
ਗਮਾਡਾ ਘਪਲੇਬਾਜ਼ੀ: ਮੁਲਜ਼ਮ ਅੌਰਤਾਂ ਦਾ 3 ਰੋਜ਼ਾ ਅਤੇ ਪੁਰਸ਼ਾਂ ਦਾ 5 ਰੋਜ਼ਾ ਪੁਲੀਸ ਰਿਮਾਂਡ
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਨੇ ਮੀਡੀਆ ’ਚ ਉਜਾਗਰ ਕੀਤਾ ਸੀ ਪੂਰਾ ਮਾਮਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵਿੱਚ ਸਾਲ 2016 ਤੋਂ 2020 ਦਰਮਿਆਨ ਬਾਗਬਾਨੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਫ਼ਰਜ਼ੀ ਦਸਤਾਵੇਜ਼ਾਂ ਦੇ ਅਧਾਰ ’ਤੇ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦਾ ਮੁਆਵਜ਼ਾ ਲੈਣ ਦੇ ਦੋਸ਼ ਵਿੱਚ ਮਾਲ ਵਿਭਾਗ ਦੇ ਕਾਨੂੰਗੋਈ ਸਮੇਤ ਗ੍ਰਿਫ਼ਤਾਰ ਕੀਤੇ ਅੱਠ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਸ਼ਮਨ ਜਿੰਦਲ ਅਤੇ ਪ੍ਰਵੀਨ ਲਤਾ ਦੋਵੇਂ ਵਾਸੀ ਮਾਡਲ ਟਾਊਨ ਬਠਿੰਡਾ ਨੂੰ ਤਿੰਨ ਦਿਨ ਅਤੇ ਮੁੱਖ ਮੁਲਜ਼ਮ ਭੁਪਿੰਦਰ ਸਿੰਘ ਵਾਸੀ ਬਾਕਰਪੁਰ ਸਮੇਤ ਹਲਕਾ ਕਾਨੂੰਗੋਈ ਬਚਿੱਤਰ ਸਿੰਘ, ਮੁਕੇਸ਼ ਜਿੰਦਲ ਵਾਸੀ ਮਾਡਲ ਟਾਊਨ ਬਠਿੰਡਾ, ਵਿਸ਼ਾਲ ਭੰਡਾਰੀ ਵਾਸੀ ਚੰਡੀਗੜ੍ਹ, ਸੁਖਦੇਵ ਸਿੰਘ ਵਾਸੀ ਬਾਕਰਪੁਰ, ਬਿੰਦਰ ਸਿੰਘ ਵਾਸੀ ਸੈਕਟਰ-79 ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਵਿਜੀਲੈਂਸ ਦੀ ਜਾਂਚ ਟੀਮ ਨੇ ਮੁਹਾਲੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਉਕਤ ਮੁਲਜ਼ਮਾਂ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਸਾਰੇ ਜਣਿਆਂ ਦੇ ਖ਼ਿਲਾਫ਼ ਵਿਜੀਲੈਂਸ ਥਾਣੇ ਵਿੱਚ ਧਾਰਾ 409, 420, 465, 466, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਕਰਮਚਾਰੀ ਜਸਪ੍ਰੀਤ ਸਿੰਘ, ਵੈਸ਼ਾਲੀ, ਦਿਨੇਸ਼ ਕੁਮਾਰ, ਰਸ਼ਮੀ ਅਰੋੜਾ, ਅਨਿਲ ਅਰੋੜਾ, ਵਿਸ਼ਾਲ ਭੰਡਾਰੀ ਵੀ ਵਿਜੀਲੈਂਸ ਦੇ ਨਿਸ਼ਾਨੇ ’ਤੇ ਹਨ। ਇਨ੍ਹਾਂ ਦੀ ਭਾਲ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕੁੱਝ ਸਮਾਂ ਪਹਿਲਾਂ ਹੀ ਇਹ ਮਾਮਲਾ ਮੀਡੀਆ ਵਿੱਚ ਉਜਾਗਰ ਕੀਤਾ ਸੀ।
ਵਿਜੀਲੈਂਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਾਲ 2016 ਵਿੱਚ ਗਮਾਡਾ ਨੇ ਮੁਹਾਲੀ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਜ਼ਮੀਨ ਐਕਵਾਇਰ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਅਤੇ ਸਾਲ 2017 ਵਿੱਚ ਧਾਰਾ 4 ਅਤੇ 2020 ਵਿੱਚ ਧਾਰਾ 19 ਅਧੀਨ ਨੋਟੀਫ਼ਿਕੇਸ਼ਨ ਜਾਰੀ ਕੀਤੇ ਸਨ। ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਵਾਸੀ ਬਾਕਰਪੁਰ ਨੇ ਗਮਾਡਾ, ਮਾਲ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਆਪਣੇ ਹੋਰ ਸਾਥੀਆਂ ਅਨਿਲ ਜਿੰਦਲ, ਮੁਕੇਸ਼ ਜਿੰਦਲ, ਵਿਕਾਸ ਭੰਡਾਰੀ ਨਾਲ ਮਿਲ ਕੇ ਵਾਹੀਯੋਗ ਜ਼ਮੀਨ ਦੇ ਪਟੇਨਾਮੇ/ਮੁਖ਼ਤਿਆਰਨਾਮਾ ਲੈ ਕੇ ਅਮਰੂਦਾਂ ਦੇ ਬਾਗ ਲਗਾਏ ਗਏ। ਇਨ੍ਹਾਂ ਨੇ ਤਤਕਾਲੀ ਪਟਵਾਰੀ ਬਚਿੱਤਰ ਸਿੰਘ ਹੁਣ ਕਾਨੂੰਗੋਈ ਦੀ ਮਿਲੀਭੁਗਤ ਨਾਲ ਸਾਲ 2019 ਵਿੱਚ ਜਾਅਲੀ ਗਿਰਦਾਵਰੀ ਰਜਿਸਟਰ ਤਿਆਰ ਕਰਵਾਇਆ, ਜਿਸ ਵਿੱਚ ਉਸਨੇ 2016 ਤੋਂ ਆਪਣੀ ਜ਼ਮੀਨ ਵਿੱਚ ਅਮਰੂਦ ਦੇ ਬਾਗਾਂ ਦੇ ਮਾਲਕ ਦੱਸ ਕੇ ਗਲਤ ਤਰੀਕੇ ਨਾਲ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਗਿਆ।
ਵਿਜੀਲੈਂਸ ਅਨੁਸਾਰ ਭੁਪਿੰਦਰ ਸਿੰਘ ਨੇ ਖ਼ੁਦ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਅਮਰੂਦਾਂ ਦੇ ਬਾਗ ਲਈ ਲਗਪਗ 24 ਕਰੋੜ ਰੁਪਏ ਦਾ ਮੁਆਵਜ਼ਾ ਲਿਆ ਹੈ। ਮੁਕੇਸ਼ ਜਿੰਦਲ ਨੇ ਅਮਰੂਦਾਂ ਦੇ ਬਾਗ ਲਈ ਕਰੀਬ 20 ਕਰੋੜ ਰੁਪਏ ਦਾ ਮੁਆਵਜ਼ਾ ਲੈ ਕੇ ਸਰਕਾਰ ਨੂੰ ਚੂਨਾ ਲਾਇਆ ਹੈ। ਇਸ ਮਾਮਲੇ ਵਿੱਚ ਕਈ ਹੋਰ ਵਿਅਕਤੀਆਂ ਨੇ ਵੀ ਆਪਣੀ ਜ਼ਮੀਨ ਵਿੱਚ ਅਮਰੂਦਾਂ ਦੇ ਬਾਗ ਦਿਖਾ ਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਖੋਰਾ ਲਾਇਆ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਦੀ ਤਫ਼ਤੀਸ਼ ਹਾਲੇ ਜਾਰੀ ਹੈ।