ਸਕੂਲਾਂ ਵਿੱਚ ਗਾਂਧੀ ਜੈਅੰਤੀ ਮਨਾਈ, ਜਾਗਰੂਕਤਾ ਰੈਲੀ ਕੱਢੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿਖੇ ਗਾਂਧੀ ਜੈਅੰਤੀ ਨੂੰ ਸਮਰਪਿਤ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਸ਼ਟਰਪਿਤਾ ਦੇ ਸੱਚ ਅਤੇ ਅਹਿੰਸਾ ’ਤੇ ਆਧਾਰਿਤ ਜੀਵਨ ਦੇ ਸੰਘਰਸ਼ਾਂ ਨੂੰ ਭਾਸ਼ਣ, ਕਵਿਤਾ ਅਤੇ ਨਾਟਕ ਰਾਹੀਂ ਬਹੁਤ ਹੀ ਸੁਚੱਜੇ ਢੰਗ ਨਾਲ ਦਰਸਾਇਆ ਗਿਆ। ਨਾਟਕ ਰਾਹੀਂ ਦਾਂਡੀ ਮਾਰਚ, ਸੱਤਿਆਗ੍ਰਹਿ ਅੰਦੋਲਨ, ਵਿਦੇਸ਼ੀ ਵਸਤਾਂ ਦਾ ਬਾਈਕਾਟ ਦਾ ਜ਼ਿਕਰ ਕੀਤਾ। ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਬਾਰੇ ਲਘੂ ਨਾਟਕ ਰਾਹੀਂ ਪਲਾਸਟਿਕ ਦੀ ਦੁਰਵਰਤੋਂ ਬਾਰੇ ਦੱਸਿਆ ਅਤੇ ਸਮਾਜ ਤੇ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਪ੍ਰਣ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ। ਜਿਸ ਵਿੱਚ ਬੈਨਰਾਂ ਅਤੇ ਨਾਅਰਿਆਂ ਰਾਹੀਂ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ।
ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਗਾਂਧੀ ਜੈਅੰਤੀ ਆਪਣੇ ਜੀਵਨ ਵਿੱਚ ਸਚਾਈ ਅਤੇ ਅਹਿੰਸਾ ਨੂੰ ਅਪਣਾਉਣ ਦਾ ਸੰਦੇਸ਼ ਦਿੰਦੀ ਹੈ। ਜਿਸ ਤਰ੍ਹਾਂ ਗਾਂਧੀ ਨੇ ਸੱਚ ਅਤੇ ਅਹਿੰਸਾ ਦਾ ਮਾਰਗ ਅਪਣਾ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਇਸੇ ਤਰ੍ਹਾਂ ਸਾਡਾ ਸਾਰਿਆਂ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਹਿੰਸਾ ਦਾ ਤਿਆਗ ਕਰਕੇ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ ਜਾਵੇ। ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਸਿਹਤਮੰਦ ਭਾਰਤ ਦੇ ਨਿਰਮਾਣ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਪਲਾਸਟਿਕ ਦੀ ਵਰਤੋਂ ਨਾ ਕਰਨ ’ਤੇ ਜ਼ੋਰ ਦਿੱਤਾ।

ਉਧਰ, ਗੋਲਡਨ ਬੈਲਜ਼ ਪਬਲਿਕ ਸਕੂਲ ਸੈਕਟਰ-77 ਵਿੱਚ ਵੀ ਵਿਦਿਆਰਥੀਆਂ ਨੇ ਗਾਂਧੀ ਜੈਅੰਤੀ ਮਨਾਈ। ਛੋਟੇ ਬੱਚਿਆਂ ਨੇ ਮਹਾਤਮਾ ਗਾਂਧੀ ਦੀ ਪੁਸ਼ਾਕ ਪਹਿਨੀ ਅਤੇ ਕਈ ਵਿਦਿਆਰਥੀਆਂ ਨੇ ਇੰਦਰਾ ਗਾਂਧੀ, ਭਗਤ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੀ ਨੁਮਾਇੰਦਗੀ ਕੀਤੀ। ਬੱਚਿਆਂ ਨੇ ਆਪਣੇ ਭਾਸ਼ਣਾਂ ਅਤੇ ਹਵਾਲਿਆਂ ਰਾਹੀਂ ਗਾਂਧੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਰਨਲ (ਸੇਵਾਮੁਕਤ) ਸੀਐਸ ਬਾਵਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਦੀ ਹੌਸਲਾ ਅਫਜ਼ਾਈ ਕੀਤੀ।

Load More Related Articles

Check Also

Majitha Hooch Tragedy: Swift Government Action — All 10 Accused Arrested Within 6 Hours

Majitha Hooch Tragedy: Swift Government Action — All 10 Accused Arrested Within 6 Hours CM…