Nabaz-e-punjab.com

ਗਮਾਡਾ ਨੇ ਲਖਨੌਰ ਫਰਨੀਚਰ ਮਾਰਕੀਟ ਵਾਲੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ

ਡਿਊਟੀ ਮੈਜਿਸਟਰੇਟ ਤੇ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਤਾ ਕਾਰਵਾਈ ਨੂੰ ਅੰਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਵੀਰਵਾਰ ਨੂੰ ਮੁਹਾਲੀ ਤੋਂ ਲਾਂਡਰਾਂ ਮੁੱਖ ਸੜਕ ’ਤੇ ਸਥਿਤ ਲਖਨੌਰ ਫਰਨੀਚਰ ਮਾਰਕੀਟ ਵਾਲੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਕਾਰਵਾਈ ਨੂੰ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਮਾਡਾ ਦੇ ਐਸਡੀਓ ਅਵਦੀਪ ਸਿੰਘ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਇਸ ਮੌਕੇ ਮੁਹਾਲੀ ਦੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਬਤੌਰ ਡਿਊਟੀ ਮੈਜਿਸਟਰੇਟ ਅਤੇ ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਅਤੇ ਇੰਸਪੈਕਟਰ ਮਨਜੀਤ ਸਿੰਘ, ਗਮਾਡਾ ਦੇ ਜੇਈ ਮੁਕੇਸ਼ ਕੁਮਾਰ ਅਤੇ ਕ੍ਰਿਸ਼ਨਪਾਲ ਸਿੰਘ ਮੌਜੂਦ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 21 ਅਕਤੂਬਰ ਨੂੰ ਤੜਕੇ ਸਵੇਰੇ ਲਖਨੌਰ ਫਰਨੀਚਰ ਮਾਰਕੀਟ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਦੋ ਦਰਜਨ ਤੋਂ ਵੱਧ ਦੁਕਾਨਾਂ ਅਤੇ ਲੱਕੜ ਦੇ ਆਰੇ ਸੜ ਕੇ ਸੁਆਹ ਹੋ ਗਏ ਸੀ ਅਤੇ ਦੁਕਾਨਦਾਰਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ । ਗਮਾਡਾ ਮੁਤਾਬਕ ਇੱਥੇ ਸਰਕਾਰੀ ਜ਼ਮੀਨ ’ਤੇ ਕਥਿਤ ਨਾਜਾਇਜ਼ ਕਬਜ਼ੇ ਕਰਕੇ ਫਰਨੀਚਰ ਮਾਰਕੀਟ ਬਣਾਈ ਗਈ ਸੀ। ਹਾਲਾਂਕਿ ਅਗਨੀ ਕਾਂਡ ਤੋਂ ਬਾਅਦ ਦੁਕਾਨਦਾਰਾਂ ਨੇ ਉਸੇ ਥਾਂ ’ਤੇ ਦੁਬਾਰਾ ਆਰਜ਼ੀ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਗਮਾਡਾ ਨੇ ਕਿਸੇ ਵੀ ਵਿਅਕਤੀ ਨੂੰ ਮੁੜ ਤੋਂ ਦੁਕਾਨ ਨਹੀਂ ਬਣਾਉਣ ਦਿੱਤੀ ਸੀ। ਉਂਜ ਗਮਾਡਾ ਨੇ ਤਰਸ ਦੇ ਆਧਾਰ ’ਤੇ ਦੀਵਾਲੀ ਤੱਕ ਪੀੜਤ ਲੋਕਾਂ ਨੂੰ ਆਪਣਾ ਫਰਨੀਚਰ ਅਤੇ ਹੋਰ ਸਮਾਨ ਵੇਚਣ ਦੀ ਮੋਹਲਤ ਦਿੱਤੀ ਗਈ ਸੀ ਲੇਕਿਨ ਬਾਅਦ ਵਿੱਚ ਇੱਥੇ ਫਰਨੀਚਰ ਦਾ ਕੰਮ ਕਰਕੇ ਲੋਕਾਂ ਨੇ ਉਕਤ ਜ਼ਮੀਨ ਤੋਂ ਕਬਜ਼ਾ ਨਹੀਂ ਛੱਡਿਆ। ਇਹ ਪਤਾ ਲੱਗਾ ਹੈ ਕਿ ਕੁਝ ਵਿਅਕਤੀਆਂ ਨੇ ਲੁਕ ਛਿੱਪ ਕੇ ਲੋਹੇ ਦੀਆਂ ਟੀਨਾ ਪਾ ਕੇ ਆਰਜ਼ੀ ਬਣਾ ਲਏ ਸੀ। ਅੱਜ ਗਮਾਡਾ ਦੀ ਵਿਸ਼ੇਸ਼ ਟੀਮ ਨੇ ਉਸ ਸਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਫਰਨੀਚਰ ਮਾਰਕੀਟ ਵਾਲੀ ਥਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਉਧਰ, ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਉਕਤ ਲਖਨੌਰ ਸੜਕ ’ਤੇ ਫਰਨੀਚਰ ਦਾ ਕਾਰੋਬਾਰ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗਮਾਡਾ ਦੀ ਇਸ ਕਾਰਵਾਈ ਨਾਲ ਪੀੜਤ ਦੁਕਾਨਦਾਰਾਂ ਨੂੰ ਦੋਹਰੀ ਮਾਰ ਪਈ ਹੈ। ਪਹਿਲਾਂ ਬੀਤੀ 21 ਅਕਤੂਬਰ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਸਮਾਨ ਸੜ ਗਿਆ ਸੀ। ਪੀੜਤ ਵਿਅਕਤੀਆਂ ਨੇ ਦੱਸਿਆ ਕਿ ਕੌਮੀ ਤਿਉਹਾਰਾਂ ਦੇ ਚੱਲਦੇ ਉਨ੍ਹਾਂ ਨੇ ਵੱਡੀ ਮਾਤਰਾ ਵਿੱਚ ਵੱਖ ਵੱਖ ਕਿਸਮ ਦਾ ਫਰਨੀਚਰ ਅਤੇ ਫੈਂਸੀ ਸਮਾਨ ਤਿਆਰ ਕੀਤਾ ਗਿਆ ਸੀ ਲੇਕਿਨ ਸਾਰਾ ਕੁੱਝ ਸੜ ਕੇ ਰਾਖ ਹੋ ਗਿਆ ਲੇਕਿਨ ਹੁਣ ਗਮਾਡਾ ਨੇ ਸਰਦੀ ਦੇ ਮੌਸਮ ਵਿੱਚ ਉਨ੍ਹਾਂ ਨੂੰ ਇੱਥੋਂ ਖਦੇੜ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਗਮਾਡਾ ਨੇ ਇਸ ਜ਼ਮੀਨ ’ਤੇ ਕੋਈ ਪ੍ਰਾਜੈਕਟ ਬਣਾਉਣਾ ਹੈ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੀੜਤ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਕਿਸੇ ਹੋਰ ਢੁਕਵੀਂ ਥਾਂ ਮੁਹੱਈਆ ਕਰਵਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…