nabaz-e-punjab.com

ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਮੁੜ 7 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਮੁੱਲਾਂਪੁਰ ਏਰੀਆ ਵਿੱਚ ਦੱਬ ਕੇ ਰੱਖਿਆ .38 ਬੋਰ ਦਾ ਰਿਵਾਲਵਰ ਵੀ ਕੀਤਾ ਬਰਾਮਦ
20 ਲੱਖ ਦੀ ਫਿਰੌਤੀ ਦੀ ਰਾਸ਼ੀ ਰਿਕਵਰ ਕਰਨ ਲਈ ਗੈਂਗਸਟਰ ਬਾਬਾ ਜਾਇਦਾਦ ਅਟੈਚ ਕੀਤੀ ਜਾਵੇਗੀ: ਐਸਐਸਪੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਮੁਹਾਲੀ ਵਿੱਚ ਉੱਘੇ ਗਾਇਕ ਪਰਮੀਸ਼ ਵਰਮਾ ’ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫਤਾਰ ਕੀਤੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ਼ ਬਾਬਾ ਦੀ ਡੀਐਸਪੀ (ਜਾਂਚ) ਕੰਵਲਪ੍ਰੀਤ ਸਿੰਘ ਚਾਹਲ ਅਤੇ ਡੀਐਸਪੀ (ਸਿਟੀ-1) ਅਮਰੋਜ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀ.ਆਈ.ਏ.ਸਟਾਫ਼ ਮੁਹਾਲੀ ਦੇ ਇੰਚਾਰਜ ਰਾਜਨ ਪਰਵਿੰਦਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਫੇਜ਼-1 ਜਤਿੰਦਰਪਾਲ ਸਿੰਘ ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਕਤ ਗੈਂਸਸਟਰ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਇੱਕ .38 ਬੋਰ ਦਾ ਰਿਵਾਲਵਰ ਜਿਸ ਨਾਲ ਉਸ ਨੇ ਆਪਣੀ ਫੇਸਬੁੱਕ ਉੱਤੇ ਫੋਟੋ ਅਪਲੋਡ ਕੀਤੀ ਹੋਈ ਸੀ, ਇਹ ਹਥਿਆਰ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਇਹ ਰਿਵਾਲਵਰ ਸਿਸਵਾ ਕੱਟ ਥਾਣਾ ਮੁੱਲਾਂਪੁਰ ਦੇ ਏਰੀਆ ਵਿੱਚ ਦੱਬ ਕੇ ਰੱਖਿਆ ਹੋਇਆ ਸੀ। ਉਨ੍ਹਾ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਹੈ ਕਿ ਇਸੇ ਰਿਵਾਲਵਰ ਨਾਲ ਇਸ ਦੇ ਸਾਥੀ ਗੈਂਗਸਟਰ ਰਿੰਦਾ ਅਤੇ ਨਰੇਸ਼ ਨੇ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਗਾਂਧੀ ਸਾਬਕਾ ਸਰਪੰਚ ਪਿੰਡ ਰਸੂਲੜਾ ਥਾਣਾ ਸਦਰ ਖੰਨਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਪਹਿਲਾਂ ਦਿੱਤਾ ਸੱਤ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਪੁਲੀਸ ਚੌਕੀ ਉਦਯੋਗਿਕ ਏਰੀਆ ਫੇਜ਼-8 ਦੇ ਇੰਚਾਰਜ ਸਬ ਇੰਸਪੈਕਟਰ ਸਮੀਤ ਮੋਰ ਦੇ ਰਾਹੀਂ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੁਲਜ਼ਮ ਦੇ ਪੁਲੀਸ ਰਿਮਾਂਡ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ। ਪੁਲੀਸ ਨੇ ਜੱਜ ਨੂੰ ਦੱਸਿਆ ਕਿ ਗੈਂਗਸਟਰ ਬਾਬਾ ਤੋਂ ਉਸ ਦੇ ਫਰਾਰ ਹੋਰਨਾਂ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਪੱਤੇ ਟਿਕਾਣਿਆਂ ਬਾਰੇ ਹੋਰ ਪੁੱਛਗਿੱਛ ਕਰਨੀ ਹੈ। ਅਦਾਲਤ ਨੇ ਪੁਲੀਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਗੈਂਗਸਟਰ ਦਿਲਪ੍ਰੀਤ ਨੂੰ ਮੁੜ 7 ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਉਧਰ, ਅੱਜ ਆਪਣੇ ਦਫ਼ਤਰ ਵਿੱਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਗੈਂਗਸਟਰ ਦਿਲਪ੍ਰੀਤ ਵੱਲੋਂ ਗਾਇਕ ਪਰਮੀਸ਼ ਵਰਮਾ ਤੋਂ ਲਈ 20 ਲੱਖ ਰੁਪਏ ਫਿਰੌਤੀ ਦੀ ਰਿਕਵਰੀ ਲਈ ਮੁਲਜ਼ਮ ਦੀ ਜਾਇਦਾਦ ਅਟੈਚ ਕੀਤੀ ਜਾਵੇਗੀ। ਇਸ ਸਬੰਧੀ ਮਾਲ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਚਲ ਸਕੇ ਕਿ ਗੈਂਗਸਟਰ ਨੇ ਕਿੱਥੇ ਕਿੱਥੇ ਜਾਇਦਾਦ ਬਣਾਈ ਹੈ ਜਾਂ ਉਸ ਦੀ ਜੱਦੀ ਜ਼ਮੀਨ ਕਿੱਥੇ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਨਿਸ਼ਾਨਦੇਹੀ ਤੋਂ ਬਾਅਦ ਉਸ ਨੂੰ ਕੇਸ ਪ੍ਰਾਪਰਟੀ ਬਣਾਇਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…