nabaz-e-punjab.com

ਓਐਲ ਐਕਸ ਤੇ ਇਸ਼ਤਿਹਾਰ ਦੇ ਕੇ ਆਨਲਾਈਨ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ

ਠੱਗੀ ਦਾ ਸ਼ਿਕਾਰ ਹੋਏ ਬਲੌਂਗੀ ਦੇ ਵਸਨੀਕ ਸਾਗਰ ਨੇ ਪਿਛਲੇ ਸਾਲ ਕੀਤੀ ਸੀ ਖ਼ੁਦਕੁਸ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਮੁਹਾਲੀ ਪੁਲੀਸ ਦੇ ਸਾਈਬਰ ਸੈਲ ਅਤੇ ਬਲੌਂਗੀ ਪੁਲੀਸ ਨੇ ਓਐਲ ਐਕਸ ’ਤੇ ਜਾਅਲੀ ਇਸ਼ਤਿਹਾਰ ਦੇ ਕੇ ਆਨਲਾਈਨ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ ਕਰਦਿਆਂ ਦੋ ਮੁਲਜ਼ਮਾਂ ਨੂੰ ਯੂਪੀ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਫਕਰੂਦੀਨ ਅਤੇ ਸੰਦੀਪ ਉਰਫ਼ ਆਲਮ ਵਾਸੀ ਪਿੰਡ ਜੰਗਵਾਲੀ, ਜ਼ਿਲ੍ਹਾ ਮਥੁਰਾ (ਯੂਪੀ) ਵਜੋਂ ਹੋਈ ਹੈ। ਮੁਲਜ਼ਮ ਰਿਸਤੇ ਵਿੱਚ ਭਰਾ ਹਨ। ਚੇਤੇ ਰਹੇ ਇਨ੍ਹਾਂ ਵਿਅਕਤੀਆਂ ਦੀ ਠੱਗੀ ਦਾ ਸ਼ਿਕਾਰ ਹੋਏ ਬਲੌਂਗੀ ਦੇ ਵਸਨੀਕ ਸਾਗਰ ਨੇ ਕੁਝ ਸਮਾਂ ਪਹਿਲਾਂ ਆਪਣੇ ਘਰ ਵਿੱਚ ਖ਼ੁਦਕੁਸ਼ੀ ਕਰ ਲਈ ਸੀ।
ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਸਾਈਬਰ ਸੈੱਲ ਦੀ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸਾਗਰ ਬਲੌਂਗੀ ਨੇ ਓਐਲ ਐਕਸ ’ਤੇ ਵੀਵੋ ਮੋਬਾਈਲ ਦਾ ਇਕ ਇਸ਼ਤਿਹਾਰ ਦੇਖਿਆ ਅਤੇ ਇਸ਼ਤਿਹਾਰ ਨਾਲ ਦਿੱਤੇ ਫੋਨ ਨੰਬਰ ’ਤੇ ਤਾਲਮੇਲ ਕੀਤਾ ਗਿਆ। ਫੋਨ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਖ਼ੁਦ ਨੂੰ ਫੌਜੀ ਜੋਰਾ ਸਿੰਘ ਦੱਸਦਿਆਂ ਆਪਣਾ ਕੰਟੀਨ ਕਾਰਡ ਅਤੇ ਆਧਾਰ ਕਾਰਡ ਦੀ ਫੋਟੋ ਖਿਚ ਕੇ ਸਾਗਰ ਨੂੰ ਭੇਜੀ ਗਈ। ਇਹ ਦਸਤਾਵੇਜ਼ ਦੇਖ ਕੇ ਪੀੜਤ ਸਾਗਰ ਨੂੰ ਉਸ ’ਤੇ ਭਰੋਸਾ ਹੋ ਗਿਆ ਅਤੇ ਇਹ ਮੋਬਾਈਲ ਖਰੀਦਣ ਲਈ ਸਾਗਰ ਨੇ ਉਕਤ ਵਿਅਕਤੀ ਦੇ ਕਹਿਣ ’ਤੇ ਸੰਦੀਪ ਕੁਮਾਰ ਦੇ ਪੇਟੀਐਮ ਖਾਤੇ ਵਿੱਚ ਪਹਿਲਾਂ 8 ਹਜ਼ਾਰ ਰੁਪਏ ਅਤੇ ਫਿਰ ਕੂਰੀਅਰ ਵਾਲੇ ਦਿਵਾਂਸ਼ੂ ਦੇ ਕਹਿਣ ’ਤੇ 4500 ਰੁਪਏ ਜਮਾਂ ਕਰਵਾਏ ਗਏ।
ਪੁਲੀਸ ਅਨੁਸਾਰ ਸਾਗਰ ਨੇ ਉਕਤ ਵਿਅਕਤੀ ਦੇ ਪੇਟੀਐਮ ਵਿੱਚ ਕੁਲ 12500 ਰੁਪਏ ਟਰਾਂਸਫਰ ਕਰਵਾਏ ਸੀ ਪ੍ਰੰਤੂ ਮੁਲਜ਼ਮ ਨੇ ਨਾ ਤਾਂ ਉਸ ਨੂੰ ਮੋਬਾਈਲ ਹੀ ਦਿੱਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ। ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਅਤੇ ਪਿਛਲੇ ਸਾਲ ਬਲੌਂਗੀ ਸਥਿਤ ਆਪਣੇ ਕਮਰੇ ਵਿੱਚ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਸਾਗਰ ਦੀ ਮੌਤ ਤੋਂ ਬਾਅਦ ਉਸ ਦੇ ਵਾਰਸਾਂ ਦੇ ਸ਼ੱਕ ਪ੍ਰਗਟਾਉਣ ਅਤੇ ਇਸ ਸਬੰਧੀ ਲਿਖਤੀ ਸ਼ਿਕਾਇਤ ਦੇਣ ’ਤੇ ਪੁਲੀਸ ਵੱਲੋਂ ਆਈਪੀਸੀ ਦੀ ਧਾਰਾ 420,406,306 ਅਧੀਨ ਕੇਸ ਦਰਜ ਕੀਤਾ ਗਿਆ ਅਤੇ ਪੁਲੀਸ ਮੁਖੀ ਨੇ ਇਸ ਮਾਮਲੇ ਦੀ ਜਾਂਚ ਸਾਈਬਰ ਸੈੱਲ ਦੀ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੂੰ ਸੌਂਪੀ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਈਬਰ ਸੈਲ ਅਤੇ ਬਲੌਂਗੀ ਪੁਲੀਸ ਦੀ ਸਾਂਝੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਯੂਪੀ ਦੇ ਜ਼ਿਲ੍ਹਾ ਮਥੁਰਾ ਦੇ ਪਿੰਡ ਜੰਗਵਾਲੀ ਵਿੱਚ ਛਾਪੇਮਾਰੀ ਕਰਕੇ ਫਕਰੂਦੀਨ ਅਤੇ ਸੰਦੀਪ ਉਰਫ਼ ਦਿਵਾਂਸ਼ੂ ਉਰਫ਼ ਆਲਮ ਨੂੰ ਗ੍ਰਿਫ਼ਤਾਰ ਕਰ ਲਿਆ। ਰਾਹਦਾਰੀ ਵਰੰਟਾਂ ’ਤੇ ਮੁਲਜ਼ਮਾਂ ਨੂੰ ਮੁਹਾਲੀ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਵਿਅਕਤੀ ਖ਼ੁਦ ਨੂੰ ਫੌਜੀ ਦਸ ਕੇ ਓਐਲ ਐਕਸ ’ਤੇ ਜਾਅਲੀ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਨਾਲ ਠੱਗੀਆਂ ਮਾਰਦੇ ਸਨ। ਪੈਸੇ ਸੰਦੀਪ ਉਰਫ਼ ਆਲਮ ਦੇ ਪੇਟੀਐਮ ਵਿੱਚ ਪੁਆਏ ਜਾਂਦੇ ਸਨ। ਬਾਅਦ ਵਿੱਚ ਠੱਗੀ ਦੀ ਰਾਸ਼ੀ ਉਸਦੇ ਭਰਾ ਫਕਰੂਦੀਨ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਆਨਲਾਈਨ ਠੱਗੀ ਸਬੰਧੀ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
(ਬਾਕਸ ਆਈਟਮ)
ਮੁਹਾਲੀ ਪੁਲੀਸ ਨੇ ਬੀਮਾ ਪਾਲਿਸੀ ਰੀਨਿਊ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿੱਚ ਧਾਰਾ 406,420 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਮੁਹਾਲੀ ਪੁਲੀਸ ਦੇ ਸਾਈਬਰ ਸੈੱਲ ਦੀ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਸੀ। ਇਸ ਗਰੋਹ ਦਾ ਮੁਖੀ ਖ਼ੁਦ ਹਿਮਾਸ਼ੂ ਆਪਣਾ ਨਾਂ ਲਕਸ਼ਮੀ ਪ੍ਰਸ਼ਾਦ ਦੱਸਦਾ ਹੈ ਅਤੇ ਬਿਕਰਮ ਕੁਮਾਰ ਖ਼ੁਦ ਨੂੰ ਬਿਲਾਸ ਗੁਪਤਾ ਦੱਸ ਕੇ ਫੋਨ ਕਰਦਾ ਸੀ। ਇਹ ਆਪਣੇ ਆਪ ਨੂੰ ਬੈਂਕ ਮੈਨੇਜਰ, ਆਈਆਰਡੀਏ ਦਾ ਉੱਚ ਅਧਿਕਾਰੀ ਅਤੇ ਵਿੱਤ ਮੰਤਰਾਲਾ ਦਾ ਉੱਚ ਅਧਿਕਾਰੀ ਅਤੇ ਕਦੇ ਐਆਈਸੀ ਦੇ ਉੱਚ ਅਧਿਕਾਰੀ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਪਾਲਿਸੀ ਰੀਨਿਊ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਸੀ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …