nabaz-e-punjab.com

ਗੈਂਗਸਟਰ ਦਿਲਪ੍ਰਤ ਉਰਫ਼ ਬਾਬਾ ਦਾ ਇੱਕ ਹੋਰ ਸਾਥੀ ਖਤਰਨਾਕ ਨਿਸ਼ਾਨੇਬਾਜ਼ ਦੁਵੱਲੀ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਰੂਪਨਗਰ, 11 ਅਗਸਤ:
ਉਘੇ ਪੰਜਾਬੀ ਗਾਇਕ ਪ੍ਰਮੀਸ਼ ਵਰਮਾ ’ਤੇ ਹਮਲਾ ਕਰਨਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਦਿਲਪ੍ਰਤ-ਰਿੰਡਾ ਗਰੋਹ ਦੇ ਇੱਕ ਹੋਰ ਖਤਰਨਾਕ ਨਿਸ਼ਾਨਚੀ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿਲਪ੍ਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਮਹੀਨੇ ਵਿੱਚ ਪੰਜਾਬ ਪੁਲਿਸ ਦੀ ਇਹ ਦੂਜੀ ਵੱਡੀ ਸਫ਼ਲਤਾ ਹੈ। ਇਸ ਨੇ ਫੇਸਬੁੱਕ ’ਤੇ ਗਾਇਕ ਨੂੰ ਧਮਕੀ ਦਿੱਤੀ ਸੀ ਅਤੇ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
21 ਵਰ੍ਹਿਆਂ ਦੇ ਇਸ ਖਤਰਨਾਕ ਨਿਸ਼ਾਨੇਬਾਜ਼ ਅਕਾਸ਼ ਦੀ ਤਿੰਨ ਸੂਬਿਆਂ ਦੀ ਪੁਲਿਸ ਨੂੰ ਭਾਲ ਸੀ। ਉਸ ਨੂੰ ਗ੍ਰਿਫ਼ਤਾਰ ਕਰਨ ਲਈ 9 ਕਿਲੋਮੀਟਰ ਤੱਕ ਉਸ ਦਾ ਪਿੱਛਾ ਕਰਨਾ ਪਿਆ ਅਤੇ ਬਾਅਦ ਵਿੱਚ ਰੂਪਨਗਰ ਜ਼ਿਲ੍ਹੇ ਦੇ ਸਿੰਘਪੁਰਾ ਇਲਾਕੇ ਵਿੱਚ ਹੋਈ ਦੁਵੱਲੀ ਗੋਲੀਬਾਰੀ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਇੱਕ ਵਿਦੇਸ਼ੀ ਮਾਊਜ਼ਰ ਅਤੇ ਗੋਲੀ ਸਿੱਕਾ ਵੀ ਬਰਾਮਦ ਹੋਇਆ ਹੈ।
ਮਹਾਰਾਸ਼ਟਰ ਦੇ ਨੰਦੇੜ ਦੇ ਵਸਨੀਕ ਅਕਾਸ਼ ਦੀ, ਹੱਤਿਆ ਦੇ ਪੰਜ ਅਤੇ ਡਕੈਤੀ ਤੇ ਲੁੱਟ ਖੋਹ ਦੇ 13 ਮਾਮਲਿਆਂ ਵਿੱਚ ਭਾਲ ਸੀ। ਉਸ ਦੀ ਆਰਮ ਐਕਟ ਦੇ ਹੇਠ ਵੀ ਮਹਾਰਾਸ਼ਟਰ, ਹਰਿਆਣਾ ਅਤੇ ਪੰਜਾਬ ਪੁਲਿਸ ਨੂੰ ਭਾਲ ਸੀ। ਅਕਾਸ਼ 17 ਸਾਲ ਦੀ ਉਮਰ ਤੋਂ ਹੀ ਅਪਰਾਧ ਜਗਤ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਵਿੱਚ ਸੀ।
ਰੂਪਨਗਰ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਦੁਵੱਲੀ ਗੋਲੀਬਾਰੀ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਇਹ ਗੋਲੀਬਾਰੀ ਉਸ ਸਮੇਂ ਸ਼ੁਰੂ ਹੋਈ ਜਦੋਂ ਇਸ ਗੈਂਗਸਟਰ ਦੀ ਗੱਡੀ ਸਿੰਘਪੁਰਾ ਡਰੇਨ ਦੇ ਕੋਲ ਫਸ ਗਈ। ਗੈਂਗਸਟਰ ਦੇ ਖੱਬੇ ਮੋਢੇ ਕੋਲ ਗੋਲੀ ਲੱਗੀ। ਇਸ ਅਪ੍ਰੇਸ਼ਨ ਦੀ ਅਗਵਾਈ ਰੂਪ ਨਗਰ ਪੁਲਿਸ ਦੇ ਡੀ.ਐਸ.ਪੀ. ਅਤੇ ਸੀ.ਆਈ.ਏ.-1 ਅਤੇ ਸੀ.ਆਈ.ਏ.-2 ਵੱਲੋਂ ਕੀਤੀ ਗਈ। ਰਿਪੋਰਟਾਂ ਦੇ ਅਨੁਸਾਰ ਅਕਾਸ਼, ਦਿਲਪ੍ਰਤੀ ਦਾ ਲੰਮੇ ਸਮੇਂ ਤੋਂ ਸਾਥੀ ਹੈ ਅਤੇ ਉਹ ਮੁਹਾਲੀ ਵਿਖੇ ਪੰਜਾਬੀ ਗਾਇਕ ’ਤੇ ਹੋਏ ਹਮਲੇ ਵਿੱਚ ਸ਼ਾਮਲ ਹੈ। ਉਸ ’ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਕੇਸ ਦਰਜ ਹਨ।
ਪਿਛਲੇ ਮਹੀਨੇ ਦਿਲਪ੍ਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਸੁਣਵਾਈ ਲਈ ਲਿਜਾਣ ਮੌਕੇ ਪੁਲਿਸ ਹਿਰਾਸਤ ਵਿੱਚੋਂ ਛੁਡਾਉਣ ਲਈ ਅਕਾਸ਼, ਗਰੋਹ ਦੇ ਮੈਂਬਰਾਂ ਨੂੰ ਜਥੇਬੰਦ ਕਰ ਰਿਹਾ ਸੀ। ਉਸ ਨੇ ਸ਼ੁਕਰਵਾਰ ਨੂੰ ਆਨੰੰਦਪੁਰ ਸਾਹਿਬ ਨੇੜਿਓਂ ਬੰਦੂਕ ਦੀ ਨੋਕ ’ਤੇ ਇੱਕ ਫਾਰਚੂਨਰ ਗੱਡੀ ਖੋਹੀ ਸੀ। ਸ੍ਰੀ ਸ਼ਰਮਾ ਅਨੁਸਾਰ ਜਿਲ੍ਹਾ ਪੁਲਿਸ ਨੂੰ ਇਸ ਸਬੰਧ ਵਿੱਚ ਅਤਿ ਚੌਕਸ ਕੀਤਾ ਗਿਆ ਸੀ ਅਤੇ ਉਸ ਵੱਲੋਂ ਵੱਖ ਵੱਖ ਮੁੱਖ ਥਾਵਾਂ ’ਤੇ ਨਿਗਰਾਣੀ ਰੱਖੀ ਜਾ ਰਹੀ ਸੀ। ਇਨ੍ਹਾਂ ਸਥਿਤੀਆਂ ਵਿੱਚ ਹੀ ਪੁਲਿਸ ਨੇ ਉਸ ਵੇਲੇ ਅਕਾਸ਼ ਦਾ ਪਿੱਛਾ ਕੀਤਾ ਜਦੋਂ ਉਸ ਨੇ ਗੱਡੀ ਭਜਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਉਸ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਇਸ ਅਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਸ੍ਰੀ ਸ਼ਰਮਾ ਨੇ ਆਪਣੇ ਪੁਲਿਸ ਕੈਰੀਅਰ ਦੌਰਾਨ ਬਹੁਤ ਸਾਰੇ ਖਤਰਨਾਕ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਭੂਮਿਕਾ ਨਿਭਾਈ ਹੈ ਜਿਨ੍ਹਾਂ ਵਿੱਚ ਲੌਰੈਂਸ ਬਿਸਨੋਈ ਅਤੇ ਦਵਿੰਦਰ ਸ਼ੂਟਰ ਵੀ ਸ਼ਾਮਲ ਹਨ। ਉਨ੍ਹਾਂ ਤਿੰਨ ਹਫਤੇ ਪਹਿਲਾਂ ਰੂਪਨਗਰ ਜਿਲ੍ਹੇ ਦਾ ਚਾਰਜ ਲਿਆ ਸੀ।
ਸਾਲ 2007 ਤੋਂ 2017 ਤੱਕ ਦੇੇ ਅਕਾਲੀ ਸ਼ਾਸਨ ਦੌਰਾਨ ਸੂਬੇ ਵਿੱਚ ਅਪਰਾਧੀ ਕਾਰਵਾਈਆਂ ਬਹੁਤ ਜ਼ਿਆਦਾ ਵਧੀਆਂ ਅਤੇ ਗੈਂਗਸਟਰਾਂ ਨੇ ਏਥੇ ਬੁਰੀ ਤਰ੍ਹਾਂ ਜੜ੍ਹਾਂ ਜਮਾ ਲਈਆਂ ਸਨ ਪਰ ਮੌਜੂਦਾ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਇਨ੍ਹਾਂ ਨੂੰ ਨੱਥ ਪਾਈ। ਕੈਪਟਨ ਅਮਹਿੰਦਰ ਸਿੰਘ ਸਰਕਾਰ ਦੇ ਪਹਿਲੇ 15 ਮਹੀਨਿਆਂ ਦੌਰਾਨ ਵੱਖ ਵੱਖ ਅਪਰਾਧੀ ਗਰੋਹਾਂ ਨਾਲ ਸਬੰਧਿਤ 922 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਅਤੇ ਵਿਕੀ ਗੌਂਡਰ, ਪ੍ਰੇਮਾ ਲਾਹੌਰੀਆ, ਸਵਿੰਦਰ, ਪ੍ਰਭਜੋਤ ਅਤੇ ਮੰਨਾ ਸਣੇ ਸੱਤ ਗੈਂਗਸਟਰਾਂ ਦਾ ਖਾਤਮਾ ਕੀਤਾ।

Load More Related Articles
Load More By Nabaz-e-Punjab
Load More In Crime & Police

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…