nabaz-e-punjab.com

ਪਿੰਛੀ ਵਾਲੀਆ ਕਤਲਕਾਂਡ: ਗੈਂਗਸਟਰ ਸੰਪਤ ਨਹਿਰਾ ਤੇ ਹੋਰਨਾਂ ਮੁਲਜ਼ਮਾਂ ਨੇ ਪੇਸ਼ੀ ਭੁਗਤੀ

ਮੁਹਾਲੀ ਅਦਾਲਤ ਵੱਲੋਂ ਪੇਸ਼ੀ ’ਤੇ ਗੈਰਹਾਜ਼ਰ ਮੁਲਜ਼ਮ ਦੀਪਕ ਕਟੀਰ ਦੇ ਪ੍ਰੋਡਕਸ਼ਨ ਵਾਰੰਟ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਦਸੰਬਰ:
ਬਨੂੜ ਦੀ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਵਾਲੀਆ ਉਰਫ਼ ਪਿੰਛੀ ਵਾਲੀਆ ਦੀ ਹੱਤਿਆ ਦੇ ਮਾਮਲੇ ਵਿੱਚ ਗੈਂਗਸਟਰ ਸੰਪਤ ਨਹਿਰਾ ਅਤੇ ਹੋਰਨਾਂ ਨਾਮਜ਼ਦ ਮੁਲਜ਼ਮਾਂ ਦੇ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਕਾਰਵਾਈ 17 ਦਸੰਬਰ ਤੱਕ ਟਲ ਗਈ ਹੈ। ਇਸ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਸੰਪਤ ਨਹਿਰਾ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਫਰੀਦਕੋਟ ਜੇਲ੍ਹ ’ਚੋਂ ਲਿਆ ਕੇ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਕੀਤਾ। ਇਸ ਮਾਮਲੇ ਵਿੱਚ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਗੁਰਕੀਰਤ ਸਿੰਘ, ਦੀਪਕ ਟੀਨੂੰ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਦੋਂਕਿ ਜ਼ਮਾਨਤ ’ਤੇ ਚੱਲ ਰਿਹਾ ਮੁਲਜ਼ਮ ਸੁਖਜੀਤ ਸਿੰਘ ਨੇ ਵੀ ਪੇਸ਼ੀ ਭੁਗਤੀ। ਅੰਬਾਲਾ ਜੇਲ੍ਹ ਵਿੱਚ ਬੰਦ ਦੀਪਕ ਕਟੀਰ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਨਹੀਂ ਹੋ ਸਕੇ। ਉਧਰ, ਪੇਸ਼ੀ ’ਤੇ ਗੈਰਹਾਜ਼ਰ ਰਹਿਣ ਵਾਲੇ ਮੁਲਜ਼ਮ ਦੀਪਕ ਕਟੀਰ ਦੇ ਅਦਾਲਤ ਨੇ 17 ਦਸੰਬਰ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਕੌਂਸਲ ਪ੍ਰਧਾਨ ਦੇ ਭਰਾ, ਭਤੀਜਿਆਂ ਖ਼ਿਲਾਫ਼ ਵੀ ਕੇਸ ਦਰਜ ਹੈ, ਜਦੋਂਕਿ ਪਿੰਛੀ ਕਤਲ ਕਾਂਡ ਵਿੱਚ ਸ਼ਾਮਲ ਗੈਂਗਸਟਰ ਸੰਪਤ ਨਹਿਰਾ ਜਿਸ ਨੂੰ ਕਿਸੇ ਹੋਰ ਸੂਬਿਆਂ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਬਾਅਦ ਵਿੱਚ ਬਨੂੜ ਪੁਲੀਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰੀ ਪਾਈ ਸੀ।
ਜ਼ਿਕਰਯੋਗ ਹੈ ਕਿ 6 ਸਤੰਬਰ 2017 ਨੂੰ ਸੈਰ ਕਰਦੇ ਵਕਤ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਵਾਲੀਆ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰਕ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੂੰ ਧਾਰਾ 120ਬੀ ਦੇ ਤਹਿਤ ਨਾਮਜ਼ਦ ਕੀਤਾ ਗਿਆ ਸੀ। ਕਾਫੀ ਸਮਾਂ ਰੂਪੋਸ਼ ਰਹਿਣ ਮਗਰੋਂ ਨਿੰਮਾ ਨੇ ਪਿਛਲੇ ਸਾਲ 12 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ ਅਤੇ ਹੁਣ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਵਿੱਚ ਪੁਲੀਸ ਦੀਪੂ ਬਨੂੜ ਨੂੰ ਮੁੱਖ ਮੁਲਜ਼ਮ ਦੱਸ ਰਹੀ ਹੈ। ਜਿਸ ਨੇ ਗੈਂਗਸਟਰ ਸੰਪਤ ਨਹਿਰਾ ਨੂੰ ਸੁਪਾਰੀ ਦੇ ਕੇ ਪਿੰਛੀ ਵਾਲੀਆ ਦਾ ਕਤਲ ਕਰਵਾਇਆ ਸੀ। ਇਸ ਸਬੰਧੀ ਥਾਣਾ ਬਨੂੜ ਵਿੱਚ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਧਾਰਾ 302, 148, 149, 473, 120ਬੀ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…