
ਗਮਾਡਾ ਨੇ ਆਮ ਲੋਕਾਂ ਲਈ ਮੁੜ ਖੋਲ੍ਹੇ ਖੇਡ ਸਟੇਡੀਅਮਾਂ ਦੇ ਬੂਹੇ
ਕਰੋਨਾ ਮਹਾਮਾਰੀ ਕਾਰਨ 3 ਸਾਲ ਤੋਂ ਬੰਦ ਪਏ ਸੀ ਸਾਰੇ ਖੇਡ ਸਟੇਡੀਅਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਸ਼ਹਿਰ ਵਾਸੀਆਂ ਦੀ ਚਿਰਕੌਣੀ ਮੰਗ ਨੂੰ ਪੂਰਾ ਕਰਦਿਆਂ ਵੱਖ-ਵੱਖ ਫੇਜ਼ਾਂ ਅਤੇ ਸੈਕਟਰਾਂ ਵਿੱਚ ਬਣਾਏ ਗਏ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸਾਰੇ ਖੇਡ ਸਟੇਡੀਅਮ ਆਮ ਲੋਕਾਂ ਦੀ ਵਰਤੋਂ ਲਈ ਮੁੜ ਖੋਲ੍ਹ ਦਿੱਤੇ ਹਨ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਦੱਸਿਆ ਕਿ ਇਹ ਖੇਡ ਸਟੇਡੀਅਮ ਕੋਵਿਡ-19 ਦੇ ਚੱਲਦਿਆਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਲ 2020 ਵਿੱਚ ਬੰਦ ਕਰ ਦਿੱਤੇ ਗਏ ਸਨ ਅਤੇ ਇਨ੍ਹਾਂ ਦੀ ਮੁਰੰਮਤ ਵੀ ਲੋੜੀਂਦੀ ਸੀ, ਜੋ ਹੁਣ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਡ ਸਟੇਡੀਅਮਾਂ ਦੇ ਨਵੀਨੀਕਰਨ ਤੋਂ ਬਾਅਦ ਅੱਜ ਤੋਂ ਲੋਕਾਂ ਲਈ ਖੋਲ੍ਹ ਦਿੱਤੇ ਹਨ।
ਸ੍ਰੀ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਖੇਡ ਸਟੇਡੀਅਮਾਂ ਵਿੱਚ ਬੈਡਮਿੰਟਨ, ਤੈਰਾਕੀ, ਸਕੇਟਿੰਗ, ਬਾਸਕਟਬਾਲ ਅਤੇ ਹੋਰ ਬਹੁਤ ਸਾਰੀਆਂ ਖੇਡ ਗਤੀਵਿਧੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸ਼ਹਿਰ ਵਾਸੀ ਸੈਕਟਰ-56, ਸੈਕਟਰ-59, ਸੈਕਟਰ-61, ਸੈਕਟਰ-65 ਅਤੇ ਸੈਕਟਰ-71 ਵਿੱਚ ਸਥਿਤ ਖੇਡ ਸਟੇਡੀਅਮ ਵਿੱਚ ਜਾ ਸਕਦੇ ਹਨ। ਮੁੱਖ ਪ੍ਰਸ਼ਾਸਕ ਨੇ ਇਹ ਵੀ ਖੁਲਾਸਾ ਕੀਤਾ ਕਿ ਇਨ੍ਹਾਂ ਖੇਡ ਸਟੇਡੀਅਮਾਂ ਵਿੱਚ ਮਹਿਲਾ ਤੇ ਪੁਰਸ਼ 24 ਕੋਚ ਤਾਇਨਾਤ ਕੀਤੇ ਗਏ ਹਨ ਜਦੋਂਕਿ 6 ਲਾਈਫ਼ ਗਾਰਡ ਅਤੇ ਹੋਰ ਸਹਾਇਕ ਸਟਾਫ਼ ਹਾਇਰ ਕੀਤਾ ਗਿਆ ਹੈ, ਜਿਸ ਦੀ ਤਾਇਨਾਤੀ ਹਰੇਕ ਸਟੇਡੀਅਮ ਦੀ ਜ਼ਰੂਰਤ ਅਨੁਸਾਰ ਕਰ ਦਿੱਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ 500 ਰੁਪਏ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਕੇ ਕਿਸੇ ਵੀ ਖੇਡ ਸਹੂਲਤ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਹੋਰ ਚਾਹਵਾਨਾਂ ਨੂੰ ਵੱਖ-ਵੱਖ ਖੇਡ ਦੇ ਹਿਸਾਬ ਨਾਲ ਫੀਸ ਅਦਾ ਕਰਨੀ ਪਵੇਗੀ ਜੋ 300 ਰੁਪਏ ਤੋਂ 1500 ਰੁਪਏ ਵਿਚਕਾਰ ਹੈ। ਖੇਡ ਕੰਪਲੈਕਸ ਤੜਕੇ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ ਦੇਰ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ।
ਸ੍ਰੀ ਗੁਪਤਾ ਨੇ ਆਮ ਲੋਕਾਂ ਨੂੰ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਖੇਡ ਸਹੂਲਤਾਂ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰਜਿਸਟ੍ਰੇਸ਼ਨ ਫਾਰਮ ਖੇਡ ਸਟੇਡੀਅਮਾਂ ਵਿੱਚ ਉਪਲਬਧ ਹਨ ਅਤੇ ਇੱਥੇ ਫ਼ੀਸ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ।