ਗਮਾਡਾ ਪ੍ਰਾਜੈਕਟ: ਰਾਜੀਵ ਗੁਪਤਾ ਨੇ ਸੜਕਾਂ ਦੇ ਨਿਰਮਾਣ ਲਈ ਸਾਈਟਾਂ ਦਾ ਕੀਤਾ ਨਿਰੀਖਣ

ਗਮਾਡਾ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਵਿੱਚ ਕੰਮ ਮੁਕੰਮਲ ਕਰਨ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਮੁਹਾਲੀ, ਖਰੜ ਅਤੇ ਮੁੱਲਾਂਪੁਰ ਗਰੀਬਦਾਸ ਖੇਤਰ ਵਿੱਚ ਲੋਕਾਂ ਨੂੰ ਆਵਾਜਾਈ ਸਬੰਧੀ ਦਰਪੇਸ਼ ਮੁਸ਼ਕਲਾਂ ਹੱਲ ਹੋਣ ਦੀ ਆਸ ਬੱਝ ਗਈ ਹੈ। ਗਮਾਡਾ ਦੇ ਨਵੇਂ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਪੀਆਰ-4 ਦੇ ਨਿਰਮਾਣ ਅਤੇ ਪੀਆਰ-7 ਦੀ ਸੜਕ ਦੇ ਵਿਸਥਾਰ ਕੰਮਾਂ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਬੰਧਤ ਪ੍ਰਾਜੈਕਟ ਸਾਈਟਾਂ ਦਾ ਖ਼ੁਦ ਦੌਰਾ ਕੀਤਾ। ਉਨ੍ਹਾਂ ਦੇਖਦਿਆਂ ਕਿ ਇਹ ਸੜਕਾਂ ਇਲਾਕੇ ਦੇ ਮੌਜੂਦਾ ਸੰਪਰਕ ਨੂੰ ਬਿਹਤਰ ਬਣਾਉਣ ਲਈ ਬੇਹੱਦ ਜ਼ਰੂਰੀ ਹਨ, ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਹ ਪ੍ਰਾਜੈਕਟ ਨੇਪਰੇ ਚੜ੍ਹਨ ਤੋਂ ਬਾਅਦ ਚੰਡੀਗੜ੍ਹ ਦੀਆਂ ਸੜਕਾਂ ’ਤੇ ਵੀ ਟਰੈਫ਼ਿਕ ਘਟੇਗੀ।
ਗੁਪਤਾ ਨੇ ਦੱਸਿਆ ਕਿ ਪੀਆਰ-7 ਸੜਕ ਨੂੰ ਨਿਊ ਸੰਨੀ ਐਨਕਲੇਵ ਤੋਂ ਸ਼ੁਰੂ ਕਰਕੇ ਨਿਊ ਚੰਡੀਗੜ੍ਹ ਵਿੱਚ ਪੀਆਰ-4 ਰੋਡ ਨਾਲ ਜੋੜਨ ਲਈ ਗਮਾਡਾ 8785 ਮੀਟਰ ਲੰਬੀ ਅਤੇ 200 ਫੁੱਟ ਚੌੜੀ ਸੜਕ ਦਾ ਨਿਰਮਾਣ ਕਰ ਰਿਹਾ ਹੈ। ਸੜਕ ਦੇ ਇਸ ਹਿੱਸੇ ਦਾ ਨਿਰਮਾਣ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਨਿਊ ਚੰਡੀਗੜ੍ਹ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗਾ ਅਤੇ ਯੂਟੀ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰੇਗਾ, ਕਿਉਂਕਿ ਨਿਊ ਚੰਡੀਗੜ੍ਹ ਜਾਣ ਵਾਲੇ ਯਾਤਰੀ ਇਸ ਸੜਕ ਰਾਹੀਂ ਹਵਾਈ ਅੱਡੇ ਤੋਂ ਸਿੱਧਾ ਰੂਟ ਲੈ ਸਕਣਗੇ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਣਾ ਪਵੇਗਾ। ਕੰਮ ਦੀ ਪ੍ਰਗਤੀ ਬਾਰੇ ਪੁੱਛਣ ’ਤੇ ਇੰਜੀਨੀਅਰਿੰਗ ਵਿੰਗ ਨੇ ਮੁੱਖ ਪ੍ਰਸ਼ਾਸਕ ਨੂੰ ਦੱਸਿਆ ਕਿ ਸੜਕ ਦਾ ਲਗਪਗ 87 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ 30 ਅਗਸਤ ਤੱਕ ਇਸ ਨੂੰ ਮੁਕੰਮਲ ਕਰਨ ਦਾ ਟੀਚਾ ਹੈ।
ਮੁੱਖ ਪ੍ਰਸ਼ਾਸਕ ਨੇ ਨਿਊ ਚੰਡੀਗੜ੍ਹ ਵਿੱਚ ਪੀਆਰ-4 ਰੋਡ ਨੂੰ ਚੌੜਾ ਅਤੇ ਮਜ਼ਬੂਤ ਬਣਾਉਣ ਅਤੇ ਤਿੰਨ ਪੁਲਾਂ ਦੇ ਨਿਰਮਾਣ ਦਾ ਨਿਰੀਖਣ ਕੀਤਾ। ਕਿਉਂਕਿ ਇਹ ਸੜਕ ਨਿਊ ਚੰਡੀਗੜ੍ਹ ਅਤੇ ਨਵੇਂ ਬਣ ਰਹੇ ਕ੍ਰਿਕੇਟ ਸਟੇਡੀਅਮ ਤੱਕ ਸੰਪਰਕ ਨੂੰ ਬਿਹਤਰ ਬਣਾਉਣ ਲਈ ਇੱਕ ਮਹੱਤਵਪੂਰਨ ਕੜੀ ਹੈ। ਗੁਪਤਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਦਾ ਕੰਮ ਨਿਰਧਾਰਿਤ ਸਮਾਂ ਸੀਮਾ ਤੋਂ ਵੱਧ ਨਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਵਿਕਾਸ ਪ੍ਰਾਜੈਕਟਾਂ ਨੂੰ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ ਅਤੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਉਸਾਰੀ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਨਾ ਹੋਵੇ। ਇਸ ਮੌਕੇ ਮੁੱਖ ਇੰਜੀਨੀਅਰ ਬਲਵਿੰਦਰ ਸਿੰਘ, ਨਿਗਰਾਨ ਇੰਜੀਨੀਅਰ ਅਜੇ ਗਰਗ ਅਤੇ ਇੰਜੀਨੀਅਰਿੰਗ ਵਿੰਗ ਦੇ ਸਿਵਲ, ਜਨ ਸਿਹਤ, ਇਲੈਕਟ੍ਰੀਕਲ ਅਤੇ ਬਾਗਬਾਨੀ ਵਿੰਗਾਂ ਦੇ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…