nabaz-e-punjab.com

ਗਮਾਡਾ ਘਪਲਾ: ਅਮਰੂਦਾਂ ਦੇ ਬਾਗ ਦਾ ਮੁਆਵਜ਼ਾ ਹੜੱਪਣ ਦੇ ਦੋਸ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਨੇ ਗਲਤ ਤਰੀਕੇ ਨਾਲ ਮੁਆਵਜ਼ੇ ਵਜੋਂ 1.54 ਕਰੋੜ ਰੁਪਏ ਵਸੂਲੇ

ਮੁਹਾਲੀ ਅਦਾਲਤ ਵੱਲੋਂ ਦੋ ਮੁਲਜ਼ਮਾਂ ਦੀਆਂ ਅਗਾਊਂ ਜ਼ਮਾਨਤ ਅਰਜ਼ੀਆਂ ਮੁੱਢੋਂ ਰੱਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਪੰਜਾਬ ਵਿਜੀਲੈਂਸ ਬਿਊਰੋ ਨੇ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਵਿੱਚ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਸਬੰਧੀ ਘੁਟਾਲੇ ਦੇ ਮਾਮਲੇ ਵਿੱਚ ਮੁਲਜ਼ਮ ਸਤੀਸ਼ ਬਾਂਸਲ ਵਾਸੀ ਵਿਸ਼ਾਲ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਸਤੀਸ਼ ਬਾਂਸਲ, ਚੰਚਲ ਕੁਮਾਰ ਅਤੇ ਉਸ ਦੀ ਪਤਨੀ ਪ੍ਰਵੀਨ ਲਤਾ ਨਾਲ ‘ਅਗਰਵਾਲ ਸਟੀਲ ਇੰਡਸਟਰੀਜ਼’ ਵਿੱਚ ਭਾਈਵਾਲ ਸੀ। ਪ੍ਰਵੀਨ ਲਤਾ ਅਤੇ ਚੰਚਲ ਕੁਮਾਰ ਦਾ ਭਰਾ ਮੁਕੇਸ਼ ਜਿੰਦਲ ਦੋਵੇਂ ਜੇਲ੍ਹ ਵਿੱਚ ਬੰਦ ਹਨ।
ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਅਗਰਵਾਲ ਸਟੀਲ ਇੰਡਸਟਰੀਜ਼ ਨੇ ਮੁਲਜ਼ਮ ਸਤੀਸ਼ ਬਾਂਸਲ, ਪ੍ਰਵੀਨ ਲਤਾ ਅਤੇ ਮੁਕੇਸ਼ ਜਿੰਦਲ ਦੇ ਪਿਤਾ ਦੇਸ ਰਾਜ ਰਾਹੀਂ ਫਰਵਰੀ 2018 ਵਿੱਚ ਮੁਹਾਲੀ ਦੇ ਪਿੰਡ ਬਾਕਰਪੁਰ ਵਿੱਚ 3 ਏਕੜ ਜ਼ਮੀਨ ਬਰਾਬਰ ਹਿੱਸੇਦਾਰੀ ਨਾਲ ਖਰੀਦੀ ਸੀ। ਉਕਤ ਜ਼ਮੀਨ ਨੂੰ ਖ਼ਰੀਦਣ ਉਪਰੰਤ ਉਕਤ ਵਿਅਕਤੀਆਂ ਨੇ ਜ਼ਮੀਨ ਵਿੱਚ ਅਮਰੂਦ ਦੇ ਬੂਟੇ ਲਗਾ ਦਿੱਤੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣੂ ਸਨ ਕਿ ਇਹ ਜ਼ਮੀਨ ਗਮਾਡਾ ਵੱਲੋਂ ਐਕੁਆਇਰ ਕੀਤੀ ਜਾ ਰਹੀ ਹੈ। ਉਕਤ ਮੁਲਜ਼ਮਾਂ ਨੇ ਮਾਲ ਵਿਭਾਗ, ਬਾਗਬਾਨੀ ਵਿਭਾਗ ਅਤੇ ਗਮਾਡਾ ਦੇ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੁਆਵਜ਼ਾ ਲੈਣ ਲਈ ਇਹ ਦਿਖਾਇਆ ਗਿਆ ਕਿ ਉਨ੍ਹਾਂ ਨੇ ਸਾਲ 2016 ਵਿੱਚ ਅਮਰੂਦ ਦੇ ਬੂਟੇ ਲਗਾਏ ਗਏ ਸਨ। ਇਸ ਤਰ੍ਹਾਂ ਉਨ੍ਹਾਂ ਨੇ ਗਲਤ ਢੰਗ ਨਾਲ ਕਰੋੜਾ ਰੁਪਏ ਦਾ ਮੁਆਵਜ਼ਾ ਵਸੂਲ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਹੈ।
ਵਿਜੀਲੈਂਸ ਮੁਤਾਬਕ ਇਸ ਵੱਡੇ ਘਪਲੇ ਦੇ ਮਾਸਟਰਮਾਈਂਡ ਭੁਪਿੰਦਰ ਸਿੰਘ, ਮੁਕੇਸ਼ ਜਿੰਦਲ ਅਤੇ ਹੋਰਾਂ ਦੀ ਸਹਾਇਤਾ ਨਾਲ ਮੁਲਜ਼ਮ ਸਤੀਸ਼ ਬਾਂਸਲ ਨੇ ਆਪਣੀ 12 ਕਨਾਲ 13 ਮਰਲੇ ਜ਼ਮੀਨ ਵਿੱਚ ਲਗਾਏ ਅਮਰੂਦ ਦੇ ਪੌਦਿਆਂ ਲਈ ਦਾਅਵਾ ਪੇਸ਼ ਕਰਕੇ ਗਲਤ ਤਰੀਕੇ ਨਾਲ 1.54 ਕਰੋੜ ਰੁਪਏ ਦਾ ਮੁਆਵਜ਼ਾ ਵਸੂਲਿਆ ਗਿਆ ਜਦੋਂਕਿ ਉਸਦੀ ਫਰਮ ਦੀ ਮਲਕੀਅਤ ਅਧੀਨ ਸਿਰਫ਼ 8 ਕਨਾਲ ਹੀ ਸੀ। ਇਸ ਤੋਂ ਇਲਾਵਾ ਗਮਾਡਾ ਦੇ ਲੈਂਡ ਐਕੂਜੀਸ਼ਨ ਅਫ਼ਸਰ ਨੇ ਮੁਲਜ਼ਮ ਸਤੀਸ਼ ਬਾਂਸਲ ਸਮੇਤ ਉਪਰੋਕਤ ਜ਼ਮੀਨ ਮਾਲਕਾਂ ਨੂੰ ਜ਼ਮੀਨ/ਬਾਗ਼ ਦੇ ਸਵੈ-ਦਾਅਵੇ ਦੇ ਆਧਾਰ ’ਤੇ ਅਮਰੂਦ ਦੇ ਪੌਦਿਆਂ ਦਾ ਮੁਆਵਜ਼ਾ ਜਾਰੀ ਕੀਤਾ ਗਿਆ। ਜਦੋਂਕਿ ਜ਼ਿਆਦਾਤਰ ਜ਼ਮੀਨ ਸਾਂਝੀ ਮਲਕੀਅਤ ਅਧੀਨ ਹੈ ਅਤੇ ਸਹਿ-ਮਾਲਕਾਂ ਦਰਮਿਆਨ ਸ਼ੇਅਰਾਂ ਦੀ ਵੰਡ ਨਹੀਂ ਕੀਤੀ ਗਈ।
ਗਮਾਡਾ ਵੱਲੋਂ ਐਕਵਾਇਰ ਜ਼ਮੀਨ ਵਿੱਚ ਅਮਰੂਦਾਂ ਦੇ ਬਾਗ ਦਿਖਾ ਕੇ ਕਰੋੜਾਂ ਰੁਪਏ ਮੁਆਵਜ਼ੇ ਹਾਸਲ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਬਾਗਬਾਨੀ ਵਿਕਾਸ ਅਫ਼ਸਰ ਵੈਸ਼ਾਲੀ ਅਤੇ ਮੁਲਜ਼ਮ ਲਾਭਪਾਤਰੀ ਗੁਰਪ੍ਰੀਤ ਕੌਰ ਨੇ ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਆਪਣੇ ਵਕੀਲਾਂ ਰਾਹੀਂ ਅਗਾਊਂ ਜ਼ਮਾਨਤ ਲੈਣ ਲਈ ਵੱਖੋ-ਵੱਖ ਅਰਜ਼ੀਆਂ ਦਾਇਰ ਕੀਤੀਆਂ ਗਈਆਂ। ਅਦਾਲਤ ਨੇ ਵਿਜੀਲੈਂਸ ਦੀਆਂ ਦਲੀਲਾਂ ’ਤੇ ਗੌਰ ਕਰਦਿਆਂ ਦੋਵੇਂ ਮੁਲਜ਼ਮਾਂ ਦੀਆਂ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਮੁੱਢੋਂ ਖਾਰਜ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਭ੍ਰਿਸ਼ਟਾਚਾਰ ਵਿਰੁੱਧ ਸਮਾਜਿਕ ਲੜਾਈ ਲੜਨ ਵਾਲੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਤੱਥਾਂ ਦੇ ਆਧਾਰ ’ਤੇ ਮੀਡੀਆ ਵਿੱਚ ਇਹ ਮਾਮਲਾ ਉਜਾਗਰ ਕੀਤਾ ਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…