nabaz-e-punjab.com

ਗਮਾਡਾ ਘਪਲੇਬਾਜ਼ੀ: ਕਰੋੜਾਂ ਰੁਪਏ ਦਾ ਮੁਆਵਜ਼ਾ ਲੈਣ ਵਾਲੇ ਛੇ ਹੋਰ ਮੁਲਜ਼ਮ ਗ੍ਰਿਫ਼ਤਾਰ

ਕਰੋੜਾਂ ਦੇ ਘੁਟਾਲੇ ਵਿੱਚ ਵਿਜੀਲੈਂਸ ਹੁਣ ਤੱਕ 15 ਮੁਲਜ਼ਮਾਂ ਨੂੰ ਕਰ ਚੁੱਕੀ ਹੈ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਮੁਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਵਸਦੇ ਪਿੰਡ ਬਾਕਰਪੁਰ ਵਿੱਚ ਅਮਰੂਦਾਂ ਦੇ ਬੂਟੇ ਲਗਾ ਕੇ ਗਮਾਡਾ ਤੋਂ ਕਥਿਤ ਗੈਰ-ਕਾਨੂੰਨੀ ਮੁਆਵਜ਼ਾ ਲੈਣ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਵਿੱਚ ਤਿੰਨ ਪੁਰਸ਼ ਅਤੇ ਤਿੰਨ ਅੌਰਤਾਂ ਸ਼ਾਮਲ ਹਨ। ਵਿਜੀਲੈਂਸ ਮੁਤਾਬਕ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦੌਰਾਨ ਮੁਲਜ਼ਮਾਂ ਨੇ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਿੰਡ ਬਾਕਰਪੁਰ ਵਿੱਚ ਅਮਰੂਦਾਂ ਦੇ ਬਾਗ ਦਿਖਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਚੁੱਕਾ ਹੈ ਅਤੇ ਇਸ ਘਪਲੇ ਵਿੱਚ ਹੁਣ ਤੱਕ ਵਿਜੀਲੈਂਸ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਵਿਜੀਲੈਂਸ ਨੇ ਇਸ ਮਾਮਲੇ ਵਿੱਚ ਅੱਜ ਮੁਲਜ਼ਮ ਪੀਡੀ ਗੁਪਤਾ ਦੀ ਪਤਨੀ ਸੁਨੀਤਾ ਗੁਪਤਾ, ਉਸ ਦੇ ਬੇਟੇ ਗੌਰਵ ਕਾਂਸਲ, ਵਾਸੀ ਸੈਕਟਰ-18, ਚੰਡੀਗੜ੍ਹ ਸਮੇਤ ਪਿੰਡ ਬਾਕਰਪੁਰ ਦੇ ਵਸਨੀਕ ਗੁਰਮਿੰਦਰ ਸਿੰਘ ਅਤੇ ਹਰਮਿੰਦਰ ਸਿੰਘ, ਉਨ੍ਹਾਂ ਦੀ ਮਾਂ ਸੁਖਰਾਜ ਕੌਰ, ਦਲਜੀਤ ਸਿੰਘ ਦੀ ਵਿਧਵਾ ਅਮਰੀਕ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਪਲੇ ਦੀ ਜਾਂਚ ਦੌਰਾਨ ਵਿਜੀਲੈਂਸ ਨੇ ਮਾਲ ਵਿਭਾਗ, ਭੂਮੀ ਗ੍ਰਹਿਣ ਕੁਲੈਕਟਰ, ਗਮਾਡਾ, ਸਬ-ਰਜਿਸਟਰਾਰ ਮੁਹਾਲੀ, ਬਾਗਬਾਨੀ ਵਿਭਾਗ ਦੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਗਏ ਹਨ ਅਤੇ ਕਥਿਤ ਲਾਭਪਾਤਰੀਆਂ ਅਤੇ ਉਨ੍ਹਾਂ ਦੀ ਭੂਮਿਕਾ ਬਾਰੇ ਡੂੰਘਾਈ ਨਾਲ ਕੀਤੇ ਵਿਸ਼ਲੇਸ਼ਣ ਦੌਰਾਨ ਪਤਾ ਲੱਗਾ ਕਿ ਲਾਭਪਾਤਰੀਆਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਇਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਹੋਰਨਾਂ ਲਾਭਪਾਤਰੀਆਂ ਦੀ ਭਾਲ ਵਿੱਚ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।
ਵਿਜੀਲੈਂਸ ਅਨੁਸਾਰ ਮੁਲਜ਼ਮ ਪੀਡੀ ਗੁਪਤਾ, ਉਸ ਦੀ ਪਤਨੀ ਸੁਨੀਤਾ ਗੁਪਤਾ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਗੌਰਵ ਕਾਂਸਲ ਅਤੇ ਅਭਿਸ਼ੇਕ ਕਾਂਸਲ ਨੇ ਸਾਲ 2018 ਵਿਚ ਪਿੰਡ ਬਾਕਰਪੁਰ ਵਿਚ ਇੱਕ ਏਕੜ ਸਾਂਝੀ ਜ਼ਮੀਨ ਖਰੀਦੀ ਸੀ। ਜ਼ਮੀਨ ਪ੍ਰਾਪਤੀ ਪ੍ਰਕਿਰਿਆ ਦੌਰਾਨ ਉਨ੍ਹਾਂ ਨੇ ਧੋਖੇ ਨਾਲ ਉਕਤ ਜ਼ਮੀਨ ਵਿੱਚ 2016 ਤੋਂ ਅਮਰੂਦ ਦਾ ਬਾਗ ਲਗਾਉਣ ਦਾ ਝੂਠਾ ਦਾਅਵਾ ਕਰਕੇ ਇੱਕ ਕਰੋੜ ਮੁਆਵਜ਼ਾ ਪ੍ਰਾਪਤ ਕੀਤਾ ਗਿਆ। ਇੰਜ ਹੀ ਪਿੰਡ ਬਾਕਰਪੁਰ ਦੇ ਵਸਨੀਕ ਅਮਰ ਸਿੰਘ ਦੇ ਦੋਵੇਂ ਪੁੱਤਰ ਗੁਰਮਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਮਾਂ ਸੁਖਰਾਜ ਕੌਰ ਨੇ ਵੀ ਧੋਖਾਦੇਹੀ ਨਾਲ ਮਾਲ ਅਤੇ ਬਾਗਬਾਨੀ ਵਿਭਾਗਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ 1.84 ਕਰੋੜ ਰੁਪਏ ਪ੍ਰਤੀ ਮੈਂਬਰ ਮੁਆਵਜ਼ੇ ਹਾਸਲ ਕੀਤਾ ਗਿਆ।
ਵਿਜੀਲੈਂਸ ਅਨੁਸਾਰ ਦਲਜੀਤ ਸਿੰਘ ਬਾਕਰਪੁਰ ਦੀ ਵਿਧਵਾ ਅਮਰੀਕ ਕੌਰ ਅਤੇ ਉਸ ਦੇ ਬੇਟੇ ਵਰਿੰਦਰ ਸਿੰਘ ਨੇ ਕਥਿਤ ਤੌਰ ’ਤੇ 1.25 ਲੱਖ ਰੁਪਏ ਪ੍ਰਤੀ ਮੈਂਬਰ ਗਲਤ ਮੁਆਵਜ਼ਾ ਲਿਆ ਹੈ। ਅਮਰੀਕ ਕੌਰ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…