
ਗਮਾਡਾ ਨੇ ਬਲੌਂਗੀ ਵਿੱਚ ਅਣਅਧਿਕਾਰਤ ਉਸਾਰੀਆਂ ਢਾਹੀਆਂ
ਘਰ ਵਿੱਚ ਚੱਲ ਰਹੀ ਫੈਕਟਰੀ ਦਾ ਅੰਦਰੋਂ ਕੁੰਡੀ ਲਗਾ ਕੇ ਬੰਦ ਕੀਤਾ ਗੇਟ, ਬੇਰੰਗ ਪਰਤੀ ਗਮਾਡਾ ਟੀਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਅਣਅਧਿਕਾਰਤ ਉਸਾਰੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਗਮਾਡਾ ਦੇ ਨਾਜਾਇਜ਼ ਕਬਜ਼ੇ ਹਟਾਊ ਦਸਤੇ ਵੱਲੋਂ ਅੱਜ ਮੁਹਾਲੀ ਦੀ ਜੂਹ ਵਿੱਚ ਬਲੌਂਗੀ ਥਾਣੇ ਦੇ ਪਿਛਲੇ ਪਾਸੇ ਕੀਤੀਆਂ ਜਾ ਰਹੀਆਂ ਅਣਅਧਿਕਾਰਤ ਉਸਾਰੀਆਂ ਨੂੰ ਤਹਿਸ-ਨਹਿਸ ਕੀਤਾ ਗਿਆ। ਗਮਾਡਾ ਨੇ ਇਨ੍ਹਾਂ ਪੰਜ ਅਣਅਧਿਕਾਰਤ ਉਸਾਰੀਆਂ ਲਈ ਵਰਤਿਆ ਜਾ ਰਿਹਾ ਮਟੀਰੀਅਲ ਅਤੇ ਹੋਰ ਸਾਮਾਨ ਵੀ ਜ਼ਬਤ ਕਰ ਲਿਆ। ਇੰਜ ਹੀ ਗਮਾਡਾ ਨੇ ਆਜ਼ਾਦ ਨਗਰ ਵਿੱਚ ਬਿਜਲੀ ਦੀ ਹਾਈਟੈਂਸ਼ਨ ਤਾਰਾਂ ਦੇ ਹੇਠਾਂ ਕੀਤੀ ਜਾ ਰਹੀ ਉਸਾਰੀ ਨੂੰ ਵੀ ਰੋਕ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬਲੌਂਗੀ ਤੇ ਹੋਰ ਨੇੜਲੇ ਇਲਾਕਿਆਂ ਵਿੱਚ ਗਮਾਡਾ ਵੱਲੋਂ ਅਣਅਧਿਕਾਰਤ ਉਸਾਰੀਆਂ ਢਾਹੀਆਂ ਗਈਆਂ ਸਨ।
ਜਾਣਕਾਰੀ ਅਨੁਸਾਰ ਗਮਾਡਾ ਦੀ ਟੀਮ ਅੱਜ ਜਿਵੇਂ ਹੀ ਬਲੌਂਗੀ ਥਾਣੇ ਨੇੜੇ ਇੱਕ ਮਕਾਨ ਵਿੱਚ ਚਲ ਰਹੀ ਇਕ ਫੈਕਟਰੀ ਕੋਲ ਪੁੱਜੀ ਤਾਂ ਗਮਾਡਾ ਟੀਮ ਨੂੰ ਦੇਖ ਕੇ ਫੈਕਟਰੀ ਚਲਾ ਰਹੇ ਵਿਅਕਤੀ ਅਤੇ ਅੌਰਤਾਂ ਨੇ ਫੈਕਟਰੀ ਦੇ ਦਰਵਾਜੇ ਨੂੰ ਅੰਦਰੋਂ ਕੁੰਡੀ ਲਗਾ ਕੇ ਗੇਟ ਬੰਦ ਕਰ ਲਿਆ। ਗਮਾਡਾ ਅਧਿਕਾਰੀਆਂ ਨੇ ਕਾਫ਼ੀ ਦੇਰ ਤੱਕ ਫੈਕਟਰੀ ਦਾ ਗੇਟ ਖੁਲ੍ਹਵਾਉਣ ਦਾ ਯਤਨ ਕਰਦੇ ਰਹੇ ਪ੍ਰੰਤੂ ਜਦੋਂ ਕਿਸੇ ਨੇ ਗੇਟ ਨਹੀਂ ਖੋਲ੍ਹਿਆ ਤਾਂ ਗਮਾਡਾ ਦੀ ਟੀਮ ਫੈਕਟਰੀ ਵਿਰੁੱਧ ਕਾਰਵਾਈ ਕੀਤੇ ਬਿਨਾਂ ਵਾਪਸ ਪਰਤ ਗਈ।
ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਬਲੌਂਗੀ ਦੇ ਰਿਹਾਇਸ਼ੀ ਖੇਤਰ ਵਿੱਚ ਚੱਲ ਰਹੀ ਉਕਤ ਫੈਕਟਰੀ ਵਿੱਚ ਮਸ਼ੀਨਾਂ ਨਾਲ ਲੋਹਾ, ਪਲਾਸਟਿਕ ਅਤੇ ਹੋਰ ਸਮਾਨ ਕੱਟਿਆ ਜਾਂਦਾ ਹੈ ਅਤੇ ਇਹ ਮਸ਼ੀਨਾਂ ਦਿਨ ਤੇ ਰਾਤ ਵੇਲੇ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਮਸ਼ੀਨਾਂ ਚੱਲਣ ਕਾਰਨ ਆਸਪਾਸ ਰਹਿੰਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਰਾਤ ਵੇਲੇ ਫੈਕਟਰੀ ਵਿੱਚ ਮਸ਼ੀਨਾਂ ਚੱਲਣ ਦੀਆਂ ਆਵਾਜ਼ਾਂ ਦੂਰ ਤੱਕ ਗੂੰਜਦੀਆਂ ਹਨ। ਜਿਸ ਕਾਰਨ ਨੇੜਲੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਰਾਤ ਸਮੇਂ ਸੌਂ ਵਿੱਚ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ। ਪੀੜਤ ਲੋਕਾਂ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਪ੍ਰਬੰਧਕਾਂ ਨੂੰ ਰਾਤ ਵੇਲੇ ਮਸ਼ੀਨਾਂ ਨਾ ਚਲਾਉਣ ਲਈ ਕਹਿੰਦੇ ਹਨ ਤਾਂ ਉਹ ਸਬੰਧਤ ਵਿਅਕਤੀਆਂ ਨਾਲ ਲੜਾਈ ਝਗੜਾ ਕਰਨ ’ਤੇ ਉਤਾਰੂ ਹੋ ਜਾਂਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਰਿਹਾਇਸ਼ੀ ਇਲਾਕੇ ’ਚ ਚੱਲ ਰਹੀ ਫੈਕਟਰੀ ਬੰਦ ਕਰਵਾਈ ਜਾਵੇ ਤਾਂ ਜੋ ਲੋਕ ਚੈਨ ਨਾਲ ਸੌਂ ਸਕਣ। ਇਸੇ ਤਰ੍ਹਾਂ ਗਮਾਡਾ ਦੀ ਟੀਮ ਨੇ ਪਿੰਡ ਸਹੌੜਾ ਵਿੱਚ ਵੀ ਅਣਅਧਿਕਾਰਤ ਉਸਾਰੀਆਂ ਦਾ ਕੰਮ ਬੰਦ ਕਰਵਾਇਆ ਗਿਆ।