ਕੂੜਾ ਪ੍ਰਬੰਧਨ: ਸਫ਼ਾਈ ਸੇਵਕਾਂ ਨੇ ਮੁਹਾਲੀ ਨਗਰ ਨਿਗਮ ਦੇ ਬਾਹਰ ਕੂੜਾ ਸੁੱਟ ਕੇ ਕੀਤਾ ਰੋਸ ਮੁਜ਼ਾਹਰਾ

ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਮੇਅਰ ਤੇ ਵਿਧਾਇਕ ਦੇ ਘਰ ਅੱਗੇ ਕੂੜਾ ਸੁੱਟ ਕੇ ਘਿਰਾਓ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 28 ਜੂਨ:
ਸ਼ਹਿਰ ਵਿੱਚ ਕੂੜਾ ਪ੍ਰਬੰਧਨ ਦਾ ਮਾਮਲਾ ਮੁਹਾਲੀ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਸ਼ਹਿਰ ਵਿੱਚ ਚਾਰ ਚੁਫੇਰੇ ਫੈਲੀ ਗੰਦਗੀ ਦੇ ਵਿਰੋਧ ਵਿੱਚ ਲੋਕ ਹੁਣ ਸੜਕਾਂ ’ਤੇ ਉੱਤਰ ਆਏ ਹਨ। ਮੁਹਾਲੀ ਦੀਆਂ ਮੁੱਖ ਸੜਕਾਂ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਈ ਹੈ ਅਤੇ ਕੂੜੇਦਾਨਾਂ ਤੋਂ ਬਾਹਰ ਦੂਰ ਤੱਕ ਕੂੜਾ ਖਿੱਲਰਿਆ ਪਿਆ ਹੈ। ਸਫ਼ਾਈ ਸੇਵਕਾਂ ਨੇ ਮੁਹਾਲੀ ਨਗਰ ਨਿਗਮ ਦੇ ਬਾਹਰ ਕੂੜਾ ਸੁੱਟ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ, ਮੇਅਰ ਅਤੇ ਕਮਿਸ਼ਨਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡ ਯਾਲ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਜਗਜੀਤ ਸਿੰਘ, ਰਾਜਨ ਚਾਵਰੀਆ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਯਸ਼ਪਾਲ, ਮਨੀਕੰਡਨ, ਸਚਿਨ ਕੁਮਾਰ, ਰਾਜੁ ਸੰਗੇਲਿਆ, ਬ੍ਰਿਜ ਮੋਹਨ ਅਤੇ ਰੌਸ਼ਨ ਲਾਲ ਸਮੇਤ ਕਈ ਹੋਰਨਾਂ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਬਰਸਾਤ ਦਾ ਮੌਸਮ ਸਿਰ ’ਤੇ ਹੈ। ਡੰਪਿੰਗ ਪੁਆਇੰਟ ਕੂੜੇ ਨਾਲ ਭਰੇ ਹੋਏ ਹਨ। ਜੇਕਰ ਤੁਰੰਤ ਹੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸ਼ਹਿਰ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ।
ਪਿਛਲੇ ਦੋ ਸਾਲਾਂ ਤੋਂ ਸਫ਼ਾਈ ਸੇਵਕਾਂ ਦੀ ਕੋਈ ਮੰਗ ਨਹੀਂ ਮੰਨੀ ਗਈ। ਪਿਛਲੀਆਂ ਹੜਤਾਲਾਂ ਦੌਰਾਨ ਮੇਅਰ ਨੇ ਭਰੋਸਾ ਦਿੱਤਾ ਸੀ ਕਿ ਚੋਣ ਜ਼ਾਬਤਾ ਹਟਣ ਤੋਂ ਹਾਊਸ ਦੀ ਮੀਟਿੰਗ ਸੱਦ ਕੇ ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ 18000 ਰੁਪਏ, 500 ਰੁਪਏ ਸਪੈਸ਼ਲ ਭੱਤਾ, ਪਬਲਿਕ ਪਖਾਨਿਆਂ ’ਤੇ ਪਹਿਲਾਂ ਵਾਂਗ 4-4 ਕਰਮਚਾਰੀਆਂ ਦੀ ਤਾਇਨਾਤੀ, ਬਾਗਬਾਨੀ ਵਿੰਗ ਵਿੱਚ ਤਾਇਨਾਤੀ ਆਦਿ ਮਤੇ ਪਾਸ ਕਰਵਾਏ ਜਾਣਗੇ। ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਹੁਣ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਨਾਂ ’ਤੇ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਡੰਪਿੰਗ ਗਰਾਉਂਡ ਵਿੱਚ ਕੂੜਾ ਸੁੱਟਣ ’ਤੇ ਲਾਈ ਪਾਬੰਦੀ ਬਾਰੇ ਹੁਕਮਾਂ ਦੀ ਕਾਪੀ ਮੰਗ ਰਹੇ ਹਨ ਪਰ ਕੋਈ ਅਧਿਕਾਰੀ ਪੱਤਰ ਦੇਣ ਨੂੰ ਤਿਆਰ ਨਹੀਂ ਹੈ। ਪਿਛਲੇ 10 ਦਿਨਾਂ ਤੋਂ ਡੰਪਿੰਗ ਗਰਾਉਂਡ ਬੰਦ ਹੈ ਪ੍ਰੰਤੂ ਹੁਣ ਤੱਕ ਬਦਲਵੇਂ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੇਅਰ ਦੇ ਘਰ ਮੂਹਰੇ ਕੂੜਾ ਸੁੱਟ ਕੇ ਘਿਰਾਓ ਕੀਤਾ ਜਾਵੇਗਾ। ਇਸ ਮਗਰੋਂ ‘ਆਪ’ ਵਿਧਾਇਕ ਦੇ ਘਰ ਅੱਗੇ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੂੜੇ ਦੀ ਸਮੱਸਿਆ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਸਮੂਹ ਸਫ਼ਾਈ ਸੇਵਕ ਆਪਣੇ ਹੱਥਾਂ ’ਚੋਂ ਝਾੜੂ ਸੁੱਟ ਕੇ ਅਣਮਿਥੇ ਸਮੇਂ ਲਈ ਹੜਤਾਲ ’ਤੇ ਚਲੇ ਜਾਣਗੇ ਅਤੇ ਪੈਦਾ ਹੋਣ ਵਾਲੇ ਹਾਲਾਤਾਂ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ ਸੈਕਟਰ-71 ਆਈਵੀ…