ਰਜਿਸਟਰਡ ਵਸੀਅਤ ਦੇ ਬਾਵਜੂਦ ਸਾਰੇ ਕਾਨੂੰਨੀ ਵਾਰਸਾਂ ਨੂੰ ਦਫ਼ਤਰ ਸੱਦ ਕੇ ਪ੍ਰੇਸ਼ਾਨ ਕਰ ਰਿਹਾ ‘ਗਮਾਡਾ’
ਡਿਪਟੀ ਮੇਅਰ ਕਦੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਅਤੇ ਪੁੱਡਾ ਮੰਤਰੀ ਨੂੰ ਲਿਖਿਆ ਪੱਤਰ, ਕਾਰਵਾਈ ਮੰਗੀ
ਨਬਜ਼-ਏ-ਪੰਜਾਬ, ਮੁਹਾਲੀ, 4 ਮਾਰਚ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਅਤੇ ਪੁੱਡਾ ਮੰਤਰੀ ਨੂੰ ਪੱਤਰ ਲਿਖ ਕੇ ਰਜਿਸਟਰਡ ਵਸੀਅਤ ਹੋਣ ਦੇ ਬਾਵਜੂਦ ਗਮਾਡਾ ਵੱਲੋਂ ਸਬੰਧਤ ਵਿਅਕਤੀਆਂ ਨੂੰ ਦਫ਼ਤਰ ਸੱਦ ਕੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਗਮਾਡਾ ਦੀਆਂ ਕਥਿਤ ਮਨਮਾਨੀਆਂ ਕਰਕੇ ਟਰਾਂਸਫ਼ਰਾਂ ਨਾ ਕਰਨ ਅਤੇ ਕਾਨੂੰਨ ਦੀ ਘੋਰ ਉਲੰਘਣਾ ਕਰਨ ਲਈ ਗਮਾਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ ਇੱਥੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੋ ਲੋਕ ਆਪਣੇ ਧੀਆਂ-ਪੁੱਤਾਂ ਦੇ ਨਾਂ ’ਤੇ ਰਜਿਸਟਰਡ ਵਿੱਲ ਕਰਵਾਉਂਦੇ ਹਨ, ਉਨ੍ਹਾਂ ਦੀ ਜਾਇਦਾਦ ਨੂੰ ਵਸੀਅਤ ਅਨੁਸਾਰ ਟਰਾਂਸਫਰ ਕਰਨ ਦੇ ਮਾਮਲੇ ਵਿੱਚ ਗਮਾਡਾ ਸਿੱਧੇ ਤੌਰ ’ਤੇ ਗੈਰ ਕਾਨੂੰਨੀ ਕੰਮ ਕਰ ਰਿਹਾ ਹੈ। ਜਿਸ ਵਿਅਕਤੀ ਦੇ ਨਾਂ ਰਜਿਸਟਰ ਵਿੱਲ ਹੁੰਦੀ ਹੈ, ਉਸ ਦੇ ਨਾਂ ਉੱਤੇ ਟਰਾਂਸਫਰ ਕਰਨ ਵਿੱਚ ਆਨਾਕਾਨੀ ਕੀਤਾ ਜਾ ਰਹੀ ਹੈ। ਗਮਾਡਾ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਰੇ ਕਾਨੂੰਨੀ ਵਾਰਸ ਹਾਜ਼ਰ ਕੀਤੇ ਜਾਣ ਤਾਂ ਹੀ ਜਾਇਦਾਦ ਟਰਾਂਸਫਰ ਕੀਤੀ ਜਾਵੇਗੀ।
ਕੁਲਜੀਤ ਬੇਦੀ ਨੇ ਕਿਹਾ ਕਿ ਜੇਕਰ ਸਾਰੇ ਵਾਰਸਾਂ ਨੂੰ ਮੌਕੇ ਤੇ ਬੁਲਾ ਕੇ ਹੀ ਜਾਇਦਾਦ ਟਰਾਂਸਫਰ ਹੋਣੀ ਹੈ ਤਾਂ ਫਿਰ ਰਜਿਸਟਰਡ ਵਿੱਲ ਕਰਵਾਉਣ ਦਾ ਅਰਥ ਹੀ ਕੀ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰਡ ਵਸੀਅਤ ਲਈ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ ਅਤੇ ਫਿਰ ਤਹਿਸੀਲਦਾਰ ਅੱਗੇ ਪੇਸ਼ ਹੋਣਾ ਪੈਂਦਾ ਹੈ ਤਾਂ ਕਿਤੇ ਜਾ ਕੇ ਵਸੀਅਤ ਰਜਿਸਟਰਡ ਹੁੰਦੀ ਹੈ, ਜਿਸ ਲਈ ਪੈਸਾ ਅਤੇ ਸਮਾਂ ਦੋਵੇਂ ਬਰਬਾਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਜ਼ੁਰਗ ਦੀ ਤਬੀਅਤ ਖਰਾਬ ਹੈ ਤਾਂ ਉਸ ਨੂੰ ਵ੍ਹੀਲਚੇਅਰ ਉੱਤੇ ਲੈ ਕੇ ਜਾਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਤਹਿਸੀਲਦਾਰ ਦੇ ਨਾਲ ਫੋਟੋ ਉਤਰਵਾਉਣ ਉਪਰੰਤ ਪੱਕੀ ਰਜਿਸਟਰਡ ਵਸੀਅਤ ਹੋ ਜਾਂਦੀ ਹੈ ਤਾਂ ਫਿਰ ਗਮਾਡਾ ਕੋਲ ਅਜਿਹਾ ਕੀ ਅਧਿਕਾਰ ਹੈ? ਕਿ ਉਹ ਸਾਰੇ ਵਾਰਸਾਂ ਨੂੰ ਦਫ਼ਤਰ ਸੱਦ ਕੇ ਉਨ੍ਹਾਂ ਨੂੰ ਜ਼ਲੀਲ ਕਰੇ। ਉਨ੍ਹਾਂ ਕਿਹਾ ਕਿ ਗਮਾਡਾ ਤੋਂ ਇਲਾਵਾ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਰਜਿਸਟਰਡ ਵਸੀਅਤ ਨੂੰ ਹੀ ਪੱਕਾ ਦਸਤਾਵੇਜ਼ ਮੰਨਿਆ ਜਾਂਦਾ ਹੈ। ਜਿਸ ਵਿਅਕਤੀ ਦੇ ਨਾਂ ’ਤੇ ਰਜਿਸਟਰ ਵਸੀਅਤ ਹੁੰਦੀ ਹੈ, ਉਸ ਦੇ ਨਾਂ ’ਤੇ ਪ੍ਰਾਪਰਟੀ ਟਰਾਂਸਫਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਕੇ ਅਤੇ ਸਾਰੇ ਕਾਨੂੰਨੀ ਵਾਰਸਾਂ ਨੂੰ ਧੱਕੇ ਨਾਲ ਬੁਲਾਉਣ ਦੀ ਜ਼ਿੱਦ ਕਰਕੇ ਗਮਾਡਾ ਅਧਿਕਾਰੀ ਰਜਿਸਟਰਡ ਵਸੀਅਤ ਧਾਰਕ ਦੇ ਸੰਵਿਧਾਨਕ ਹੱਕਾਂ ਦੀ ਵੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਗਮਾਡਾ ਦਫ਼ਤਰ ਵਿੱਚ ਕਥਿਤ ਭ੍ਰਿਸ਼ਟਾਚਾਰ ਭਾਰੂ ਹੈ ਅਤੇ ਲੋਕਾਂ ਤੋਂ ਵਾਧੂ ਪੈਸੇ ਵੀ ਮੰਗੇ ਜਾਂਦੇ ਹਨ।
ਉਹਨਾਂ ਮੁੱਖ ਮੰਤਰੀ ਅਤੇ ਪੁੱਡਾ ਮੰਤਰੀ ਤੋਂ ਮੰਗ ਕੀਤੀ ਕਿ ਗਮਾਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਜਿਸ ਵਿਅਕਤੀ ਦੇ ਨਾਂ ’ਤੇ ਰਜਿਸਟਰਡ ਵਸੀਅਤ ਹੈ, ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਗਮਾਡਾ ਨੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਤਾਂ ਉਹ ਸਬੰਧਤ ਅਧਿਕਾਰੀਆਂ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕਰਨਗੇ।