ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਹੈਰੋਇਨ ਸਣੇ ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ

ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਦਫ਼ਤਰ ’ਤੇ ਗਰਨੇਡ ਹਮਲੇ ਦਾ ਮੁੱਖ ਮੁਲਜ਼ਮ ਹੈ ਲਖਬੀਰ ਲੰਡਾ

ਮੁਲਜ਼ਮ ਖ਼ਿਲਾਫ਼ ਐਸਐਸਓਸੀ ਦੇ ਮੁਹਾਲੀ ਥਾਣੇ ਵਿੱਚ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਮੁਹਾਲੀ ਯੂਨਿਟ ਵੱਲੋਂ ਕੈਨੇਡਾ ਆਧਾਰਿਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਇੱਕ ਹੋਰ ਸਹਿਯੋਗੀ ਅਨਮੋਲਦੀਪ ਸਿੰਘ ਵਾਸੀ ਹਰੀਕੇ ਪੱਤਣ (ਤਰਨ ਤਾਰਨ) ਨੂੰ ਖਰੜ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਲਖਬੀਰ ਲੰਡਾ ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਆਰਪੀਜੀ ਹਮਲੇ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ। ਅਨਮੋਲਦੀਪ ਇਸ ਸਮੇਂ ਗੁਰੂ ਤੇਗ ਬਹਾਦਰ ਨਗਰ ਖਰੜ ਵਿੱਚ ਇੱਕ ਸਟੂਡੀਓ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ। ਗ੍ਰਿਫ਼ਤਾਰੀ ਦੌਰਾਨ ਉਸ ਕੋਲੋ 103 ਗਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਐਸਐਸਓਸੀ ਦੇ ਮੁਹਾਲੀ ਥਾਣੇ ਵਿੱਚ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਪੁਲੀਸ ਸੂਤਰਾਂ ਅਨੁਸਾਰ ਅਨਮੋਲਦੀਪ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਨਜ਼ਦੀਕੀ ਹੈ ਅਤੇ ਇਸ ਗਰੋਹ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦੀ ਵੀ ਮਦਦ ਹਾਸਲ ਹੈ। ਇਸ ਦੇ ਇੱਕ ਸਾਥੀ ਨਛੱਤਰ ਸਿੰਘ ਨੂੰ ਤਰਨਤਾਰਨ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲੀਸ ਵੱਲੋਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲੀਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਖਬੀਰ ਲੰਡਾ ਲਗਾਤਾਰ ਭਾਰਤ ਵਿਰੋਧੀ ਕਾਰਵਾਈਆਂ ਵਿੱਚ ਸਰਗਰਮ ਹੈ ਅਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦੀ ਮਦਦ ਨਾਲ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਲਈ ਸਰਗਰਮ ਹੈ। ਉਹ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਡਰੱਗ ਦੀ ਸਪਲਾਈ ਵਿੱਚ ਵੀ ਸ਼ਾਮਲ ਹੈ ਅਤੇ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਅਨਮੋਲਦੀਪ ਸਿੰਘ ਵੀ ਉਸਦੇ ਇਸ਼ਾਰੇ ’ਤੇ ਨਸ਼ਿਆਂ ਦੀ ਡਲਿਵਰੀ ਦੇਣ ਦਾ ਕੰਮ ਕਰਦਾ ਸੀ।
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਦੇ ਏਆਈਜੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਲੰਡਾ ਅਤੇ ਪਾਕਿਸਤਾਨ ਵਿੱਚ ਬੈਠ ਕੇ ਅਤਿਵਾਦੀ ਗਤੀਵਿਧੀਆਂ ਚਲਾ ਰਹੇ ਹਰਵਿੰਦਰ ਸਿੰਘ ਰਿੰਦਾ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚ ਨਛੱਤਰ ਸਿੰਘ ਉਰਫ਼ ਮੋਤੀ ਵੀ ਸ਼ਾਮਲ ਹੈ, ਜੋ ਕਿ ਹਾਲ ਹੀ ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਬਾਦ ਖੇਤਰ ਵਿੱਚ ਇੱਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਲਗਾਉਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ। ਉਨ੍ਹਾਂ ਦੱਸਿਆ ਕਿ ਸੋਨੀ, ਲਖਬੀਰ ਲੰਡਾ ਮਾਡਿਊਲ ਦਾ ਸਰਗਰਮ ਮੈਂਬਰ ਹੈ ਜੋ ਅਤਿਵਾਦੀ ਗਤੀਵਿਧੀਆਂ ਨਾਲ ਸਬੰਧਤ ਹਾਰਡਵੇਅਰ ਅਤੇ ਨਸ਼ੀਲੇ ਪਦਾਰਥਾਂ ਦੀ ਡਿਲਿਵਰੀ ਕਰਨ ਤੋਂ ਇਲਾਵਾ ਮਾਡਿਊਲ ਦੇ ਮੈਂਬਰਾਂ ਨੂੰ ਪਨਾਹ ਵੀ ਦਿੰਦਾ ਸੀ।
(ਬਾਕਸ ਆਈਟਮ) ਕੌਣ ਹੈ ਲਖਬੀਰ ਲੰਡਾ?

ਤਰਨਤਾਰਨ ਦਾ ਵਸਨੀਕ ਲੰਡਾ (33), ਜੋ ਕਿ ਸਾਲ 2017 ਵਿੱਚ ਕੈਨੇਡਾ ਭੱਜ ਗਿਆ ਸੀ, ਨੇ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਅਤਿਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ ਅਤੇ ਅੰਮ੍ਰਿਤਸਰ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਦੇ ਹੇਠਾਂ ਇੱਕ ਆਈਈਡੀ ਵੀ ਲਾਇਆ ਸੀ। ਉਸ ਨੂੰ ਪਾਕਿਸਤਾਨ ਆਧਾਰਿਤ ਲੋੜੀਂਦੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਹੱਥ ਮਿਲਾਉਣ ਵਾਲੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…