
ਐਨਓਸੀ ਲਈ ਅਪਲਾਈ ਕਰਨ ਵੇਲੇ ਖਰੀਦਦਾਰ ਦੀ ਮੌਜੂਦਗੀ ਦੀ ਸ਼ਰਤ ਵਾਪਸ ਲਵੇ ਗਮਾਡਾ: ਐਮਪੀਸੀਏ
ਐਨਓਸੀ ਲਈ ਖਰੀਦਦਾਰ ਦੀ ਹਾਜ਼ਰੀ ਦੀ ਸ਼ਰਤ ਬੇਤੁਕੀ: ਹਰਪ੍ਰੀਤ ਡਡਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਗਮਾਡਾ ਵੱਲੋਂ ਜਾਇਦਾਦ ਮਾਲਕਾਂ ਵੱਲੋਂ ਐਨਓਸੀ ਵਾਸਤੇ ਅਪਲਾਈ ਕਰਨ ਵੇਲੇ ਫਾਈਲ ਦਾਖ਼ਲ ਕਰਨ ਵੇਲੇ ਖਿੱਚੀ ਜਾਣ ਵਾਲੀ ਫੋਟੋ ਵਿੱਚ ਖਰੀਦਦਾਰ ਦੀ ਫੋਟੋ ਜ਼ਰੂਰੀ ਕੀਤੇ ਜਾਣ ਦੀ ਕਾਰਵਾਈ ਦਾ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਆਗੂਆਂ ਨੇ ਵਿਰੋਧ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਇਸ ਸ਼ਰਤ ਨੂੰ ਤੁਰੰਤ ਵਾਪਸ ਲਿਆ ਜਾਵੇ।
ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਐਮਪੀਸੀਏ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ, ਸਾਬਕਾ ਪ੍ਰਧਾਨ ਡੀਐਸ ਬੈਨੀਪਾਲ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਗਮਾਡਾ ਵੱਲੋਂ ਐਨਓਸੀ ਲੈਣ ਵੇਲੇ ਇਹ ਨਵੀਂ ਸ਼ਰਤ ਲਗਾ ਦਿੱਤੀ ਗਈ ਹੈ ਕਿ ਐਨਓਸੀ ਦੀ ਫਾਈਲ ਜਮ੍ਹਾਂ ਕਰਵਾਉਣ ਵੇਲੇ ਜਾਇਦਾਦ ਮਾਲਕ ਦੇ ਨਾਲ ਖਰੀਦਦਾਰ ਵੀ ਹਾਜ਼ਰ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਗਮਾਡਾ ਵਿੱਚ ਫਾਈਲ ਜਮ੍ਹਾਂ ਹੁੰਦੀ ਹੈ ਉਸ ਵੇਲੇ ਅਪਲਾਈ ਕਰਨ ਵਾਲੇ ਦੀ ਫੋਟੋ ਖਿੱਚੀ ਜਾਂਦੀ ਹੈ ਅਤੇ ਹੁਣ ਇਹ ਸ਼ਰਤ ਲਗਾ ਦਿੱਤੀ ਗਈ ਹੈ ਕਿ ਖਰੀਦਦਾਰ ਦੀ ਵੀ ਫੋਟੋ ਨਾਲ ਖਿੱਚੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਨਵੀਂ ਸ਼ਰਤ ਨਾਲ ਗਮਾਡਾ ਵੱਲੋਂ ਜਾਇਦਾਦ ਦੇ ਖਰੀਦਦਾਰਾਂ ਲਈ ਨਵੀਂ ਸਮੱਸਿਆ ਖੜ੍ਹੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਪ੍ਰਾਪਰਟੀ ਖਰੀਦਦਾਰ ਨੇ ਦੂਰੋਂ ਜਾਂ ਬਾਹਰੋਂ ਆਉਣਾ ਹੁੰਦਾ ਹੈ ਅਤੇ ਹੁਣ ਉਸ ਨੂੰ ਪਹਿਲਾਂ ਖਰੀਦੀ ਜਾਣ ਵਾਲੀ ਪ੍ਰਾਪਰਟੀ ਦੀ ਐਨ ਓ ਸੀ ਲੈਣ ਵੇਲੇ ਆਉਣਾ ਪਵੇਗਾ ਅਤੇ ਬਾਅਦ ਵਿੱਚ ਰਜਿਸਟਰੀ ਹੋਣ ਵੇਲੇ ਦੁਬਾਰਾ ਮੁੜਨ ਆਉਣਾ ਪਵੇਗਾ। ਉਹਨਾਂ ਕਿਹਾ ਕਿ ਗਮਾਡਾ ਦੀ ਇਹ ਕਾਰਵਾਈ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਜਾਇਦਾਦ ਮਾਲਕ ਵੱਲੋਂ ਐਨਓਸੀ ਅਪਲਾਈ ਕਰਨ ਵੇਲੇ ਖਰੀਦਦਾਰ ਦੀ ਪੂਰੀ ਜਾਣਕਾਰੀ ਨਾਲ ਨੱਥੀ ਕੀਤੀ ਜਾਂਦੀ ਹੈ ਅਤੇ ਐਨਓਸੀ ਦੀ ਕਾਰਵਾੲਖੀ ਵਿੱਚ ਖਰੀਦਦਾਰ ਦਾ ਕੋਈ ਕਾਨੂੰਨੀ ਰੋਲ ਨਹੀਂ ਹੁੰਦਾ ਇਸ ਲਈ ਗਮਾਡਾ ਵੱਲੋਂ ਐਨਓਸੀ ਅਪਲਾਈ ਕਰਨ ਵੇਲੇ ਖਰੀਦਦਾਰ ਦੀ ਹਾਜਰੀ ਦੀ ਇਸ ਸ਼ਰਤ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।