ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਵਿਦੇਸ਼ੀ ਹਥਿਆਰਾਂ ਸਮੇਤ ਬੀਕਾਨੇਰ ਤੋਂ ਗ੍ਰਿਫ਼ਤਾਰ

ਸਰਹੱਦੋਂ ਪਾਰ ਡਰੋਨ ਰਾਹੀ ਆਏ 4 ਵਿਦੇਸ਼ੀ ਪਿਸਤੌਲ, 42 ਜਿੰਦਾ ਰੌਂਦ ਅਤੇ ਫਾਰਚੂਨਰ ਕਾਰ ਬਰਾਮਦ

ਨਬਜ਼-ਏ-ਪੰਜਾਬ, ਮੁਹਾਲੀ, 23 ਫਰਵਰੀ:
ਜ਼ਿਲ੍ਹਾ ਪੁਲੀਸ ਮੁਹਾਲੀ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਗੁਰਇਕਬਾਲਮੀਤ ਸਿੰਘ ਉਰਫ਼ ਰੌਬਿਨ ਵਾਸੀ ਪਿੰਡ ਹਾਸਾਵਾਲਾ (ਤਰਨਤਾਰਨ) ਵਜੋਂ ਹੋਈ ਹੈ। ਅੱਜ ਇੱਥੇ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਐਸਪੀ (ਜਾਂਚ) ਸ੍ਰੀਮਤੀ ਜਯੋਤੀ ਯਾਦਵ ਅਤੇ ਡੀਐਸਪੀ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਨੂੰ 4 ਵਿਦੇਸ਼ੀ ਪਿਸਤੌਲ, 42 ਜਿੰਦਾ ਰੌਂਦ ਅਤੇ ਇੱਕ ਫਾਰਚੂਨਰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਐਸਐਸਪੀ ਗਰਗ ਨੇ ਦੱਸਿਆ ਕਿ ਮੁਲਜ਼ਮ ਰੌਬਿਨ ਬੀਤੀ 3 ਜਨਵਰੀ ਨੂੰ ਖਰੜ ਸਿਟੀ ਥਾਣੇ ਵਿੱਚ ਧਾਰਾ 471,474,465 ਅਤੇ ਅਸਲਾ ਐਕਟ ਤਹਿਤ ਦਰਜ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਸੀ, ਜੋ ਪਹਿਲਾਂ ਹੀ ਭਗੌੜਾ ਚੱਲ ਰਿਹਾ ਸੀ। ਜਿਸ ਨੂੰ ਟਰੇਸ ਕਰਕੇ ਬੀਕਾਨੇਰ (ਰਾਜਸਥਾਨ) ਤੋਂ ਕਾਬੂ ਕੀਤਾ ਗਿਆ। ਮੁੱਢਲੀ ਜਾਂਚ ਦੌਰਾਨ ਹੁਣ ਤੱਕ ਪਾਕਿਸਤਾਨ ਬਾਰਡਰ ਤੋਂ ਡਰੋਨ ਰਾਹੀਂ ਆਏ 4 ਵਿਦੇਸ਼ੀ ਪਿਸਤੌਲ, 2 ਮੈਗਜ਼ੀਨ, ਇੱਕ ਏਅਰਟੈੱਲ ਡੋਂਗਲ ਸਮੇਤ ਸਿਮ ਅਤੇ ਇੱਕ ਫਾਰਚੂਨਰ ਕਾਰ ਬਰਾਮਦ ਕੀਤੀ ਗਈ ਹੈ।
ਪੁਲੀਸ ਅਨੁਸਾਰ ਮੁਲਜ਼ਮ ਰੌਬਿਨ ਜਦੋਂ ਜੇਲ੍ਹ ਵਿੱਚ ਬੰਦ ਸੀ, ਉਸ ਸਮੇਂ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸੰਪਰਕ ਵਿੱਚ ਆ ਗਿਆ ਸੀ। ਪਿਛਲੇ ਸਾਲ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆ ਕੇ ਉਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਨੂੰ ਅਪਰੇਟ ਕਰਨਾ ਸ਼ੁਰੂ ਕਰ ਦਿੱਤਾ। ਇਸ ਸਮੇਂ ਉਹ ਆਰਟੀਐਮ ਟੈਰੀ ਡਰੀਮ ਹਾਊਸ ਸੈਕਟਰ-115 ਵਿੱਚ ਕਿਰਾਏ ’ਤੇ ਆਪਣੇ ਸਾਥੀਆਂ ਜਗਮੀਤ ਸਿੰਘ ਉਰਫ਼ ਜੱਗੀ ਵਾਸੀ ਪਿੰਡ ਭਾਗੋਵਾਲ (ਗੁਰਦਾਸਪੁਰ) ਅਤੇ ਗੁਰਸੇਵਕ ਸਿੰਘ ਉਰਫ਼ ਬੰਬ ਵਾਸੀ ਪਿੰਡ ਗੋਇੰਦਵਾਲ ਸਾਹਿਬ (ਤਰਨਤਾਰਨ) ਨਾਲ ਰਹਿ ਸੀ। ਮੁਲਜ਼ਮ ਇੱਥੇ ਬੈਠ ਕੇ ਪੰਜਾਬ ਦੇ ਮਾਝਾ ਏਰੀਆ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਐਕਸਟੋਰਸ਼ਨ ਰੈਕਿਟ ਚਲਾ ਰਿਹਾ ਸੀ।
ਸਰਹੱਦੋਂ ਪਾਰ ਡਰੋਨ ਰਾਹੀ ਆਇਆ ਅਸਲਾ ਨਿਸ਼ਾਨ ਸਿੰਘ ਵਾਸੀ ਤਰਨਤਾਰਨ ਹਾਲ ਵਾਸੀ ਪੁਰਤਗਾਲ ਨੇ ਮੁਲਜ਼ਮ ਰੌਬਿਨ ਨੂੰ ਮੁਹੱਈਆ ਕਰਵਾਇਆ ਸੀ, ਨਿਸ਼ਾਨ ਸਿੰਘ ਵੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਗੈਂਗ ਦਾ ਮੈਂਬਰ ਹੈ। ਰੌਬਿਨ ਦਾ ਇੱਕ ਸਾਥੀ ਜਗਮੀਤ ਉਰਫ਼ ਜੱਗੀ ਨੂੰ ਬਟਾਲਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਦਾ ਤੀਜਾ ਸਾਥੀ ਗੁਰਸੇਵਕ ਉਰਫ਼ ਬੰਬ ਹਾਲੇ ਭਗੌੜਾ ਹੈ। ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 11 ਫਰ…