Nabaz-e-punjab.com

ਗੰਗਾਨਗਰ ਦੇ ਨੌਜਵਾਨ ਨੇ ਟਰੈਵਲ ਏਜੰਟ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ 6 ਲੱਖ ਦੀ ਠੱਗੀ ਮਾਰਨ ਦਾ ਦੋਸ਼

ਐਸਐਸਪੀ ਨੂੰ ਦਿੱਤੀ ਸ਼ਿਕਾਇਤ, ਲੋਕ ਇਨਸਾਫ਼ ਪਾਰਟੀ ਵੱਲੋਂ ਏਜੰਟ ਦਾ ਲਾਇਸੈਂਸ ਰੱਦ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਗੰਗਾਨਗਰ ਦੇ ਇੱਕ ਨੌਜਵਾਨ ਨੇ ਅੱਜ ਮੁਹਾਲੀ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਕਿ ਫੇਜ਼-3ਬੀ2 ਦੇ ਇੱਕ ਟਰੈਵਲ ਏਜੰਟ ਨੇ ਉਸ ਨੂੰ ਸਟਡੀ ਵੀਜੇ ’ਤੇ ਆਸਟ੍ਰੇਲੀਆ ਭੇਜਣ ਦੇ ਨਾਮ ’ਤੇ ਉਸ ਤੋਂ ਲਗਭਗ 6 ਲੱਖ ਰੁਪਏ ਦੀ ਠੱਗੀ ਮਾਰ ਲਈ ਅਤੇ ਹੁਣ ਜਦੋਂ ਉਹ ਉਕਤ ਏਜੰਟ ਤੋਂ ਆਪਣੇ ਪੈਸੇ ਵਾਪਸ ਮੰਗਦਾ ਹੈ ਤਾਂ ਏਜੰਟ ਵੱਲੋਂ ਉਸ ਨੂੰ ਇਹ ਕਹਿ ਕੇ ਧਮਕਾਇਆ ਜਾਂਦਾ ਹੈ ਕਿ ਉਹ ਜੋ ਚਾਹੇ ਕਰ ਲਵੇ ਪ੍ਰੰਤੂ ਉਹ ਉਸ ਦੇ ਪੈਸੇ ਵਾਪਸ ਨਹੀਂ ਮੋੜੇਗਾ।
ਉਸ ਨੇ ਮੰਗ ਕੀਤੀ ਹੈ ਕਿ ਇਸ ਏਜੰਟ ਦੇ ਖ਼ਿਲਾਫ਼ ਬਣਦਾ ਮਾਮਲਾ ਦਰਜ ਕਰਕੇ ਉਸਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸਦਾ ਲਾਇਸੈਂਸ ਵੀ ਰੱਦ ਕੀਤਾ ਜਾਵੇ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੀ ਜਿਲ੍ਹਾ ਇਕਾਈ ਦੇ ਆਗੂਆਂ ਨੇ ਇਸ ਕੰਪਨੀ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਪੁਲੀਸ ਵੱਲੋਂ ਉਕਤ ਏਜੰਟ ਦੇ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਗੰਗਾਨਗਰ ਤੋਂ ਆਏ ਇਸ ਨੌਜਵਾਨ ਸਿਧਾਰਥ ਨੇ ਦੱਸਿਆ ਕਿ ਉਸ ਨੇ ਦਸੰਬਰ 2018 ਵਿੱਚ ਇੱਕ ਟੀਵੀ ਚੈਨਲ ’ਤੇ ਉਕਤ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਪਹੁੰਚ ਕੀਤੀ ਸੀ, ਜਿੱਥੇ ਕੰਪਨੀ ਦੀ ਮਹਿਲਾ ਮੁਲਾਜ਼ਮ ਨੇ ਉਸ ਨੂੰ ਸਟੱਡੀ ਵੀਜਾ ’ਤੇ ਬਾਹਰ ਭੇਜਣ ਸਬੰਧੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਉਸ ਦੀ ਮੁਲਾਕਾਤ ਕੰਪਨੀ ਨਾਲ ਕਰਵਾਈ ਗਈ। ਜਿਨ੍ਹਾਂ ਵੱਲੋਂ ਉਸ ਨੂੰ ਆਸਟ੍ਰੇਲੀਆ ਭੇਜਣ ਲਈ ਛੇ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਵਿੱਚ ਛੇ ਮਹੀਨੇ ਦੀ ਫੀਸ (ਚਾਰ ਲੱਖ ਰੁਪਏ) ਅਤੇ ਬਾਕੀ ਦੀ ਰਕਮ ਹੋਰ ਖ਼ਰਚਿਆਂ ਲਈ ਸੀ।
ਉਸਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸਦੇ ਪਿਤਾ ਚਾਹ ਅਤੇ ਨੂਡਲ ਦੀ ਰੇਹੜੀ ਲਗਾਉੱਦੇ ਹਨ। ਉਸਨੇ ਦੱਸਿਆ ਕਿ ਉਸਦੇ ਪਿਤਾ ਨੇ ਆਪਣਾ ਘਰ ਅਤੇ ਰੇਹੜੀ ਵੇਚ ਕੇ ਕਿਸੇ ਤਰ੍ਹਾਂ ਉਸਦੇ ਲਈ ਰਕਮ ਦਾ ਪ੍ਰਬੰਧ ਕੀਤਾ ਅਤੇ ਕੰਪਨੀ ਨੂੰ ਇਹ ਰਕਮ ਅਦਾ ਕੀਤੀ। ਇਸ ’ਚੋਂ 3.88 ਲੱਖ ਰੁਪਏ ਚੈਕ ਰਾਂਹੀ ਅਦਾ ਕੀਤੇ ਗਏ ਜਦੋਂਕਿ ਬਾਕੀ ਦੀ ਰਕਮ (2.12 ਲੱਖ) ਕੰਪਨੀ ਦੀ ਮੁਲਾਜ਼ਮ ਨੂੰ ਦਿੱਤੀ ਗਈ ਜਿਸ ਦੀਆਂ ਰਸੀਦਾਂ ਵੀ ਉਨ੍ਹਾਂ ਕੋਲ ਹਨ।
ਇਸ ਤੋਂ ਬਾਅਦ ਕੰਪਨੀ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦਾ ਕੇਸ ਅਪਲਾਈ ਕਰ ਦਿੱਤਾ ਗਿਆ ਹੈ ਅਤੇ ਉਹ ਆਪਣੀ ਤਿਆਰੀ ਰੱਖਣ। ਪਿਛਲੇ ਮਹੀਨੇ ਕੰਪਨੀ ਦੇ ਮੁਲਾਜਮਾਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਵੀਜਾ ਰਿਜੈਕਟ ਹੋ ਗਿਆ ਹੈ ਅਤੇ ਹੁਣ ਕੁੱਝ ਨਹੀਂ ਹੋ ਸਕਦਾ। ਉਹਨਾਂ ਦੱਸਿਆ ਕਿ ਹੁਣ ਜਦੋਂ ਉਹ ਕੰਪਨੀ ਦੇ ਦਫਤਰ ਵਿੱਚ ਜਾ ਕੇ ਆਪਣੇ ਪੈਸੇ ਮੰਗਦੇ ਹਨ ਤਾਂ ਉਲਟਾ ਉਹਨਾਂ ਨੂੰ ਧਮਕਾਇਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਸੀ ਜਿਸਤੇ ਉਹਨਾਂ ਨੇ ਪਾਰਟੀ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਪ੍ਰਧਾਨ ਨੂੰ ਉਹਨਾਂ ਦੀ ਮਦਦ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਉਹ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਪ੍ਰਧਾਨ ਨਾਲ ਕੰਪਨੀ ਦੇ ਦਫ਼ਤਰ ਵਾਪਸ ਗਏ ਸੀ ਪ੍ਰੰਤੂ ਕੰਪਨੀ ਦੇ ਕਰਮਚਾਰੀਆਂ ਨੇ ਪੈਸੇ ਦੇਣ ਦੀ ਥਾਂ ਉਹਨਾਂ ਦੀ ਕੰਪਨੀ ਦੇ ਮਾਲਕ ਨਾਲ ਗੱਲ ਕਰਵਾਈ। ਜਿਨ੍ਹਾਂ ਨੇ ਉਹਨਾਂ ਦੇ ਪੈਸੇ ਮੋੜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਜਿੱਥੇ ਮਰਜੀ ਚਲੇ ਜਾਣ ਉਹਨਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ।
ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਪਿੰਦਰ ਸਿੰਘ ਬਰਾੜ ਅਤੇ ਯੂਥ ਵਿੰਗ ਦੇ ਪ੍ਰਧਾਨ ਜਰਨੈਲ ਸਿੰਘ ਬੈਂਸ ਨੇ ਕਿਹਾ ਕਿ ਉਹ ਇਸ ਸਬੰਧੀ ਪੀੜਤ ਨੂੰ ਲੈ ਕੇ ਮੁਹਾਲੀ ਦੇ ਐਸਐਸਪੀ ਨੂੰ ਮਿਲਣ ਗਏ ਸੀ ਅਤੇ ਉਹਨਾਂ ਨੇ ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੱਸਿਆ ਕਿ ਐਸਐਸਪੀ ਵੱਲੋਂ ਸ਼ਿਕਾਇਤ ਐਸਪੀ ਸਿਟੀ 1 ਨੂੰ ਮਾਰਕ ਕੀਤੀ ਗਈ ਹੈ ਅਤੇ ਭਰੋਸਾ ਦਿੱਤਾ ਗਿਆ ਹੈ ਕਿ ਪੁਲੀਸ ਵੱਲੋਂ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਲੋਕ ਇਨਸਾਫ ਪਾਰਟੀ ਵੱਲੋਂ ਇਸ ਏਜੰਟ ਦੇ ਖ਼ਿਲਾਫ਼ ਸੰਘਰਸ਼ ਵੀ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…