nabaz-e-punjab.com

ਗੈਂਗਸਟਰ ਬਲਜੀਤ ਚੌਧਰੀ ਨੂੰ ਸੰਗਰੂਰ ਜੇਲ੍ਹ ਭੇਜਿਆ

ਟਰਾਈਸਿਟੀ ਵਿੱਚ ਬਲਜੀਤ ਚੌਧਰੀ ’ਤੇ ਦਰਜ ਹਨ 16 ਤੋਂ ਵੱਧ ਕਤਲ, ਬਲਾਤਕਾਰ ਤੇ ਹੋਰ ਕੇਸ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਗ੍ਰਿਫ਼ਤਾਰ ਖੂੰਖਾਰ ਗੈਂਗਸਟਰ ਬਲਜੀਤ ਚੌਧਰੀ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੋਮਵਾਰ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਸੰਗਰੂਰ ਜੇਲ੍ਹ ਭੇਜ ਦਿੱਤਾ। ਮੁਲਜ਼ਮ ਦੇ ਦੋ ਸਾਥੀ ਗੁਰਪ੍ਰੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਮਸਤਗੜ੍ਹ (ਮੁਹਾਲੀ) ਅਤੇ ਵਿਕਾਸ ਕੁਮਾਰ ਵਾਸੀ ਡੱਡੂਮਾਜਰਾ (ਯੂਟੀ) ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ।
ਕਾਊਂਟਰ ਇੰਟੈਲੀਜੈਂਸ ਵਿੰਗ ਦੇ ਡੀਐਸਪੀ ਗੁਰਚਰਨ ਸਿੰਘ ਅਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬਲਜੀਤ ਚੌਧਰੀ ਮੁਹਾਲੀ ਸਮੇਤ ਯੂਟੀ ਅਤੇ ਹਰਿਆਣਾ ਪੁਲੀਸ ਨੂੰ ਲੋੜੀਂਦਾ ਸੀ ਅਤੇ ਉਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਧਾਰਾ 302, 307, 376, ਡਕੈਤੀ ਅਤੇ ਹੋਰ ਗੰਭੀਰ ਦੋਸ਼ਾਂ ਤਹਿਤ 16 ਅਪਰਾਧਿਕ ਮਾਮਲੇ ਦਰਜ ਹਨ। ਉਸ ’ਤੇ ਚੰਡੀਗੜ੍ਹ ਵਿੱਚ ਮਾਡਲ ਲੜਕੀ ਨਾਲ ਜਬਰ ਜਨਾਹ ਦਾ ਵੀ ਕੇਸ ਦਰਜ ਹੈ। ਪਿਛਲੇ ਸਮੇਂ ਦੌਰਾਨ ਉਹ ਵਿਦਿਆਰਥੀ ਜਥੇਬੰਦੀ ਪੋਸੂ ਦਾ ਸਰਗਰਮ ਆਗੂ ਵੀ ਰਿਹਾ ਹੈ ਅਤੇ ਟਰਾਈ ਸਿਟੀ ਵਿੱਚ ਕਈ ਸੰਗੀਨ ਜੁਰਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਪੁੱਛਗਿੱਛ ਦੌਰਾਨ ਬਲਜੀਤ ਚੌਧਰੀ ਨੇ ਮੰਨਿਆ ਕਿ ਪਿਛਲੇ ਦਿਨੀਂ ਖਰੜ ਵਿੱਚ ਪ੍ਰਸਿੱਧ ਸੀਏ ਅਰੁਣ ਸ਼ਰਮਾ ਦਾ ਕਤਲ ਉਸ ਦੇ ਗਰੋਹ ਦੇ ਮੈਂਬਰ ਨੇ ਕੀਤਾ ਸੀ। ਉਂਜ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਸੀਏ ਨੂੰ ਗੋਲੀ ਨਹੀਂ ਮਾਰੀ ਸੀ ਬਲਕਿ ਹਵਾਈ ਫਾਇਰ ਕੀਤੇ ਸੀ। ਉਸ ਦੀ ਮੌਤ ਸਿਰ ਵਿੱਚ ਲੋਹੇ ਦੀ ਰਾਡ ਨਾਲ ਹੋਏ ਹਮਲੇ ਕਾਰਨ ਹੋਈ ਸੀ। ਇਸ ਸਬੰਧੀ ਮ੍ਰਿਤਕ ਸੀਏ ਦੇ ਪੁੱਤਰ ਦੇਵਨ ਦੇ ਬਿਆਨਾਂ ’ਤੇ ਗੈਂਗਸਟਰ ਬਲਜੀਤ ਚੌਧਰੀ ਅਤੇ ਉਸਦੇ ਸਾਥੀ ਭਵਜੀਤ ਸਿੰਘ ਸੰਨੀ, ਆਕਾਸ਼ਦੀਪ ਪੰਨੂ, ਅਮਨ ਭਾਗੋਮਾਜਰਾ ਅਤੇ ਹਰਜਿੰਦਰ ਸਹੋਤਾ ਖ਼ਿਲਾਫ਼ ਖਰੜ ਸਿਟੀ ਥਾਣੇ ਵਿੱਚ ਪਰਚਾ ਦਰਜ ਹੈ। ਮੁਲਜ਼ਮ ਸੀਏ ਤੋਂ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਦੇ ਸਨ। ਉਹ ਮੁਹਾਲੀ ਸਮੇਤ ਯੂਟੀ ਅਤੇ ਹਰਿਆਣਾ ਪੁਲੀਸ ਨੂੰ ਕਈ ਅਪਰਾਧਿਕ ਕੇਸਾਂ ਵਿੱਚ ਲੋੜੀਂਦਾ ਸੀ ਪਰ ਪੁਲੀਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਲੇਕਿਨ ਪਿਛਲੇ ਦਿਨੀਂ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਡੀਐਸਪੀ ਗੁਰਚਰਨ ਸਿੰਘ ਦੀ ਅਗਵਾਈ ਹੇਠ ਮੁਲਜ਼ਮਾਂ ਨੂੰ ਉਸ ਸਮੇਂ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਦਿੱਲੀ ਭੱਜਣ ਦੀ ਤਾਕ ਵਿੱਚ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…