
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦੋ ਸ਼ੂਟਰਾਂ ਨੂੰ ਪਛਾਣਨ ਬਾਰੇ ਗੱਲ ਮੰਨੀ
ਸੰਤੋਸ਼ ਜਾਧਵ ਕੋਲੋਂ ਮਿਲੇ 13 ਹਥਿਆਰ, ਮੱਧ ਪ੍ਰਦੇਸ਼ ਤੋਂ ਮੰਗਵਾਇਆ ਸੀ ਅਸਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦੇ ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਦੋ ਸ਼ੂਟਰਾਂ ਨੂੰ ਜਾਣਨ ਦੀ ਗੱਲ ਮੰਨੀ ਹੈ। ਬੀਤੇ ਦਿਨੀਂ ਪੰਜਾਬ ਪੁਲੀਸ ਦੀ ਸਿੱਟ ਨੇ ਚਾਰ ਸ਼ੂਟਰਾਂ ਜਗਰੂਪ ਸਿੰਘ ਉਰਫ਼ ਰੂਪਾ ਵਾਸੀ ਅੰਮ੍ਰਿਤਸਰ, ਮੋਨੂੰ ਕੁੱਸਾ ਵਾਸੀ ਮੋਗਾ ਅਤੇ ਪ੍ਰਿਆਵਰਤ ਜੋਸ਼ੀ ਤੇ ਅੰਕਿਤ ਦੋਵੇਂ ਵਾਸੀ ਸੋਨੀਪਤ ਦੀ ਪਛਾਣ ਹੋਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ’ਚੋਂ ਰੂਪਾ ਤੇ ਕੁੱਸਾ ਨੂੰ ਲਾਰੈਂਸ ਬਿਸ਼ਨੋਈ ਜਾਣਦਾ ਹੈ ਅਤੇ ਇਹ ਦੋਵੇਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਨੇ ਐਸਓਆਈ ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਮਰਹੂਮ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਨੂੰ ਆਪਣਾ ਵੱਡਾ ਭਰਾ ਦੱਸਦਿਆਂ ਕਿਹਾ ਕਿ ਵਿੱਕੀ ਦੇ ਕਤਲ ਨਾਲ ਉਸ ਨੂੰ ਜ਼ਬਰਦਸਤ ਝਟਕਾ ਲੱਗਿਆ ਸੀ। ਲਾਰੈਂਸ ਅਨੁਸਾਰ ਵਿੱਕੀ ਮਿੱਡੂਖੇੜਾ ਦਾ ਕਤਲ ਸਿੱਧੂ ਮੂਸੇਵਾਲਾ ਦੇ ਮੈਨੇਜਰ ਜਸ਼ਨਪ੍ਰੀਤ ਸਿੰਘ ਨੇ ਮੁਖਬਰੀ ਕਰਕੇ ਕਰਵਾਇਆ ਸੀ। ਇਸ ਸਬੰਧੀ ਉਸ (ਲਾਰੈਂਸ) ਨੇ ਮੂਸੇਵਾਲਾ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੇ ਮੈਨੇਜਰ ਦਾ ਸਾਥ ਨਾ ਦੇਵੇ ਪਰ ਉਹ ਨਹੀਂ ਮੰਨਿਆਂ। ਲਾਰੈਂਸ ਦੀ ਪੁੱਛਗਿੱਛ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਜ਼ਿਆਦਾਤਰ ਗੈਂਗਸਟਰ ਸਿਗਨਲ ਐਪ ਰਾਹੀਂ ਇਕ ਦੂਜੇ ਨਾਲ ਤਾਲਮੇਲ ਕਰਦੇ ਹਨ। ਇਸ ਤਕਨੀਕ ਦੀ ਵਰਤੋਂ ਨਾਲ ਫੜੇ ਜਾਣ ਦਾ ਬਹੁਤਾ ਡਰ ਨਹੀਂ ਹੁੰਦਾ ਹੈ।
ਉਧਰ, ਮੂਸੇਵਾਲਾ ਦੀ ਹੱਤਿਆ ਕੇਸ ਦੇ ਸ਼ੱਕੀ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੀ ਲਿਸ਼ਾਨਦੇਹੀ ’ਤੇ ਹੁਣ ਤੱਕ 13 ਹਥਿਆਰ ਬਰਾਮਦ ਕੀਤੇ ਗਏ ਹਨ। ਉਸ ਨੇ ਇਹ ਅਸਲਾ ਮੱਧ ਪ੍ਰਦੇਸ਼ ਤੋਂ ਮੰਗਵਾਇਆ ਸੀ। ਪੁਣੇ ਦੇ ਐੱਸਪੀ (ਦਿਹਾਤੀ) ਅਭਿਨਵ ਦੇਸ਼ਮੁਖ ਨੇ ਇਹ ਗੱਲ ਪੰਜਾਬ ਪੁਲੀਸ ਨਾਲ ਸਾਂਝੀ ਕੀਤੀ ਹੈ। ਪੁਲੀਸ ਹੁਣ ਇਹ ਪਤਾ ਲਾਉਣ ਵਿੱਚ ਜੁੱਟ ਗਈ ਹੈ ਕਿ ਮੂਸੇਵਾਲਾ ਦੀ ਹੱਤਿਆ ਲਈ ਇਹ ਹਥਿਆਰ ਵਰਤੇ ਗਏ ਸਨ ਜਾਂ ਨਹੀਂ? ਉਂਜ ਨੇ ਪੁਲੀਸ ਨੂੰ ਦੱਸਿਆ ਕਿ ਜਿਸ ਦਿਨ (29 ਮਈ) ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ, ਉਸ ਦਿਨ ਉਹ ਪੰਜਾਬ ਵਿੱਚ ਨਹੀਂ ਸੀ ਬਲਕਿ ਉਹ ਗੁਜਰਾਤ ਦੀ ਮੁੰਦਰਾ ਬੰਦਗਰਾਹ ਨੇੜੇ ਇਕ ਹੋਟਲ ਵਿੱਚ ਮੌਜੂਦ ਸੀ। ਜਾਧਵ ਦੇ ਬਿਆਨਾਂ ਦੀ ਤਸਦੀਕ ਕਰਨ ਲਈ ਗੁਜਰਾਤ ਪੁਲੀਸ ਦੀ ਮਦਦ ਲਈ ਜਾ ਰਹੀ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਵਿੱਕੀ ਮਿੱਡੂਖੇੜਾ ਦੇ ਵੱਡੇ ਭਰਾ ਅਤੇ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨੇ ਕੇਂਦਰੀ ਗ੍ਰਹਿ ਮੰਤਰੀ, ਪੰਜਾਬ ਦੇ ਡੀਜੀਪੀ, ਰਾਜਪਾਲ ਅਤੇ ਮੁਹਾਲੀ ਦੇ ਐੱਸਐੱਸਪੀ ਨੂੰ ਲਿਖੇ ਪੱਤਰ ਵਿੱਚ ਵੀ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਕਿ ਉਸ ਦੇ ਛੋਟੇ ਭਰਾ ਵਿੱਕੀ ਦੇ ਕਤਲ ਵਿੱਚ ਮੂਸੇਵਾਲਾ ਦੇ ਮੈਨੇਜਰ ਜਸ਼ਨਪ੍ਰੀਤ ਦਾ ਹੱਥ ਹੈ ਪਰ ਉਦੋਂ ਪੁਲੀਸ ਨੇ ਉਸ ਦੀ ਸ਼ਿਕਾਇਤ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ। ਜਿਸ ਕਾਰਨ ਜਸਨਪ੍ਰੀਤ ਵਿਦੇਸ਼ ਭੱਜਣ ਵਿੱਚ ਸਫਲ ਹੋ ਗਿਆ।
ਉਧਰ, ਪੁਲੀਸ ਦੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਬਾਅਦ ਉਸ ਨੂੰ ਆਪਣੀ ਜਾਨ ਖ਼ਤਰੇ ਵਿੱਚ ਹੋਣ ਦਾ ਅੰਦਾਜ਼ਾ ਲੱਗ ਗਿਆ ਸੀ। ਉਸ ਨੇ ਇਹ ਖ਼ਦਸ਼ਾ ਪ੍ਰਗਟ ਕਰਦਿਆਂ ਅਮਰੀਕਾ ਵਿੱਚ ਰਹਿੰਦੇ ਆਪਣੇ ਦੋਸਤਾਂ ਨਾਲ ਗੱਲ ਕਰਕੇ ਵਿਦੇਸ਼ ’ਚੋਂ ਬੁਲਟ ਪਰੂਫ਼ ਜਾਕੈਟ ਮੰਗਵਾਈ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ।