ਪਿੰਡ ਲਖਨੌਰ ਵਿੱਚ ਭਾਂਡਿਆਂ ਦੀ ਦੁਕਾਨ ’ਤੇ ਗੈਸ ਸਿਲੰਡਰਾਂ ’ਚ ਧਮਾਕਾ, ਦੋ ਗੰਭੀਰ ਜ਼ਖ਼ਮੀ

ਘਰੇਲੂ ਗੈਸ ਸਿਲੰਡਰ ’ਚੋਂ ਕਮਰਸ਼ੀਅਲ ਸਿਲੰਡਰਾਂ ’ਚ ਗੈਸ ਭਰਨ ਵੇਲੇ ਵਾਪਰਿਆ ਹਾਦਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਇੱਥੋਂ ਦੇ ਨਜ਼ਦੀਕੀ ਪਿੰਡ ਲਖਨੌਰ ਸੜਕ ਕਿਨਾਰੇ ਮਾਰਕੀਟ ਵਿੱਚ ਭਾਂਡਿਆਂ ਦੀ ਦੁਕਾਨ ’ਤੇ ਦੋ ਛੋਟੇ ਸਿਲੰਡਰ ਫਟ ਜਾਣ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਥੇ ਨੇੜੇ ਹੀ ਗੈਸ ਏਜੰਸੀ ਵੀ ਹੈ। ਜਿਸ ਕਾਰਨ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਰਿਹਾ। ਦੱਸਿਆ ਗਿਆ ਹੈ ਕਿ ਘਰੇਲੂ ਗੈਸ ਸਿਲੰਡਰ ’ਚੋਂ ਕਮਰਸ਼ੀਅਲ ਸਿਲੰਡਰਾਂ ਵਿੱਚ ਗੈਸ ਭਰਨ ਵੇਲੇ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੁਕਾਨ ਦਾ ਮਾਲਕ ਸਾਕੀ ਆਲਮ ਅਤੇ ਕਾਲਾ ਢਾਬੇ ’ਤੇ ਕੰਮ ਕਰਨ ਵਾਲਾ ਰਾਮੂ ਬੂਰੀ ਤਰ੍ਹਾਂ ਝੁਲਸੇ ਗਏ ਹਨ। ਸਰਕਾਰੀ ਹਸਪਤਾਲ ਵਿੱਚ ਦਰਦ ਨਾਲ ਤੜਫ਼ ਰਿਹਾ ਦੁਕਾਨਦਾਰ ਸਾਕੀ ਆਲਮ ਵਾਰ ਵਾਰ ਇਹ ਅੱਲਾ ਨੂੰ ਪੁਕਾਰਦੇ ਹੋਏ ਰਹਿਮ ਦੀ ਭੀਖ ਮੰਗ ਰਿਹਾ ਸੀ ਅਤੇ ਅੱਲਾ ਨਾਲ ਰੋਜ਼ਾਨਾ 5 ਟਾਈਮ ਨਾਜ਼ਮ ਪੜ੍ਹਨ ਦੀ ਦੁਹਾਈ ਦੇ ਰਿਹਾ ਸੀ।
ਉਧਰ, ਸੂਚਨਾ ਮਿਲਦੇ ਹੀ ਪੀਸੀਆਰ ਡਿਊਟੀ ’ਤੇ ਤਾਇਨਾਤ ਹੌਲਦਾਰ ਸੁਰੇਸ਼ ਕੁਮਾਰ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਤੁਰੰਤ ਸੋਹਾਣਾ ਥਾਣੇ ਨੂੰ ਇਤਲਾਹ ਦਿੱਤੀ ਗਈ। ਇਸ ਮਗਰੋਂ ਥਾਣਾ ਮੁਖੀ ਇੰਸਪੈਕਟਰ ਭਗਵੰਤ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਦੁਕਾਨ ’ਚੋਂ ਕਮਰਸ਼ੀਅਲ ਸਿਲੰਡਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਾਕੀ ਆਲਮ ਕਾਫ਼ੀ ਸਮੇਂ ਇੱਥੇ ਕੰਮ ਕਰਨ ਲੱਗਾ ਸੀ, ਉਹ ਭਾਂਡੇ ਵੇਚਣ ਦੇ ਨਾਲ-ਨਾਲ ਘਰੇਲੂ ਗੈਸ ਸਿਲੰਡਰਾਂ ’ਚੋਂ ਕਥਿਤ ਗੈਰ ਕਾਨੂੰਨੀ ਤਰੀਕੇ ਨਾਲ ਕਮਰਸ਼ੀਅਲ ਸਿਲੰਡਰਾਂ ਵਿੱਚ ਗੈਸ ਭਰ ਕੇ ਉਨ੍ਹਾਂ ਦੀ ਆਨ ਡਿਮਾਂਡ ਸਪਲਾਈ ਦਾ ਕੰਮ ਕਰਦਾ ਸੀ। ਅੱਜ ਬਾਅਦ ਦੁਪਹਿਰ ਵੀ ਉਹ ਅਜਿਹਾ ਹੀ ਕੁੱਝ ਕਰ ਰਿਹਾ ਸੀ ਕਿ ਅਚਾਨਕ ਦੋ ਗੈਸ ਸਿਲੰਡਰ ਫੜ ਗਏ। ਇਹ ਹਾਦਸਾ ਗੈਸ ਲੀਕ ਹੋਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਸਾਕੀ ਆਲਮ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਹ ਬੂਰੀ ਤਰ੍ਹਾਂ ਝੁਲਸਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਫ਼ਤਾ ਕੁ ਪਹਿਲਾਂ ਹੀ ਪੁਲੀਸ ਨੇ ਦੁਕਾਨਦਾਰ ਨੂੰ ਤਾੜਨਾ ਕੀਤੀ ਗਈ ਸੀ ਕਿ ਉਹ ਗੈਸ ਭਰਨ ਦਾ ਗੈਰ ਕਾਨੂੰਨੀ ਕੰਮ ਬੰਦ ਕਰ ਦੇਵੇ ਨਹੀਂ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਧਰ, ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਜਾਂਚ ਤੋਂ ਬਾਅਦ ਪੀੜਤਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਕਮਰਸ਼ੀਅਲ ਸਿਲੰਡਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Business

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…