਤਹਿਸ-ਨਹਿਸ ਕੀਤਾ ਗਿਆ ਅਤੇ ਬਿਲਡਿੰਗ ਉਸਾਰੀ ਮਟੀਰੀਅਲ ਨੂੰ ਜ਼ਬਤ ਕੀਤਾ ਗਿਆ। ਸਰਵਿਸ ਰੋਡ ’ਤੇ ਡੰਪ ਕੀਤੇ ਉਸਾਰੀ ਮਟੀਰੀਅਲ ਨੂੰ ਵੀ ਹਟਾਇਆ ਗਿਆ। ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੀ ਰੈਗੂਲੇਟਰੀ ਅਤੇ ਬਿਲਡਿੰਗ ਸ਼ਾਖਾ ਦੇ ਜੂਨੀਅਰ ਇੰਜੀਨੀਅਰ ਅਤੇ ਸੁਰੱਖਿਆ ਅਮਲੇ ਦੀ ਟੀਮ ਦੀ ਅਗਵਾਈ ਐਸਡੀਓ (ਬਿਲਡਿੰਗ) ਮੁਕੇਸ਼ ਕੁਮਾਰ ਅਤੇ ਸਹਾਇਕ ਟਾਊਨ ਪਲਾਨਰ (ਰੈਗੂਲੇਟਰੀ) ਹਰਚੰਦ ਸਿੰਘ ਨੇ ਕੀਤੀ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਦੱਸਿਆ ਕਿ ਅਸਟੇਟ ਦਫ਼ਤਰ ਦੇ ਫੀਲਡ ਸਟਾਫ਼ ਦੇ ਧਿਆਨ ਵਿੱਚ ਆਇਆ ਸੀ ਕਿ ਪਿੰਡ ਚਾਚੂਮਾਜਰਾ ਵਿੱਚ ਕੁੱਝ ਵਿਅਕਤੀਆਂ ਵੱਲੋਂ ਬਿਲਡਿੰਗ ਉਸਾਰੀ ਮਟੀਰੀਅਲ ਸਟੋਰ ਕਰਨ ਲਈ ਗੈਰ-ਕਾਨੂੰਨੀ ਤਰੀਕੇ ਨਾਲ ਟੈਂਪਰੇਰੀ ਸਟਰਕਚਰ ਸਥਾਪਿਤ ਕੀਤੇ ਗਏ ਹਨ। ਉੱਥੇ ਰੇਤਾ, ਇੱਟਾਂ, ਬਜਰੀ ਅਤੇ ਹੋਰ ਮਟੀਰੀਅਲ ਸੜਕਾਂ ਉੱਤੇ ਸੁੱਟਿਆ ਹੋਇਆ ਹੈ। ਜਿਸ ਕਾਰਨ ਰਾਹਗੀਰਾਂ ਨੂੰ ਆਵਾਜਾਈ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਮਾਡਾ ਟੀਮ ਜਿੱਥੇ ਗੈਰ-ਕਾਨੂੰਨੀ ਸਟਰਕਚਰਾਂ ਨੂੰ ਤਹਿਸ-ਨਹਿਸ ਕੀਤਾ ਗਿਆ, ਉੱਥੇ ਸੜਕ ’ਤੇ ਪਏ ਮਟੀਰੀਅਲ ਨੂੰ ਪਾਸੇ ਹਟਾ ਕੇ ਆਵਾਜਾਈ ਚਾਲੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਟਰਕਚਰ ਹਟਾਉਣ ਅਤੇ ਸੜਕਾਂ ਨੂੰ ਕਲੀਅਰ ਕਰਨ ਲਈ ਨੋਟਿਸ ਵੀ ਭੇਜੇ ਗਏ ਸਨ, ਪ੍ਰੰਤੂ ਸਬੰਧਤ ਵਿਅਕਤੀਆਂ ਨੇ ਨੋਟਿਸਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਜਿਸ ਕਾਰਨ ਗਮਾਡਾ ਨੂੰ ਇਹ ਕਾਰਵਾਈ ਕਰਨੀ ਪਈ।
ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਉਸਾਰੀਆਂ ਨਾ ਕਰਨ ਅਤੇ ਜਨਤਕ ਥਾਵਾਂ ’ਤੇ ਕਬਜ਼ੇ ਨਾ ਕੀਤੇ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਵਿਰੁੱਧ ਵਿੱਢੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।