ਦੂਜੇ ਕੌਮੀ ਮਾਰਸ਼ਲ ਆਰਟਸ ਟੂਰਨਾਮੈਂਟ ਮੌਕੇ ਗੱਤਕੇਬਾਜਾਂ ਨੇ ਦਿਖਾਏ ਵਿਲੱਖਣ ਜੌਹਰ

ਇੰਟਰ ਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੀ ਟੀਮ ਨੇ ਕੀਤਾ ਟਰਾਫ਼ੀ ’ਤੇ ਕਾਬਜ਼ਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਮਈ:
ਸਥਾਨਕ ਸਕੇਟਿੰਗ ਹਾਲ ਸੈਕਟਰ 10 ਵਿਖੇ ਸਮਾਪਤ ਹੋਏ ਦੋ ਰੋਜਾ ਦੂਜੇ ਆਲ ਇੰਡੀਆ ਮਾਰਸ਼ਲ ਆਰਟਸ ਫੈਸਟੀਵਲ-ਕਮ-ਟੂਰਨਾਮੈਂਟ ਮੌਕੇ ਪੰਜਾਬ ਅਤੇ ਹਰਿਆਣਾ ਦੀਆਂ ਗੱਤਕਾ ਟੀਮਾਂ ਨੇ ਪੁਰਾਤਨ ਜੰਗਜੂ ਕਲਾ ਦੇ ਜੌਹਰ ਦਿਖਾਏ ਅਤੇ ਇਸ ਟੂਰਨਾਮੈਂਟ ਦੀ ਸਮੁੱਚੀ ਟਰਾਫੀ ’ਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੀ ਟੀਮ ਨੇ ਕਬਜਾ ਜਮਾਇਆ।
ਇਹ ਜਾਣਕਾਰੀ ਦਿੰਦਿਆਂ ਇਸਮਾ ਦੇ ਪ੍ਰੈਸ ਸਕੱਤਰ ਹਰਜਿੰਦਰ ਕੁਮਾਰ ਅਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਇਹ ਦੂਜੇ ਕੌਮੀ ਮੁਕਾਬਲੇ ਮਾਰਸ਼ਲ ਆਰਟਸ ਗਵਰਨਿੰਗ ਬੋਰਡ ਇੰਟਰਨੈਸ਼ਨਲ ਵਲੋਂ ਇਸਮਾ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੇ ਕੀਤੀ ਜਿਸ ਦੌਰਾਨ ਗੱਤਕਾ ਖਿਡਾਰੀਆਂ ਅਤੇ ਖਿਡਾਰਨਾ ਨੇ ਫੱਰੀ-ਸੋਟੀ ਵਿਅਕਤੀਗਤ ਗੱਤਕਾ ਯੁੱਧ ਸਮੇਤ ਗੱਤਕਾ ਸ਼ਸਤਰ ਪ੍ਰਦਰਸ਼ਨੀ ਮੁਕਾਬਲਿਆਂ ਵਿਚ ਭਾਗ ਲਿਆ। ਗੱਤਕਾ ਟੀਮਾਂ ਨੇ ਖੜਕਦੀਆਂ ਸ਼ਮਸ਼ੀਰਾਂ, ਖੰਡਿਆਂ-ਨੇਜਿਆਂ ਦੇ ਮਾਰੂ ਵਾਰਾਂ, ਸੋਟੀਆਂ ਦੀ ਗਹਿਗੱਚ ਲੜਾਈ ਅਤੇ ਦੰਦ ਜੋੜ ਦੇਣ ਵਾਲੇ ਦਲੇਰਾਨਾਂ ਜੰਗਜੂ ਕਰਤਵ ਅਤੇ ਜੌਹਰ ਦਿਖਾ ਕੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਖਿਡਾਰੀਆਂ ਤੇ ਦਰਸ਼ਕਾਂ ਨੂੰ ਚਕਾਚੌਂਦ ਕਰਕੇ ਰੱਖ ਦਿੱਤਾ।
ਇਸ ਮੌਕੇ ਬੋਲਦਿਆਂ ਗੱਤਕਾ ਪ੍ਰਮੋਟਰ ਸ੍ਰੀ ਗਰੇਵਾਲ ਨੇ ਪੁਰਾਤਨ ਵਿਰਸੇ ਦੇ ਸੰਭਾਲ ਲਈ ਗੱਤਕਾ ਮੁਕਾਬਲੇ ਕਰਵਾਉਣ ’ਤੇ ਜੋਰ ਦਿੰਦਿਆਂ ਸਮੂਹ ਨੌਜਵਾਨਾਂ ਅਤੇ ਖੇਡ ਕਲੱਬਾਂ ਨੂੰ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ, ਪਤਿੱਤਪੁਣੇ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖ ਵਿਰਸੇ ਦੀ ਸੰਭਾਲ ਖਾਤਰ ਅੱਗੇ ਆਉਣ ਅਤੇ ਪਿੰਡ ਪੱਧਰ ’ਤੇ ਗੱਤਕੇਬਾਜ਼ੀ ਦੇ ਵਿਰਾਸਤੀ ਮੁਕਾਬਲੇ ਕਰਵਾਕੇ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਇਹ ਸਵੈ-ਰੱਖਿਆ ਦੀ ਮਾਣਮੱਤੀ ਖੇਡ ਅਪਨਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਵੈ-ਰੱਖਿਆ ਲਈ ਗੱਤਕਾ ਉਤਮ ਖੇਡ ਹੈ ਅਤੇ ਸਾਨੂੰ ਸਭ ਨੂੰ ਇਸ ਇਤਿਹਾਸਕ ਖੇਡ ਨੂੰ ਪ੍ਰਫੂਲੱਤ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਜਾਰੀ ਕਰਦਿਆਂ ਨੈਸ਼ਨਲ ਗੱਤਕਾ ਕੋਚ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਪਟਿਆਲਾ ਨੇ ਦੱਸਿਆ ਕਿ ਫੱਰੀ-ਸੋਟੀ ਵਿਅਕਤੀਗਤ ਗੱਤਕਾ ਯੁੱਧ ਵਿਚ ਲੜਕੀਆਂ ਦੇ ਵਰਗ ਵਿਚ ਇਸਮਾ ਦੀ ਖਿਡਾਰਨ ਹਰਮੀਤ ਕੌਰ ਨੇ ਸੋਨ ਤਗਮਾ ਅਤੇ ਪਵਨੀਤ ਕੌਰ ਮੋਰਿੰਡਾ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਕਰਨਪ੍ਰੀਤ ਕੌਰ ਰਾਜਪੁਰਾ ਅਤੇ ਅੰਤਰਾ ਸੇਨ ਮੁਹਾਲੀ ਨੇ ਸਾਂਝੇ ਤੌਰ ’ਤੇ ਕਾਂਸੋ ਦਾ ਤਗਮਾ ਹਾਸਲ ਕੀਤਾ। ਉਧਰ ਲੜਕਿਆਂ ਦੇ ਵਰਗ ਵਿਚ ਇਸਮਾ ਦੇ ਦਵਿੰਦਰ ਸਿੰਘ ਨੇ ਸੋਨੇ ਦਾ ਅਤੇ ਸੰਦੀਪ ਪਾਲ ਸਿੰਘ ਰਾਜਪੁਰਾ ਨੇ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਕਰਨਪ੍ਰੀਤ ਸਿੰਘ ਮੋਰਿੰਡਾ ਅਤੇ ਪਰਮਜੀਤ ਸਿੰਘ ਨਾਭਾ ਨੇ ਸਾਂਝੇ ਤੌਰ ’ਤੇ ਕਾਂਸੇ ਦਾ ਤਗਮਾ ਜਿੱਤਿਆ।
ਗੱਤਕਾ ਸ਼ਸਤਰ ਪ੍ਰਦਰਸ਼ਨੀ ਮੁਕਾਬਲਿਆਂ ਵਿਚ ਇਸਮਾ ਦੇ ਗੱਤਕੇਬਾਜਾਂ ਨੇ ਬਿਹਤਰ ਜੰਗਜੂ ਕਲਾ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਜਦਕਿ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਰਾਜਪੁਰਾ ਨੇ ਚਾਂਦੀ ਦਾ ਤਗਮਾ ਜਦਕਿ ਅਕਾਲ ਅਕੈਡਮੀ ਸਿਉਣਾ ਅਤੇ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਨਾਭਾ ਨੇ ਸਾਂਝੇ ਤੌਰ ’ਤੇ ਕਾਂਸੇ ਦਾ ਤਗਮਾ ਹਾਸਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਸ਼ਲ ਆਰਟਸ ਗਵਰਨਿੰਗ ਬੋਰਡ ਇੰਟਰਨੈਸ਼ਨਲ ਦੇ ਪ੍ਰਧਾਨ ਤੇ ਕਰਾਟੇ ਕੋਚ ਰਾਜੀਵ ਪਾਲ ਸਿੰਘ, ਗੱਤਕਾ ਐਸੋਸਂਸ਼ਨ ਪਿੰਜੌਰ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਅਤੇ ਨੈਸ਼ਨਲ ਗੱਤਕਾ ਐਸੋਸੀਏੋਸ਼ਨ ਆਫ ਇੰਡੀਆ ਦੇ ਜੱਥੇਬੰਦਕ ਸਕੱਤਰ ਚਿਤਮਨਜੀਤ ਸਿੰਘ ਗਰੇਵਾਲ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…