
ਗੈਂਗਸਟਰ ਜੌਹਨ ਬੁੱਟਰ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਜੁਲਾਈ:
ਪੰਜਾਬ ਪੁਲੀਸ ਦੇ ਆਰਗੇਨਾਈਜਡ ਕਰਾਈਮ ਕੰਟਰੋਲ ਯੂਨਿਟ (ਓਕੋ) ਵੱਲੋਂ ਬੀਤੀ 24 ਜੁਲਾਈ ਨੂੰ ਅਮਨ ਹੋਮਜ਼ (ਖਰੜ) ਦੇ ਇੱਕ ਫਲੈਟ ਵਿੱਚ ਛਾਪੇਮਾਰੀ ਦੌਰਾਨ ਹੋਏ ਮੁਕਾਬਲੇ ਦੌਰਾਨ ਕਾਬੂ ਕੀਤੇ ਗਏ ਗੈਂਗਸਟਰ ਨਵਦੀਪ ਸਿੰਘ ਉਰਫ਼ ਜੌਹਨ ਬੁੱਟਰ ਨੂੰ ਅੱਜ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਧਰ, ਪੁਲੀਸ ਮੁਕਾਬਲੇ ਦੌਰਾਨ ਮੌਕੇ ਤੋਂ ਕਾਬੂ ਕੀਤੇ ਬੁੱਟਰ ਦੇ ਸਾਥੀਆਂ ਕੁਲਵਿੰਦਰ ਸਿੰਘ, ਪਰਵਿੰਦਰ ਸਿੰਘ ਪਿੰਦਾ, ਅਮਰੀਕ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਪਹਿਲਾਂ ਹੀ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ।
ਇਸ ਸਬੰਧੀ ਇਹਨਾਂ ਗੈਂਗਸਟਰਾਂ ਖ਼ਿਲਾਫ਼ ਖਰੜ ਸਦਰ ਥਾਣੇ ਵਿੱਚ ਦਰਜ ਕੀਤੇ ਗਏ ਮਾਮਲੇ ਦੇ ਜਾਂਚ ਅਧਿਕਾਰੀ ਜੀਵਨ ਸਿੰਘ ਨੇ ਦੱਸਿਆ ਕਿ ਜੌਹਨ ਬੁੱਟਰ ਪਿਛਲੇ ਕਾਫ਼ੀ ਸਮੇਂ ਤੋਂ ਯੂਪੀ ਵਿੱਚ ਰਹਿ ਰਿਹਾ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਆਇਆ ਸੀ ਅਤੇ ਇਹਨਾਂ ਨੇ ਸੰਨੀ ਇਨਕਲੇਵ ਵਿੱਚ ਟਿਕਾਣਾ ਕੀਤਾ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜੌਹਨ ਬੁੱਟਰ ਅਤੇ ਉਸਦੇ ਸਾਥੀਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।