Share on Facebook Share on Twitter Share on Google+ Share on Pinterest Share on Linkedin ਸੁਪਾਰੀ ਲੈ ਕੇ ਕਤਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਸਾਬਕਾ ਫੌਜੀ ਸਣੇ ਤਿੰਨ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ: ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਸੁਪਾਰੀ ਲੈ ਕੇ ਕਤਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਚਿੱਟੇ ਰੰਗ ਦੀ ਪੋਲੋ ਕਾਰ ਵੀ ਬਰਾਮਦ ਕਰ ਲਈ ਹੈ। ਇਹ ਜਾਣਕਾਰੀ ਅੱਜ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੀ 7 ਜਨਵਰੀ ਦੀ ਰਾਤ ਨੂੰ ਕਰੀਬ ਸਵਾ ਵਜੇ ਤਿੰਨ ਅਣਪਛਾਤੇ ਨਕਾਬਪੋਸ਼ ਨੌਜਵਾਨ ਪੋਲੋ ਕਾਰ ਵਿੱਚ ਸਵਾਰ ਹੋ ਕੇ ਅਵਧ ਰੈਸਟੋਰੈਂਟ ਖਰੜ ਦੇ ਬਾਹਰ ਪਹੁੰਚੇ, ਜਿੱਥੇ ਉਹ ਕਾਰ ਵਿੱਚ ਬੈਠੇ ਕਮੇਸ਼ ਕੁਮਾਰ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ। ਇਸ ਸਬੰਧੀ ਖਰੜ ਸਦਰ ਥਾਣੇ ਵਿੱਚ ਧਾਰਾ 307, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਬਾਅਦ ਵਿੱਚ 302 ਦੇ ਜੁਰਮ ਦਾ ਵਾਧਾ ਕੀਤਾ ਗਿਆ। ਐੱਸਐੱਸਪੀ ਗਰਗ ਨੇ ਦੱਸਿਆ ਕਿ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰਦਿਆਂ ਮੁਲਜ਼ਮ ਰਣਜੀਤ ਸਿੰਘ ਉਰਫ਼ ਜੀਤਾ ਫੌਜੀ (ਸਾਬਕਾ ਫੌਜੀ) ਵਾਸੀ ਪਿੰਡ ਡਾਲੋਵਾਲ (ਹੁਸ਼ਿਆਰਪੁਰ), ਮਨਜੀਤ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਖੜਕ ਬੱਲੜਾ (ਹੁਸ਼ਿਆਰਪੁਰ) ਅਤੇ ਨਵੀਨ ਸ਼ਰਮਾ ਉਰਫ਼ ਨਵੀਂ ਪੰਡਿਤ ਵਾਸੀ ਪਿੰਡ ਬੇਗਪੁਰ ਕਮਲੂਹ (ਹੁਸ਼ਿਆਰਪੁਰ) ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ .32 ਬੋਰ ਦਾ ਰਿਵਾਲਵਰ, ਦੋ ਜ਼ਿੰਦਾ ਕਾਰਤੂਸ ਅਤੇ ਤਿੰਨ ਚਲੇ ਹੋਏ ਖਾਲੀ ਰੌਂਦ ਅਤੇ ਵਾਰਦਾਤ ਵਿੰਚ ਵਰਤੀ ਗਈ ਪੋਲੋ ਕਾਰ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਵੱਲੋਂ ਕਰੀਬ ਤਿੰਨ ਵਾਰ ਪਹਿਲਾਂ ਮ੍ਰਿਤਕ ਕਮੇਸ਼ ਕੁਮਾਰ ਦੇ ਘਰ ਅਤੇ ਕਾਰ ਦੀ ਰੈਕੀ ਕੀਤੀ ਸੀ। ਇਸ ਮਗਰੋਂ 7 ਜਨਵਰੀ ਨੂੰ ਸਵੇਰੇ ਤੜਕੇ 4 ਵਜੇ ਕਮੇਸ਼ ਕੁਮਾਰ ਦੇ ਘਰ ਦੇ ਬਾਹਰ ਖੜੀ ਕਾਰ ਵਿੱਚ ਜੀਪੀਐਸ ਸਿਸਟਮ ਲਗਾ ਦਿੱਤਾ। ਉਸੇ ਦਿਨ ਕਮੇਸ਼ ਕੁਮਾਰ ਆਪਣੇ ਪਰਿਵਾਰ ਨਾਲ ਅੰਬਾਲਾ ਚਲਾ ਗਿਆ ਅਤੇ ਮੁਲਜ਼ਮਾਂ ਨੇ ਵੀ ਆਪਣੀ ਕਾਰ ’ਤੇ ਜਾਅਲੀ ਨੰਬਰ ਲਗਾ ਕੇ ਉਸ ਦਾ ਪਿੱਛਾ ਕੀਤਾ ਗਿਆ। ਪ੍ਰੰਤੂ ਮੁਲਜ਼ਮ ਅੰਬਾਲਾ ਵਿੱਚ ਕਾਰਵਾਈ ਨੂੰ ਅੰਜਾਮ ਨਹੀਂ ਦੇ ਸਕੇ। ਇਸ ਉਪਰੰਤ ਰਾਤ ਸਮੇਂ ਮ੍ਰਿਤਕ ਕਮੇਸ਼ ਕੁਮਾਰ ਪਰਿਵਾਰ ਨੂੰ ਘਰ ਛਡ ਕੇ ਆਪਣੇ ਜੀਜਾ ਨਾਲ ਅਵਧ ਰੈਸਟੋਰੈਂਟ ਖਰੜ ਤੋਂ ਖਾਣਾ ਲੈਣ ਲਈ ਗਿਆ ਤਾਂ ਮੁਲਜ਼ਮਾਂ ਨੇ ਹਨੇਰੇ ਦਾ ਲਾਭ ਲੈਂਦੇ ਹੋਏ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਮ੍ਰਿਤਕ ਦੀ ਸਵਿਫ਼ਟ ਕਾਰ ਵਿੱਚ ਫਿੱਟ ਕੀਤੇ ਜੀਪੀਐਸ ਸਿਸਟਮ ਨੂੰ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਏ। ਐੱਸਐੱਸਪੀ ਨੇ ਦੱਸਿਆ ਕਿ ਮ੍ਰਿਤਕ ਕਮੇਸ਼ ਕੁਮਾਰ ਦੀ ਭੈਣ ਨਿਸ਼ਾ ਦਾ ਆਪਣੇ ਪਤੀ ਹਰਜਿੰਦਰ ਸਿੰਘ ਨਾਲ ਲੜਾਈ ਝਗੜਾ ਰਹਿੰਦਾ ਸੀ, ਜੋ ਵਿਦੇਸ਼ ਇਟਲੀ ਵਿਖੇ ਰਹਿੰਦੇ ਹਨ। ਹਰਜਿੰਦਰ ਦਾ ਭਰਾ ਹਰਵਿੰਦਰ ਸਿੰਘ ਉਰਫ਼ ਬਿੱਟੂ ਜੋ ਵੀ ਵਿਦੇਸ਼ ਵਿੱਚ ਰਹਿੰਦਾ ਹੈ, ਰਣਜੀਤ ਸਿੰਘ ਉਰਫ਼ ਜੀਤਾ ਫੌਜੀ ਦਾ ਦੋਸਤ ਸੀ। ਉਸ ਨੇ ਜੀਤਾ ਫੌਜੀ ਨੂੰ ਕਿਹਾ ਸੀ ਕਿ ਨਿਸ਼ਾ ਨੇ ਸਾਡਾ ਇਟਲੀ ਵਿੱਚ ਜਿਉਣਾ ਦੁੱਭਰ ਕੀਤਾ ਹੋਇਆ ਹੈ ਅਤੇ ਸਾਡੇ ਖ਼ਿਲਾਫ਼ ਇਟਲੀ ਵਿੱਚ ਪੁਲੀਸ ਨੂੰ ਸ਼ਿਕਾਇਤਾਂ ਕਰਕੇ ਪਰਚੇ ਦਰਜ ਕਰਵਾਏ ਹੋਏ ਹਨ ਅਤੇ ਇਹ ਸਾਰਾ ਕੰਮ ਖਰੜ ਵਿੱਚ ਰਹਿੰਦਾ ਉਸ ਦਾ ਭਰਾ ਕਮੇਸ਼ ਕੁਮਾਰ ਕਰਵਾ ਰਿਹਾ ਹੈ। ਜੇਕਰ ਉਹ ਇਹ ਕੰਡਾ ਕੱਢ ਦੇਵੇ ਤਾਂ ਇਸ ਬਦਲੇ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਟਲੀ ਵਿੱਚ ਸੈਟ ਕਰਵਾ ਦੇਵਾਂਗੇ ਅਤੇ ਉਹ ਕਿਸੇ ਨੂੰ ਵੀ 20/30 ਲੱਖ ਰੁਪਏ ਸੁਪਾਰੀ ਦੇਣਾ ਚਾਹੇ ਤਾਂ ਦੇਵੇ। ਇਸ ਤਰ੍ਹਾਂ ਸਾਬਕਾ ਫੌਜੀ ਨੇ ਆਪਣੇ ਦੋਸਤ ਹਰਵਿੰਦਰ ਸਿੰਘ ਉਰਫ਼ ਬਿੱਟੂ ਨੂੰ ਇਹ ਕੰਮ ਕਰਨ ਦੀ ਹਾਮੀ ਭਰ ਦਿੱਤੀ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ