
ਗਮਾਡਾ ਨੇ ਘਰਾਂ ਦੇ ਪਿੱਛੇ ਨਾਜਾਇਜ਼ ਕਬਜ਼ੇ ਹਟਾਏ, ਗਰੀਨ ਬੈਲਟ ਕੀਤੀ ਤਹਿਸ-ਨਹਿਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਇੱਥੋਂ ਦੇ ਫੇਜ਼-9 ਵਿੱਚ ਸ਼ੁੱਕਰਵਾਰ ਸਵੇਰੇ ਕਰੀਬ 9 ਤੋਂ 10 ਵਜੇ ਦਰਮਿਆਨ ਲੋਕਾਂ ਦੇ ਘਰਾਂ ਪਿੱਛੇ ਖਾਲੀ ਥਾਂ ਵਿੱਚ ਲੱਗੇ ਫੁੱਲ-ਬੂਟੇ ਤਹਿਸ-ਨਹਿਸ ਕੀਤੇ ਗਏ। ਗਮਾਡਾ ਨੇ ਲੋਹੇ ਦੀਆਂ ਗਰਿੱਲਾਂ ਵੀ ਤੋੜ ਦਿੱਤੀਆਂ। ਜਿਸ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਮਨਪ੍ਰੀਤ ਕੌਰ, ਦਵਿੰਦਰ ਕੌਰ, ਸ਼ਹਿਨਾਜ਼ ਅਤੇ ਹੋਰਨਾਂ ਵਿਅਕਤੀਆਂ ਨੇ ਗਮਾਡਾ ਦੀ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਘਰਾਂ ਦੇ ਪਿੱਛੇ ਸੜਕ ਨਾਲ ਲਗਦੀ ਖਾਲੀ ਥਾਂ ਵਿੱਚ ਫੁੱਲ-ਬੂਟੇ ਲਗਾ ਕੇ ਗਰੀਨ ਬੈਲਟ ਬਣਾਈ ਗਈ ਸੀ ਅਤੇ ਪਸ਼ੂਆਂ ਤੋਂ ਬਚਾਅ ਲਈ ਲੋਹੇ ਦੀਆਂ ਗਰਿੱਲਾਂ ਲਗਾਈਆਂ ਗਈਆਂ ਸਨ।
ਪੀੜਤ ਲੋਕਾਂ ਨੇ ਦੱਸਿਆ ਕਿ ਗਮਾਡਾ ਨੇ ਇਹ ਕਾਰਵਾਈ ਕਰਨ ਤੋਂ ਪਹਿਲਾਂ ਸਬੰਧਤ ਵਿਅਕਤੀਆਂ ਨੂੰ ਕੋਈ ਆਗਾਊਂ ਨੋਟਿਸ ਵੀ ਨਹੀਂ ਦਿੱਤਾ ਗਿਆ। ਲੋਕਾਂ ਦੇ ਦੱਸਣ ਅਨੁਸਾਰ ਜਦੋਂ ਗਮਾਡਾ ਦੀ ਟੀਮ ਤੋੜ-ਫੋੜ ਕਰਨ ਪਹੁੰਚੀ ਤਾਂ ਸਥਾਨਕ ਲੋਕਾਂ ਨੇ ਫੁੱਲ-ਬੂਟੇ ਅਤੇ ਗਮਲੇ ਚੁੱਕਣ ਅਤੇ ਗਰਿੱਲਾਂ ਖ਼ੁਦ ਪਾਸੇ ਹਟਾਉਣ ਦੀ ਅਪੀਲ ਕੀਤੀ ਗਈ ਲੇਕਿਨ ਗਮਾਡਾ ਟੀਮ ਨੇ ਲੋਕਾਂ ਦੀ ਇੱਕ ਨਹੀਂ ਸੁਣੀ ਅਤੇ ਫੋਰਟਿਸ ਹਸਪਤਾਲ ਦੇ ਪਿੱਛੇ ਅਤੇ ਵਣ ਭਵਨ ਦੇ ਸਾਹਮਣੇ ਵਾਲੀਆਂ ਕੋਠੀਆਂ ਦੇ ਪਿੱਛੇ ਪੀਲਾ ਪੰਜਾ ਚਲਾ ਕੇ ਸਾਰਾ ਕੁੱਝ ਤਹਿਸ-ਨਹਿਸ ਕਰ ਦਿੱਤਾ।
ਉਧਰ, ਗਮਾਡਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਨੇ ਆਪਣੇ ਘਰਾਂ ਦੇ ਪਿੱਛੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਸਨ। ਉੱਪਰੋਂ ਆਦੇਸ਼ ਮਿਲਣ ’ਤੇ ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਇਸ ਸਬੰਧੀ ਜਦੋਂ ਲੋਕਾਂ ਨੇ ਇਤਰਾਜ਼ ਕੀਤਾ ਤਾਂ ਗਮਾਡਾ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਬੰਧਤ ਵਿਅਕਤੀਆਂ ਨੂੰ ਕਈ ਵਾਰ ਨੋਟਿਸ ਦਿੱਤੇ ਜਾ ਚੁੱਕੇ ਹਨ ਅਤੇ 20 ਕੁ ਦਿਨ ਪਹਿਲਾਂ ਵੀ ਨੋਟਿਸ ਭੇਜੇ ਗਏ ਸਨ।
ਇਲਾਕੇ ਦੇ ਕੌਂਸਲਰ ਕੰਵਲਪ੍ਰੀਤ ਸਿੰਘ ਬੰਨੀ ਨੇ ਵੀ ਘਰਾਂ ਦੇ ਪਿੱਛੇ ਗਰਿੱਲਾਂ ਤੋੜਨ ਸਬੰਧੀ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਗਮਾਡਾ ਨੂੰ ਇਹ ਕਾਰਵਾਈ ਕਰਨ ਤੋਂ ਪਹਿਲਾਂ ਸਬੰਧਤ ਘਰਾਂ ਨੂੰ ਨੋਟਿਸ ਦੇਣਾ ਚਾਹੀਦਾ ਸੀ ਪ੍ਰੰਤੂ ਗਮਾਡਾ ਨੇ ਬਿਨਾਂ ਨੋਟਿਸ ਦਿੱਤੇ ਗਰੀਨ ਬੈਲਟ ਤਹਿਸ-ਨਹਿਸ ਕਰ ਦਿੱਤੀ। ਜਿਸ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।