nabaz-e-punjab.com

ਗੈਂਗਸਟਰ ਰਵੀ ਬਲਾਚੌਰੀਆ ਦੇ ਦੋ ਸਾਥੀਆਂ ਨੂੰ ਰੂਪਨਗਰ ਜੇਲ੍ਹ ਭੇਜਿਆ

ਮੁਲਜ਼ਮ ਅਰੁਣ ਕੁਮਾਰ ਦੇ ਖ਼ਿਲਾਫ਼ ਕਤਲ, ਲੁੱਟਾ-ਖੋਹਾਂ ਤੇ ਹੋਰਨਾਂ ਜੁਰਮਾਂ ਤਹਿਤ ਦਰਜ ਹਨ ਸੱਤ ਕੇਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਮਸ਼ਹੂਰ ਗੈਂਗਸਟਰ ਰਵੀ ਬਲਾਚੌਰੀਆ ਦੇ ਗ੍ਰਿਫ਼ਤਾਰ ਦੋ ਸਾਥੀਆਂ ਅਰੁਣ ਕੁਮਾਰ ਉਰਫ਼ ਮਨੀ ਪਿੰਡ ਬਾਥੂ (ਹਿਮਾਚਲ ਪ੍ਰਦੇਸ਼) ਅਤੇ ਸੰਦੀਪ ਕੁਮਾਰ ਉਰਫ਼ ਸੈਂਡੀ ਵਾਸੀ ਰਾਮਪੁਰ ਬਿਲੜੋ (ਹੁਸ਼ਿਆਰਪੁਰ) ਨੂੰ ਅੱਜ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਦੋਵੇਂ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਐਨਡੀਪੀਐਸ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਅਰੁਣ ਕੁਮਾਰ ਦੇ ਖ਼ਿਲਾਫ਼ ਕਤਲ, ਲੁੱਟਾ-ਖੋਹਾਂ ਤੇ ਹੋਰਨਾਂ ਜੁਰਮਾਂ ਤਹਿਤ ਕਰੀਬ ਸੱਤ ਕੇਸ ਦਰਜ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇਕ ਏਸੈਂਟ ਕਾਰ ਵੀ ਬਰਾਮਦ ਕੀਤੀ ਹੈ, ਜੋ ਗੜ੍ਹਸ਼ੰਕਰ ਕਤਲ ਕੇਸ ਵਿੱਚ ਵਰਤੀ ਗਈ ਸੀ। ਇਸ ਤੋਂ ਇਲਾਵਾ ਦੋ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਏ ਗਏ ਹਨ।
ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੈਰੋਇਨ ਅਤੇ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ ਸੀ। ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਤੋਂ ਬਾਅਦ ਮੁਹਾਲੀ ਪੁਲੀਸ ਦੀ ਸੂਚਨਾ ’ਤੇ ਗੁਜਰਾਤ ਪੁਲੀਸ ਵੱਲੋਂ ਗੈਂਗਸਟਰ ਰਵੀ ਬਲਾਚੌਰੀਆ ਨੂੰ ਗੁਜਰਾਤ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਖ਼ਿਲਾਫ਼ ਕਾਫ਼ੀ ਅਪਰਾਧਿਕ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰ ਬਲਾਚੌਰੀਆ ਨੂੰ ਪ੍ਰੋਡਕਸ਼ਨ ਵਰੰਟ ’ਤੇ ਮੁਹਾਲੀ ਲਿਆਂਦਾ ਜਾਵੇਗਾ। ਇਸ ਸਬੰਧੀ ਪੁਲੀਸ ਨੇ ਕਾਨੂੰਨੀ ਚਾਰਜੋਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਫੇਜ਼-1 ’ਚੋਂ ਗੈਂਗਸਟਰ ਰਵੀ ਬਲਾਚੌਰੀਆ ਦੇ ਸਾਥੀ ਅਰੁਣ ਕੁਮਾਰ ਉਰਫ਼ ਮਨੀ 110 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਦਿਨੀਂ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਮਨੀ ਮੁਹਾਲੀ ਵਿੱਚ ਕਿਸੇ ਨੂੰ ਚਿੱਟੇ ਦੀ ਸਪਲਾਈ ਦੇਣ ਆ ਰਿਹਾ ਹੈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਹੈਰੋਇਨ ਸਮੇਤ 30 ਬੋਰ ਦਾ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਮਗਰੋਂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 315 ਬੋਰ ਦਾ ਇਕ ਹੋਰ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਅਰੁਣ ਕੁਮਾਰ ਦੀ ਨਿਸ਼ਾਨਦੇਹੀ ’ਤੇ ਹੀ ਉਸ ਦੇ ਦੂਜੇ ਸਾਥੀ ਸੰਦੀਪ ਕੁਮਾਰ ਨੂੰ ਕਾਬੂ ਕਰਕੇ ਉਸ ਕੋਲੋਂ 315 ਬੋਰ ਦਾ ਇਕ ਦੇਸੀ ਕੱਟਾ ਬਰਾਮਦ ਕੀਤਾ ਗਿਆ ਸੀ।
ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦਸੰਬਰ 2019 ਵਿੱਚ ਮੁਹਾਲੀ ਹਵਾਈ ਅੱਡੇ ਨੇੜੇ ਐਰੋਸਿਟੀ ਵਿੱਚ ਇਕ ਉਸਾਰੀ ਅਧੀਨ ਮਕਾਨ ਦੇ ਮਾਲਕ ਬੈਂਕ ਮੈਨੇਜਰ ਤੋਂ ਗੰਨ ਪੁਆਇੰਟ ’ਤੇ ਐਮਜੀ ਹੈਕਟਰ ਗੱਡੀ ਖੋਹੀ ਸੀ। ਇੰਝ ਹੀ ਇਨ੍ਹਾਂ ਨੇ ਯਮੁਨਾਨਗਰ ਏਰੀਆ ਵਿੱਚ ਇਕ ਆਈ-20 ਕਾਰ ਦੀ ਖੋਹੀ ਸੀ। ਪੁਲੀਸ ਅਨੁਸਾਰ ਅਰੁਣ ਕੁਮਾਰ ਨੇ 2013 ਵਿੱਚ ਊਨਾ ਵਿੱਚ ਵਿਨੋਦ ਜੈਨ ਦਾ ਕਤਲ ਕੀਤਾ ਸੀ। ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਉਹ 2018 ਵਿੱਚ ਪਰੋਲ ’ਤੇ ਬਾਹਰ ਆ ਗਿਆ ਸੀ ਪ੍ਰੰਤੂ ਦੁਬਾਰਾ ਜੇਲ੍ਹ ਵਾਪਸ ਨਹੀਂ ਗਿਆ ਅਤੇ ਭਗੌੜਾ ਹੋ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …