nabaz-e-punjab.com

ਲੋਕਾਂ ਦੇ ਵਿਰੋਧ ਕਾਰਨ ਫੇਜ਼-11 ਵਿੱਚ ਮਕਾਨ ਖਾਲੀ ਕਰਵਾਉਣ ਲਈ ਗਮਾਡਾ ਬੂਰੀ ਤਰ੍ਹਾਂ ਫੇਲ

ਮੌਕੇ ’ਤੇ ਭਾਰੀ ਪੁਲੀਸ ਤਾਇਨਾਤ, ਕਿਸੇ ਵੇਲੇ ਵੀ ਹੋ ਸਕਦੀ ਹੈ ਕਾਰਵਾਈ, ਅੌਰਤਾਂ ਨੇ ਗਲੇ ’ਚ ਟਾਇਰ ਪਾ ਕੇ ਦਿੱਤੀ ਆਤਮ ਹੱਤਿਆ ਦੀ ਧਮਕੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਸਥਾਨਕ ਫੇਜ਼-11 ਵਿੱਚ ਦੰਗਾ ਪੀੜਤਾਂ ਦੇ ਨਾਮ ’ਤੇ ਕਥਿਤ ਤੌਰ ’ਤੇ ਗੈਰ ਦੰਗਾ ਪੀੜਤਾਂ ਵੱਲੋਂ ਗਮਾਡਾ ਦੇ ਮਕਾਨਾਂ ’ਤੇ ਕੀਤੇ ਗਏ ਅਣਅਧਿਕਾਰਤ ਕਬਜ਼ਿਆਂ ਨੂੰ ਹਟਾ ਕੇ ਮਕਾਨ ਖਾਲੀ ਕਰਵਾਉਣ ਲਈ ਗਮਾਡਾ ਦੀ ਕਾਰਵਾਈ ਅੱਜ ਵੀ ਨੇਪਰੇ ਨਹੀਂ ਚੜ੍ਹ ਸਕੀ। ਹਾਲਾਂਕਿ ਅੱਜ ਗਮਾਡਾ ਟੀਮ ਪਹਿਲਾਂ ਨਾਲੋਂ ਵਧੇਰੇ ਪੁਲੀਸ ਫੋਰਸ ਲੈ ਕੇ ਮਕਾਨ ਖਾਲੀ ਕਰਵਾਉਣ ਲਈ ਪੁੱਜੀ ਸੀ ਲੇਕਿਨ ਪੀੜਤ ਲੋਕਾਂ ਦੇ ਜਬਰਦਸਤ ਵਿਰੋਧ ਦੇ ਚੱਲਦਿਆਂ ਗਮਾਡਾ ਇਸ ਕਾਰਵਾਈ ਨੂੰ ਅੰਜਾਮ ਦੇਣ ਵਿੱਚ ਬੂਰੀ ਤਰ੍ਹਾਂ ਫੇਲ ਰਿਹਾ ਹੈ। ਸਥਿਤੀ ਉਸ ਵਕਤ ਤਣਾਅ ਵਾਲੀ ਪੈਦਾ ਹੋ ਗਈ ਜਦੋਂ ਕੁੱਝ ਅੌਰਤਾਂ ਨੇ ਆਪਣੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਮੂਹਿਕ ਰੂਪ ਵਿੱਚ ਆਤਮ ਹੱਤਿਆ ਕਰਨ ਦਾ ਪ੍ਰਯਾਸ ਕੀਤਾ।
ਇਸ ਸਬੰਧੀ ਗਮਾਡਾ ਅਧਿਕਾਰੀਆਂ ਵੱਲੋਂ ਕਬਜ਼ਾਕਾਰਾਂ ਨੂੰ ਪਹਿਲਾਂ ਹੀ 25 ਜੁਲਾਈ ਤੱਕ ਮਕਾਨ ਖਾਲੀ ਕਰ ਦੇਣ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਗਏ ਸਨ ਅਤੇ ਖਾਲੀ ਨਾ ਕੀਤੇ ਜਾਣ ਦੀ ਸੂਰਤ ਵਿੱਚ ਅੱਜ ਮਕਾਨ ਜਬਰੀ ਖਾਲੀ ਕਰਵਾਉਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ। ਇਸ ਸਬੰਧੀ ਅੱਜ ਸਵੇਰੇ ਹੀ ਇਹਨਾਂ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਉਹਨਾਂ ਦੇ ਸਮਰਥਕ ਅਤੇ ਸਥਾਨਕ ਰਾਜਨੀਤਿਕ ਆਗੂ ਵੀ ਇਕੱਠੇ ਹੋਣ ਲੱਗੇ ਸਨ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਾਂਗਰਸ ਦੇ ਕੌਂਸਲਰ ਜਸਵੀਰ ਸਿੰਘ ਮਣਕੂ ਅਤੇ ਸ੍ਰੀਮਤੀ ਰਾਜਰਾਣੀ ਜੈਨ, ਦੰਗਾ ਪੀੜਤਾਂ ਦੀ ਆਗੂ ਬੀਬੀ ਕਸ਼ਮੀਰ ਕੌਰ ਅਤੇ ਹੋਰਨਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਫੇਜ਼-11 ਦੀ ਮੁੱਖ ਸੜਕ (ਬਾਵਾ ਵਾਈਟ ਹਾਊਸ ਵਾਲੀ) ’ਤੇ ਟਾਇਰਾਂ ਨੂੰ ਅੱਗ ਲਗਾ ਕੇ ਜਾਮ ਲਗਾ ਦਿੱਤਾ ਅਤੇ ਗਮਾਡਾ ਅਤੇ ਪੁਲੀਸ ਦੇ ਖ਼ਿਲਾਫ਼ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਅਕਾਲੀ ਆਗੂ ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਅੱਜ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਨੂੰ ਆਪਣੇ ਵਾਅਦੇ ਮੁਤਾਬਕ ਨਾਲ ਖੜ੍ਹਨਾ ਚਾਹੀਦਾ ਸੀ ਪ੍ਰੰਤੂ ਉਹ ਮੁੱਖ ਮੰਤਰੀ ਦੀ ਮਾਤਾ ਦੇ ਸਸਕਾਰ ਦਾ ਬਹਾਨਾ ਲਗਾ ਕੇ ਸ਼ਹਿਰ ’ਚੋਂ ਗਾਇਬ ਹੋ ਗਏ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਲੋਕਾਂ ਨੂੰ ਸਸਤੇ ਮਕਾਨ ਦੇਣ ਦੀਆਂ ਫੜ੍ਹਾ ਮਾਰ ਰਹੀ ਹੈ ਅਤੇ ਦੂਜੇ ਪਾਸੇ ਢਾਈ ਦਹਾਕੇ ਤੋਂ ਵਸੇ ਬਸਾਏ ਲੋਕਾਂ ਨੂੰ ਉਜਾੜਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੂੰ ਇਹ ਮਕਾਨ ਕਿਸੇ ਹੋਰ ਕੰਮ ਜਾਂ ਲੋਕਾਂ ਲਈ ਚਾਹੀਦੇ ਹਨ ਤਾਂ ਇਨ੍ਹਾਂ ਮਕਾਨਾਂ ਵਿੱਚ ਰਹਿੰਦੇ ਪਰਿਵਾਰਾਂ ਦੇ ਮੁੜ ਬਸੇਵੇ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ।
ਮੌਕੇ ’ਤੇ ਪਹੁੰਚੇ ਐਸਪੀ ਸਿਟੀ ਸ੍ਰੀ ਜਗਜੀਤ ਸਿੰਘ ਅਤੇ ਡੀਐਸਪੀ ਸ੍ਰੀ ਰਮਨਦੀਪ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਗਿਆ ਅਤੇ ਉਹਨਾਂ ਨੂੰ ਜਾਮ ਖੋਲ੍ਹਣ ਲਈ ਮਨਾਇਆ ਗਿਆ। ਬਾਅਦ ਵਿੱਚ 11 ਵਜੇ ਦੇ ਕਰੀਬ ਗਮਾਡਾ ਦੇ ਈਓ ਸ੍ਰੀ ਮਹੇਸ਼ ਬਾਂਸਲ ਦੀ ਅਗਵਾਈ ਵਿੱਚ ਗਮਾਡਾ ਦੇ ਵੱਡੀ ਗਿਣਤੀ ਸੁਰੱਖਿਆ ਕਰਮਚਾਰੀ ਅਤੇ ਮਕਾਨ ਖਾਲੀ ਕਰਵਾਉਣ ਲਈ ਲੇਬਰ ਵੀ ਪਹੁੰਚ ਗਈ। ਇਸ ਮੌਕੇ ਮੁਹਾਲੀ ਦੇ ਐਸਡੀਐਮ ਰਪਿੰਦਰ ਪਾਲ ਸਿੰਘ ਵੀ ਪਹੁੰਚ ਗਏ। ਪ੍ਰੰਤੂ ਲੋਕਾਂ ਦੇ ਰੋਹ ਨੂੰ ਦੇਖਦਿਆਂ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ ਆਰੰਭ ਨਹੀਂ ਹੋ ਪਾਈ।
ਇਸ ਦੌਰਾਨ ਉੱਥੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਅਤੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਸੰਦੀਪ ਹੰਸ ਵੀ ਫੇਜ਼-11 ਵਿੱਚ ਪਹੁੰਚ ਗਏ। ਜਿਹਨਾਂ ਨੇ ਮੌਕੇ ’ਤੇ ਤਾਇਨਾਤ ਪੁਲੀਸ ਅਤੇ ਗਮਾਡਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਗਮਾਡਾ ਅਧਿਕਾਰੀਆਂ ਨੇ 1456 ਬਲਾਕ ਦੇ ਇੱਕ ਮਕਾਨ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਆਰੰਭ ਕਰਨੀ ਚਾਹੀ ਪ੍ਰੰਤੂ ਮਕਾਨ ਵਿੱਚ ਰਹਿਣ ਵਾਲੇ ਵਿਅਕਤੀ ਨੇ ਬਾਹਰੋੱ ਤਾਲਾ ਲਗਾ ਦਿਤਾ ਅਤੇ ਮੌਕੇ ਤੋਂ ਚਲਾ ਗਿਆ। ਇਸੇ ਦੌਰਾਨ ਉੱਥੇ ਬਾਕੀ ਮਕਾਨਾਂ ਦੇ ਵਸਨੀਕ ਵੀ ਇਕੱਠੇ ਹੋ ਗਏ ਅਤੇ ਇਹ ਕਾਰਵਾਈ ਵਿਚਾਲੇ ਹੀ ਰੋਕ ਦਿੱਤੀ ਗਈ।
ਇਸ ਦੌਰਾਨ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਕੰਗ ਵੀ ਮਕਾਨਾਂ ਵਿੱਚ ਰਹਿੰਦੇ ਲੋਕਾਂ ਦੇ ਸਮਰਥਨ ਵਿੱਚ ਉੱਥੇ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਕਾਰਵਾਈ ਰੋਕਣ ਲਈ ਕਿਹਾ। ਖ਼ਬਰ ਲਿਖੇ ਜਾਣ ਤੱਕ ਉੱਥੇ ਭਾਰੀ ਪੁਲੀਸ ਫੋਰਸ ਤਾਇਨਾਤ ਸੀ ਅਤੇ ਗਮਾਡਾ ਅਧਿਕਾਰੀਆਂ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਹਾਲਾਤ ਦੀ ਜਾਣਕਾਰੀ ਦੇ ਕੇ ਉਹਨਾਂ ਦੇ ਹੁਕਮ ਦੀ ਉਡੀਕ ਕੀਤੀ ਜਾ ਰਹੀ ਸੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…