ਆਮ ਲੋਕਾਂ ਦੀ ਭਲਾਈ ਤੇ ਬਿਹਤਰੀ ਲਈ ਲੰਬਿਤ ਮਸਲੇ ਹੱਲ ਕਰੇ ਗਮਾਡਾ: ਹਰਪ੍ਰੀਤ ਡਡਵਾਲ

ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਸੌਂਪਿਆਂ ਮੰਗ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 19 ਜਨਵਰੀ:
ਮੁਹਾਲੀ ਪ੍ਰਾਪਰਟੀ ਕੰਸਲਅਟੈਂਟ ਐਸੋਸੀਏਸ਼ਨ (ਐਮਪੀਸੀਏ) ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਦੀ ਅਗਵਾਈ ਹੇਠ ਸੰਸਥਾ ਦੇ ਅਹੁਦੇਦਾਰਾਂ ਦੇ ਇੱਕ ਵਫ਼ਦ ਨੇ ਅੱਜ ਗਮਾਡਾ ਵਿੱਚ ਲਗਾਏ ਗਏ ਜਨਤਾ ਦਰਬਾਰ ਦੌਰਾਨ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੂੰ ਮਿਲ ਕੇ ਮੰਗ ਕੀਤੀ ਕਿ ਸ਼ਹਿਰ ਵਾਸੀਆਂ ਦੀ ਭਲਾਈ ਅਤੇ ਬਿਹਤਰੀ ਨਾਲ ਜੁੜੇ ਮੁੱਦਿਆਂ ਦਾ ਫੌਰੀ ਹੱਲ ਕੀਤਾ ਜਾਵੇ। ਉਨ੍ਹਾਂ ਮੁੱਖ ਪ੍ਰਸ਼ਾਸਕ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ’ਤੇ ਸ਼ਹਿਰ ਵਾਸੀਆਂ ਦੀ ਭਲਾਈ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਮੰਗ ਪੱਤਰ ਦਿੱਤੇ ਜਾਂਦੇ ਰਹੇ ਹਨ। ਜਿਨ੍ਹਾਂ ਵਿੱਚ ਗਮਾਡਾ ਦੀਆਂ ਮੌਜੂਦਾ ਪਾਲਸੀਆਂ ਨੂੰ ਲੈ ਕੇ ਲੋਕਾਂ ਨੂੰ ਹੁੰਦੀ ਪ੍ਰੇਸ਼ਾਨੀ ਨੂੰ ਹੱਲ ਕਰਨ, ਸੈਕਟਰ-76 ਤੋਂ 80 ਦੇ ਪਲਾਟਾਂ ਦੀ ਕੀਮਤ ਵਿੱਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ, ਲੈਂਡ-ਪੂਲਿੰਗ ਦੇ ਪਲਾਟਾਂ ਦੀ ਮਲਕੀਅਤ ਬਦਲਣ ਵੇਲੇ ਪੀਐਲਸੀ ਚਾਰਜ ਲੈਣ ਦਾ ਫੈਸਲਾ ਵਾਪਸ ਲੈਣ, ਸਰਕਾਰੀ ਕੰਮ ਲਈ ਗਮਾਡਾ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਨ, ਪਲਾਟਾਂ ਦੀ ਟਰਾਂਸਫ਼ਰ, ਐਕਸਟੈਂਸ਼ਨ ਅਤੇ ਕੰਪਾਉਂਡਿੰਗ ਫੀਸ ਵਿੱਚ ਕੀਤੇ ਗੈਰ-ਜ਼ਰੂਰੀ ਅਤੇ ਭਾਰੀ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾਂਦੀ ਰਹੀ ਹੈ।
ਸ੍ਰੀ ਡਡਵਾਲ ਨੇ ਮੰਗ ਕੀਤੀ ਕਿ ਮੁਹਾਲੀ ਸ਼ਹਿਰ ਦੀ ਉਸਾਰੀ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਸ਼ਹਿਰ ਦੇ ਪ੍ਰਾਪਰਟੀ ਸਲਾਹਕਾਰਾਂ ਨੂੰ ਜ਼ਮੀਨ ਜਾਇਦਾਦ ਦੇ ਸੌਦਿਆਂ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਵੀ ਸਮੇਂ ਸਮੇਂ ’ਤੇ ਮੰਗ ਪੱਤਰ ਦਿੱਤੇ ਜਾਂਦੇ ਰਹੇ ਹਨ ਪ੍ਰੰਤੂ ਗਮਾਡਾ ਵੱਲੋਂ ਹੁਣ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਾਰਿਆਂ ਮਸਲਿਆਂ ਨੂੰ ਹੱਲ ਕੀਤਾ ਜਾਵੇ ਅਤੇ ਹਰ ਦੋ ਮਹੀਨੇ ਬਾਅਦ ਅਜਿਹੇ ਜਨਤਾ ਦਰਬਾਰ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਪੂਰਾ ਫਾਇਦਾ ਮਿਲ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਨਤਾ ਦਰਬਾਰ ਦੌਰਾਨ ਗਮਾਡਾ ਵੱਲੋਂ ਹੱਲ ਕੀਤੇ ਮਸਲਿਆਂ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇ। ਇਸ ਮੌਕੇ ਸਰਪ੍ਰਸਤ ਹਰਜਿੰਦਰ ਸਿੰਘ ਧਵਨ, ਸੀਨੀਅਰ ਮੀਤ ਪ੍ਰਧਾਨ ਅਮਿਤ ਮਰਵਾਹਾ, ਕੈਸ਼ੀਅਰ ਹਰਪ੍ਰੀਤ ਸਿੰਘ ਲਹਿਲ, ਜਥੇਬੰਧਕ ਸਕੱਤਰ ਅਪਾਰਕੀਰਤ ਸਿੰਘ ਸੋਢੀ ਅਤੇ ਹੋਰ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …