
ਕੁੰਡੀ ਬੰਦ ਕਰਕੇ ਦਵਾਈ ਲੈਣ ਗਈ ਅੌਰਤ ਦਾ ਮਕਾਨ ਗਮਾਡਾ ਨੇ ਕੀਤਾ ਸੀਲ
ਢਾਈ ਸਾਲ ਦਾ ਬੱਚੇ ਦਾ ਰੋ ਕੋ ਬੂਰਾ ਹਾਲ, ਮੁਹਾਲੀ ਪੁਲੀਸ ਨੇ ਤਾਲਾ ਤੋੜ ਕੇ ਬਾਹਰ ਕੱਢਿਆ ਮਾਸੂਮ ਬੱਚਾ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਸਥਾਨਕ ਫੇਜ਼-11 ਵਿੱਚ ਬਣੇ ਗਮਾਡਾ ਦੇ ਫਲੈਟਾਂ ਵਿੱਚ ਰਹਿੰਦੀ ਇੱਕ ਮਹਿਲਾ ਗੁਰਪ੍ਰੀਤ ਕੌਰ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਹ ਦੁਪਹਿਰ ਵੇਲੇ ਆਪਣੇ ਘਰ ਦੇ ਬਾਹਰ ਕੁੰਡੀ ਲਗਾ ਕੇ ਨੇੜੇ ਦੀ ਦੁਕਾਨ ਤੋਂ ਦਵਾਈ ਲੈਣ ਗਈ ਅਤੇ ਵਾਪਸ ਪਰਤਨ ’ਤੇ ਵੇਖਿਆ ਕਿ ਉਸ ਦੇ ਘਰ ਦੇ ਬਾਹਰ ਤਾਲਾ ਲਗਾ ਕੇ ਉਸ ਦੇ ਉੱਤੇ ਬਾਕਾਇਦਾ ਸੀਲ ਲਗਾ ਦਿੱਤੀ ਗਈ ਸੀ। ਪੀੜਤ ਅੌਰਤ ਦਾ ਤਿੰਨ ਸਾਲ ਦਾ ਬੱਚਾ ਕਿਰਨਦੀਪ ਉਸ ਵੇਲੇ ਘਰ ਦੇ ਅੰਦਰ ਹੀ ਸੀ ਅਤੇ ਦਰਵਾਜੇ ’ਤੇ ਲੱਗੇ ਤਾਲੇ ਅਤੇ ਸੀਲ ਨੂੰ ਦੇਖ ਕੇ ਮਹਿਲਾ ਨੂੰ ਗਸ਼ ਪੈਂਦਾ ਪੈਂਦਾ ਮਸਾਂ ਹੀ ਬਚਿਆ।
ਸਥਾਨਕ ਫੇਜ਼-11 ਵਿੱਚ ਕੁੱਝ ਮਕਾਨ ਅਜਿਹੇ ਹਨ ਜਿਨ੍ਹਾਂ ਵਿੱਚ ਅਜਿਹੇ ਪਰਿਵਾਰਾਂ ਦਾ ਕਬਜਾ ਹੈ ਜਿਹੜੇ ਖੁਦ ਦੇ ਦੰਗਾ ਪੀੜਤ ਹੋਣ ਦਾ ਸਬੂਤ ਨਹੀਂ ਦੇ ਸਕੇ ਸੀ ਅਤੇ ਗਮਾਡਾ ਵੱਲੋੱ ਇਹਨਾਂ ਮਕਾਨਾਂ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮਕਾਨ ਵੀ ਉਸੇ ਤਰ੍ਹਾਂ ਦਾ ਹੀ ਹੈ। ਪੀੜਿਤ ਮਹਿਲਾ ਅਨੁਸਾਰ ਬਾਅਦ ਦੁਪਹਿਰ ਇੱਥੇ ਆਏ ਗਮਾਡਾ ਦੇ ਕਰਮਚਾਰੀਆਂ ਨੇ ਉਸ ਵੇਲੇ ਉਸਦੇ ਮਕਾਨ ਨੂੰ ਸੀਲ ਕਰ ਦਿਤਾ ਜਦੋਂ ਉਹ ਬਾਹਰ ਕੁੰਡੀ ਲਗਾ ਕੇ ਦਵਾਈ ਲੈਣ ਗਈ ਸੀ। ਇਸ ਸਬੰਧੀ ਸਥਾਨਕ ਵਸਨੀਕਾਂ ਵੱਲੋਂ ਪੁਲੀਸ ਕੰਟਰੋਲ ਰੂਮ ਤੇ ਸ਼ਿਕਾਇਤ ਦਿੱਤੀ ਗਈ ਅਤੇ ਬਾਅਦ ਵਿਚ ਫੇਜ਼-11 ਥਾਣੇ ਦੇ ਐਸਐਚਓ ਵੀ ਮੌਕੇ ਤੇ ਪਹੁੰਚੇ ਜਿਹਨਾਂ ਵੱਲੋਂ ਗਮਾਡਾ ਦੇ ਸਬੰਧਤ ਕਰਮਚਾਰੀ ਨਾਲ ਗੱਲ ਕਰਕੇ ਮਕਾਨ ਦੀ ਚਾਬੀ ਲਿਆਉਣ ਲਈ ਕਿਹਾ ਪ੍ਰੰਤੂ ਉਕਤ ਕਰਮਚਾਰੀ ਵੱਲੋਂ ਇਹ ਕਹਿਣ ਤੇ ਕਿ ਉਹ ਮੁਲਾਂਪੁਰ ਨੇੜੇ ਹੈ ਪੁਲੀਸ ਵੱਲੋਂ ਮਕਾਨ ਦਾ ਤਾਲਾ ਤੋੜ ਕੇ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਜਿਸ ਨਾਲ ਸਾਰਿਆਂ ਦੇ ਸਾਹ ਵਿੱਚ ਸਾਹ ਆਇਆ।
ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼-11 ਦੇ ਮੁਖੀ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਮੌਕੇ ਦੀ ਨਜਾਕਤ ਅਨੁਸਾਰ ਉਹਨਾਂ ਵੱਲੋਂ ਤਾਲਾ ਤੋੜ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ ਕਿਉਂਕਿ ਬੱਚੇ ਦੀ ਉਮਰ ਬਹੁਤ ਘੱਟ ਹੈ ਅਤੇ ਉਸਦੇ ਘਬਰਾ ਜਾਣ ਕਾਰਨ ਉਸਦਾ ਕੋਈ ਨੁਕਸਾਨ ਹੋ ਸਕਦਾ ਸੀ। ਇਹ ਪੁੱਛਣ ਤੇ ਕਿ ਪੁਲੀਸ ਇਸ ਤਰੀਕੇ ਨਾਲ ਬੱਚੇ ਨੂੰ ਬੰਦ ਕਰਨ ਵਾਲੇ ਗਮਾਡਾ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰੇਗੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪੁੱਛਣ ’ਤੇ ਗਮਾਡਾ ਦੇ ਕਰਮਚਾਰੀ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਮਕਾਨ ਸੀਲ ਕੀਤਾ ਗਿਆ ਇਹ ਮਕਾਨ ਖਾਲੀ ਸੀ ਅਤੇ ਇਸ ਦੇ ਨਾਲ ਵਾਲਾ ਮਕਾਨ ਇਸ ਅੰਦਰੋਂ ਜੁੜਿਆ ਹੋਣ ਕਾਰਨ ਵਸਨੀਕਾਂ ਵੱਲੋਂ ਗਮਾਡਾ ਤੇ ਦਬਾਉ ਪਾਉਣ ਲਈ ਬੱਚੇ ਨੂੰ ਖੁਦ ਹੀ ਬੰਦ ਕੀਤਾ ਹੋਣਾ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।