ਕੂੜਾ ਪ੍ਰਬੰਧਨ: ਨਗਰ ਨਿਗਮ ਦਫ਼ਤਰ ਦੇ ਬਾਹਰ ਸਫ਼ਾਈ ਸੇਵਕ ਕਰਨਗੇ ਰੋਸ ਪ੍ਰਦਰਸ਼ਨ

ਮਸਲੇ ਦਾ ਹੱਲ ਨਾ ਹੋਇਆ ਤਾਂ ਸਫ਼ਾਈ ਸੇਵਕ ਅਣਮਿਥੇ ਸਮੇਂ ਲਈ ਹੜਤਾਲ ’ਤੇ ਚਲੇ ਜਾਣਗੇ

ਨਬਜ਼-ਏ-ਪੰਜਾਬ, ਮੁਹਾਲੀ, 27 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਕੂੜਾ ਪ੍ਰਬੰਧਨ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਬੀਤੇ ਦਿਨੀਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਨੇ ਅਫ਼ਸਰਸ਼ਾਹੀ ਦਾ ਪੁਤਲਾ ਸਾੜ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੁਣ ਸਫ਼ਾਈ ਸੇਵਕਾਂ ਨੇ ਵੀ ਸੜਕਾਂ ’ਤੇ ਆਉਣ ਦਾ ਐਲਾਨ ਕਰ ਦਿੱਤਾ ਹੈ। ਸਫ਼ਾਈ ਸੇਵਕ ਭਲਕੇ 28 ਜੂਨ ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਕੂੜਾ ਸੱੁਟ ਕੇ ਰੋਸ ਮੁਜ਼ਾਹਰਾ ਕਰਨਗੇ। ਇਹ ਫ਼ੈਸਲਾ ਅੱਜ ਇੱਥੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੀ ਮੀਟਿੰਗ ਵਿੱਚ ਲਿਆ ਗਿਆ।
ਜਥੇਬੰਦੀ ਦੇ ਸੀਨੀਅਰ ਵਾਈਸ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਜਗਜੀਤ ਸਿੰਘ, ਰਾਜਨ ਚਾਵਰੀਆ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਯਸ਼ਪਾਲ, ਇੰਦਰਜੀਤ ਸਿੰਘ, ਰਾਜੂ ਸੰਗੇਲਿਆ, ਰੌਸ਼ਨ ਲਾਲ, ਸਚਿਨ ਕੁਮਾਰ ਅਤੇ ਬ੍ਰਿਜ ਮੋਹਨ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਵੱਲੋਂ ਮਾਰਕੀਟਾਂ ਅਤੇ ਸੜਕਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਪ੍ਰੰਤੂ ਕੂੜਾ ਭਰਨ ਲਈ ਟਰਾਲੀਆਂ/ ਗੱਡੀਆਂ ਭਰੀਆਂ ਖੜੀਆਂ ਹਨ। ਕਿਉਂਕਿ ਡੰਪਿੰਗ ਗਰਾਉਂਡ ਵਿੱਚ ਕੂੜਾ ਸੁੱਟਣ ਤੋਂ ਰੋਕ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਸੜਕਾਂ ਕਿਨਾਰੇ ਕੂੜਾ ਖਿੱਲਰਨਾ ਸ਼ੁਰੂ ਹੋ ਗਿਆ ਹੈ ਅਤੇ ਸ਼ਹਿਰ ਵਿੱਚ ਚਾਰੇ ਪਾਸੇ ਗੰਦਗੀ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ, ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਿਹਾ ਹੈ ਪ੍ਰੰਤੂ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀ ਕੂੜੇ ਦੀ ਸੰਭਾਲ ਕਰਨ ਵਿੱਚ ਫੇਲ੍ਹ ਸਾਬਤ ਹੋ ਰਹੇ ਹਨ।
ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਕਿਹਾ ਕਿ ਅੱਜ ਜਿੰਨੀ ਲੋੜ ਘਰ, ਰੋਟੀ-ਕੱਪੜਾ, ਬਿਜਲੀ-ਪਾਣੀ ਦੀ ਲੋੜ ਹੈ। ਉਨ੍ਹਾਂ ਹੀ ਕੂੜਾ ਪ੍ਰਬੰਧਨ ਦੀ ਲੋੜ ਹੈ। ਹਰੇਕ ਸ਼ਹਿਰ ਵਿੱਚ ਕੂੜਾ ਸੁੱਟਣ ਲਈ ਨਿਰਧਾਰਿਤ ਥਾਂ ਹੈ। ਪ੍ਰੰਤੂ ਮੁਹਾਲੀ ਵਿੱਚ ਬਦਲਵੇਂ ਪ੍ਰਬੰਧ ਕੀਤੇ ਬਿਨਾਂ ਹੀ ਡੰਪਿੰਗ ਗਰਾਉਂਡ ਵਿੱਚ ਕੂੜਾ ਸੁੱਟਣਾ ਬੰਦ ਕਰ ਦਿੱਤਾ ਹੈ। ਕੂੜੇ ਦਾ ਪ੍ਰਬੰਧ ਨਾ ਹੋਣ ਕਾਰਨ ਸਫ਼ਾਈ ਸੇਵਕ ਹੜਤਾਲ ’ਤੇ ਜਾਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਆਰਐਮਸੀ ਪੁਆਇੰਟਾਂ ’ਤੇ ਗਿੱਲੇ ਕੂੜੇ ਦੀ ਪ੍ਰੋਸੈਸਿੰਗ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ। ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਹਾਲਾਤ ਹੋਰ ਬਦਤਰ ਹੋ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੂੜੇ ਦੀ ਸਮੱਸਿਆ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਸਮੂਹ ਸਫ਼ਾਈ ਸੇਵਕ ਆਪਣੇ ਹੱਥਾਂ ’ਚੋਂ ਝਾੜੂ ਸੁੱਟ ਕੇ ਅਣਮਿਥੇ ਸਮੇਂ ਲਈ ਹੜਤਾਲ ’ਤੇ ਚਲੇ ਜਾਣਗੇ ਅਤੇ ਪੈਦਾ ਹੋਣ ਵਾਲੇ ਹਾਲਾਤਾਂ ਲਈ ਨਿਗਮ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ ਸੈਕਟਰ-71 ਆਈਵੀ…