
ਗੈਸ ਖਪਤਕਾਰਾਂ ਵੱਲੋਂ ਗੈਸ ਸਿਲੰਡਰ ਨਾ ਮਿਲਣ ਕਾਰਨ ਐਸਡੀਐਮ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਅਗਸਤ:
ਖਰੜ ਇਲਾਕੇ ਵਿੱਚ ਗੈਸ ਏਜੰਸੀ ਦੇ ਖਪਤਕਾਰਾਂ ਨੇ ਗੈਸ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਐਸਡੀਐਮ ਖਰੜ ਦੇ ਦਫ਼ਤਰ ਦੇ ਬਾਹਰ ਪੁੱਜ ਕੇ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਗੈਸ ਏਜੰਸੀ ਦੀ ਸਪਲਾਈ ਵਿੱਚ ਸੁਧਾਰ ਲਿਆਂਦਾ ਜਾਵੇ। ਪਰਮਿੰਦਰ ਸਿੰਘ, ਸੁਰਮੁੱਖ ਸਿੰਘ, ਸਤਪਾਲ ਸਿੰਘ, ਰਾਜੂ, ਜਗਜੀਤ ਸਿੰਘ ਬੱਲੋਮਾਜਰਾ, ਜਸਪ੍ਰੀਤ ਸਿੰਘ, ਵਿਸ਼ਵਾ, ਅਮਰੀਕ ਸਿੰਘ, ਗੁਲਜ਼ਾਰ ਸਿੰਘ, ਸਵਰਨ ਖਾਂ, ਰਾਣੀ, ਡਾ. ਅਸ਼ੀਸ਼ ਸਿੰਗਲਾ, ਡਾ. ਬੀ.ਕੇ. ਸਿੰਗਲਾ ਸਮੇਤ ਹੋਰਨਾਂ ਨੇ ਦੱਸਿਆ ਕਿ ਉਹ ਖਰੜ ਗੈਸ ਏਜੰਸੀ ਦੇ ਖਪਤਕਾਰ ਹਨ। ਉਹ ਪਿਛਲੇ 10-15 ਦਿਨਾਂ ਤੋਂ ਗੈਸ ਸਿਲੰਡਰ ਲੈਣ ਲਈ ਚੱਕਰ ਕੱਟ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ ਹਨ। ਗੈਸ ਏਜੰਸੀ ਤੋਂ ਰੋਜ਼ਾਨਾ ਹੀ ਇਹ ਜਵਾਬ ਮਿਲਦਾ ਹੈ ਕਿ ਪਿੱਛੋਂ ਗੈਸ ਆਈ ਨਹੀਂ ਹੈ ਜਦੋਂ ਕਿ ਪ੍ਰਾਈਵੇਟ ਗੈਸ ਏਜੰਸੀਆਂ ਵਿੱਚ ਸਪਲਾਈ ਰੋਜ਼ਾਨਾ ਆ ਰਹੀ ਹੈ।
ਗੈਸ ਖਪਤਕਾਰਾਂ ਨੇ ਦੱਸਿਆ ਕਿ ਕਈ ਪਰਿਵਾਰਾਂ ਵਿੱਚ ਵਿਆਹ ਸ਼ਾਦੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਗੈਸ ਸਿਲੰਡਰਾਂ ਦੀ ਬਹੁਤ ਲੋੜ ਹੈ। ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਉਹ ਅੱਜ ਸਵੇਰੇ ਜਦੋਂ ਗੈਸ ਏਜੰਸੀ ਵਿੱਚ ਪੁੱਜੇ ਤਾਂ ਉੱਥੇ ਤਾਇਨਾਤ ਇੱਕ ਕਰਮਚਾਰੀ ਨੇ ਕਿਹਾ ਕਿ ਅਜੇ ਤਾਈਂ ਪਿੱਛੋਂ ਗੈਸ ਨਹੀਂ ਆਈ ਹੈ। ਤੁਸੀਂ ਐਸ.ਡੀ.ਐਮ.ਖਰੜ ਨੂੰ ਜਾ ਕੇ ਮਿਲੋ। ਖਰੜ ਦੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਨੇ ਗੈਸ ਖਪਤਕਾਰਾਂ ਦੀ ਸਮੱਸਿਆ ਸੁਣੀ ਅਤੇ ਪਨਸਪ ਗੈਸ ਏਜੰਸੀ ਖਰੜ ਦੇ ਮੈਨੇਜ਼ਰ ਨੂੰ ਫੋਨ ਤੇ ਕਿਹਾ ਕਿ ਉਹ ਗੈਸ ਖਪਤਕਾਰਾਂ ਲਈ ਤੁਰੰਤ ਗੈਸ ਸਿਲੰਡਰਾਂ ਦਾ ਪ੍ਰਬੰਧ ਕਰਵਾਉਣ। ਉਨ੍ਹਾਂ ਗੈਸ ਖਪਤਕਾਰਾਂ ਨੂੰ ਕਿਹਾ ਕਿ ਉਹ ਸਪਲਾਈ ਸਬੰਧੀ ਲਿਖਤੀ ਦੇਣ ਤਾਂ ਕਿ ਸਪਲਾਈ ਵਿਚ ਸੁਧਾਰ ਕਰਨ ਲਈ ਡਿਪਟੀ ਕਮਿਸ਼ਨਰ, ਜਿਲ੍ਹਾ ਮੈਨੇਜ਼ਰ ਪਨਸਪ ਨੂੰ ਲਿਖਿਆ ਜਾ ਸਕੇ।