ਗੈਂਗਰੇਪ: ਪੀੜਤ ਦਲਿਤ ਲੜਕੀ ਦਾ ਮਾਮਲਾ ਪਟਿਆਲਾ ਜ਼ੋਨ ਦੇ ਆਈਜੀ ਦੇ ਦਰਬਾਰ ਵਿੱਚ ਪੁੱਜਾ

ਨੈਸ਼ਨਲ ਸ਼ਡਿਊਲਡਕਾਸਟ ਅਲਾਇੰਸ ਦੇ ਕੌਮੀ ਪ੍ਰਧਾਨ ਪਰਮਜੀਤ ਕੈਂਥ ਦੀ ਅਗਵਾਈ ਹੇਠ ਵਫ਼ਦ ਨੇ ਆਈਜੀ ਨਾਲ ਕੀਤੀ ਮੁਲਾਕਾਤ

ਜਬਰ ਜਨਾਹ ਲਈ ਜ਼ਿੰਮੇਵਾਰ ਨੌਜਵਾਨਾਂ ਦੀ ਗ੍ਰਿਫ਼ਤਾਰੀ ਮੰਗੀ, ਮੁਲਜ਼ਮਾਂ ਵਿਰੁੱਧ ਹੋਰ ਸਖ਼ਤ ਧਰਾਵਾਂ ਜੋੜਨ ਦੀ ਕੀਤੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਪਟਿਆਲਾ, 19 ਦਸੰਬਰ:
ਗੈਂਗਰੇਪ ਦੀ ਸ਼ਿਕਾਰ ਜ਼ਿਲ੍ਹਾ ਮੁਹਾਲੀ ਦੇ ਖਰੜ ਨੇੜਲੇ ਪਿੰਡ ਸਿੱਲ ਦੀ ਪੀੜਤ ਦਲਿਤ ਨਾਬਾਲਗ ਲੜਕੀ ਪਿਛਲੇ 6 ਮਹੀਨੇ ਤੋਂ ਇਨਸਾਫ਼ ਲਈ ਪੁਲੀਸ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਥਾਣੇ ਵਿੱਚ ਖੱਜਲ ਖੁਆਰ ਹੋ ਰਹੀ ਹੈ। ਲੇਕਿਨ ਕੋਈ ਪੁਲੀਸ ਅਫ਼ਸਰ ਪੀੜਤ ਲੜਕੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਧਰ, ਬੀਤੇ ਦਿਨ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਪੜ ਕੇ ਨੈਸ਼ਨਲ ਸ਼ਡਿਊਲਡਕਾਸਟ ਅਲਾਇੰਸ (ਐਨਐਸਸੀਏ) ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੀੜਤ ਪਰਿਵਾਰ ਨਾਲ ਸੰਪਰਕ ਕਰਕੇ ਪੂਰੇ ਘਟਨਾਕ੍ਰਮ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ ਅਤੇ ਪੀੜਤ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।
ਇਸੇ ਦੌਰਾਨ ਸ੍ਰੀ ਕੈਂਥ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਪਟਿਆਲਾ ਜ਼ੋਨ ਦੇ ਆਈਜੀ ਸ੍ਰੀ ਏ.ਐਸ. ਰਾਏ ਦੇ ਨਾਲ ਮੁਲਾਕਾਤ ਕੀਤੀ ਅਤੇ ਗੈਂਗਰੇਪ ਮਾਮਲੇ ਵਿੱਚ ਨਾਮਜ਼ਦ ਨੌਜਵਾਨਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਵਫ਼ਦ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਕੇਸ ਵਿੱਚ ਮੁਲਜ਼ਮਾਂ ਦੇ ਖ਼ਿਲਾਫ਼ ਧਾਰਾ 376ਡੀ ਅਤੇ ਹੋਰ ਸਖ਼ਤ ਧਾਰਾਵਾਂ ਜੋੜ ਕੇ ਜੁਰਮ ਵਿੱਚ ਵਾਧਾ ਕੀਤਾ ਜਾਵੇ। ਸ੍ਰੀ ਕੈਂਥ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਪੁਲੀਸ ਅਤੇ ਘੜੂੰਆਂ ਪੁਲੀਸ ਮਾਮਲੇ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ਕਿਉਂਕਿ ਮੁਲਜ਼ਮ ਨੌਜਵਾਨ ਕਿਸੇ ਰਸੂਖਵਾਨ ਦੇ ਨਜ਼ਦੀਕੀ ਦੱਸੇ ਜਾ ਰਹੇ ਹਨ। ਜਿਸ ਕਾਰਨ ਮੁਲਜ਼ਮ ਸ਼ਰ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਪੁਲੀਸ ’ਤੇ ਦੋਸ਼ ਲਾਇਆ ਕਿ ਸਿਆਸੀ ਦਬਾਅ ਕਾਰਨ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਕਤਰਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਪੁਲੀਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ਅਤੇ ਬਦਨਾਮੀ ਕਾਰਨ ਪੀੜਤ ਲੜਕੀ ਸਕੂਲ ਵੀ ਨਹੀਂ ਜਾ ਪਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਨੂੰ ਸੁਰੱਖਿਆ ਪ੍ਰਦਾਨ ਕਰਕੇ ਸਕੂਲ ਜਾਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਸਾਲਾਨਾ ਪ੍ਰੀਖਿਆਵਾਂ ਸਿਰ ’ਤੇ ਹਨ ਅਤੇ ਪੀੜਤ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਸ੍ਰੀ ਕੈਂਥ ਨੇ ਦੱਸਿਆ ਕਿ ਆਈਜੀ ਰਾਏ ਨੇ ਵਫ਼ਦ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਆਈਜੀ ਨੇ ਤੁਰੰਤ ਜ਼ਿਲ੍ਹਾ ਪੁਲੀਸ ਮੁਖੀ ਨਾਲ ਵੀ ਫੋਨ ’ਤੇ ਗੱਲ ਕਰਕੇ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਆਖਿਆ ਗਿਆ। ਆਈਜੀ ਨੇ ਪੁਲੀਸ ਨੂੰ ਮੁੱਢਲੀ ਜਾਂਚ ਤੋਂ ਬਾਅਦ ਲੋੜ ਅਨੁਸਾਰ ਮੁਲਜ਼ਮਾਂ ਦੇ ਖ਼ਿਲਾਫ਼ ਜੁਰਮ ਵਿੱਚ ਵਾਧਾ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਛੇ ਕੁ ਮਹੀਨੇ ਪਹਿਲਾਂ ਪਿੰਡ ਸਿੱਲ ਦੇ ਤਿੰਨ ਨੌਜਵਾਨਾਂ ਵੱਲੋਂ ਇੱਕ ਅੌਰਤ ਦੀ ਮਦਦ ਨਾਲ ਸਕੂਲ ਤੋਂ ਘਰ ਜਾ ਰਹੀ ਦਲਿਤ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਘੜੂੰਆਂ ਥਾਣੇ ਵਿੱਚ ਤਿੰਨਾਂ ਨੌਜਵਾਨਾਂ ਅਤੇ ਅਣਪਛਾਤੀ ਅੌਰਤ ਦੇ ਖ਼ਿਲਾਫ਼ ਧਾਰਾ 341, 376, 506, 34 ਅਤੇ ਪੋਸਕੋ ਐਕਟ ਦੇ ਤਹਿਤ 3 ਜੁਲਾਈ 2017 ਨੂੰ ਕੇਸ ਦਰਜ ਕੀਤਾ ਸੀ।
(ਬਾਕਸ ਆਈਟਮ)
ਉਧਰ, ਸੰਪਰਕ ਕਰਨ ’ਤੇ ਥਾਣਾ ਘੜੂੰਆਂ ਦੇ ਐਸਐਚਓ ਹਿੰਮਤ ਸਿੰਘ ਨੇ ਪੁਲੀਸ ’ਤੇ ਸਿਆਸੀ ਦਬਾਅ ਕਾਰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬਿੁਨਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਘਰ ਅਤੇ ਨਜ਼ਦੀਕੀ ਰਿਸ਼ਤੇਦਾਰੀਆਂ ਸਮੇਤ ਹੋਰ ਪਤੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ। ਪੁਲੀਸ ਅਨੁਸਾਰ ਮੁਲਜ਼ਮ ਨੌਜਵਾਨ ਆਪਣੀ ਗ੍ਰਿਫ਼ਤਾਰੀ ਦੇ ਡਰੋਂ ਘਰਾਂ ’ਚੋਂ ਫਰਾਰ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…