ਮੁਹਾਲੀ ਵਿੱਚ ਸਿੱਖ ਅਜਾਇਬ ਘਰ ਦੇ ਮੂਹਰੇ ਦਰਸ਼ਨੀ ਡਿਊੜੀ ਗੇਟ ਬਣਿਆ ਖਿੱਚ ਦਾ ਕੇਂਦਰ

ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦੀ ਮਾਲੀ ਮਦਦ ਤੋਂ ਬਿਨਾਂ ਹੀ ਚਲ ਰਿਹਾ ਹੈ ਸਿੱਖ ਅਜਾਇਬ ਘਰ

ਸਿੱਖਾਂ ਦੀ ਸੰਘਣੀ ਆਬਾਦੀ ਵਾਲੇ ਆਈਟੀ ਸਿਟੀ ਮੁਹਾਲੀ ਵਿੱਚ ਸਿੱਖ ਅਜਾਇਬ ਘਰ ਲਈ ਸਰਕਾਰ ਕੋਲ ਕੋਈ ਜਗ੍ਹਾ ਨਹੀਂ

ਸਿੱਖ ਅਜਾਇਬ ਘਰ ਵਾਲੀ ਆਰਜ਼ੀ ਜ਼ਮੀਨ ਵੀ ਕੀਤੀ ਹੋਈ ਹੈ ਕਬਰਸਤਾਨ ਨੂੰ ਅਲਾਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਦੇ ਨਾਂ ’ਤੇ ਵਸਾਏ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਿੱਖ ਅਜਾਇਬ ਘਰ ਦੇ ਮੂਹਰੇ ਬਹੁਤ ਹੀ ਸ਼ਾਨਦਾਰ ‘ਦਰਸ਼ਨੀ ਡਿਊੜੀ ਗੇਟ’ ਲਗਾਇਆ ਗਿਆ ਹੈ। ਇੱਕ ਗੁਰਸਿੱਖ ਕਲਾਕਾਰ ਪਰਵਿੰਦਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੀ ਮਦਦ ਤੋਂ ਬਿਨਾਂ ਆਪਣੇ ਪੱਧਰ ’ਤੇ ਸ਼ਮਸ਼ਾਨਘਾਟ ਨੇੜੇ ਬਲੌਂਗੀ ਦੀ ਜ਼ਮੀਨ ਵਿੱਚ ਸਿੱਖ ਅਜਾਇਬ ਘਰ ਬਣਾਇਆ ਗਿਆ ਹੈ।
ਬੂਤਸਾਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੂੰ ਅਸਟਰੇਲੀਆ ਦੀ ਸੰਗਤ ਨੇ ਇੱਕ ਧਾਰਮਿਕ ਸਮਾਗਮ ਲਈ ਫਾਈਬਰ ਸੀਟ ਦਾ ਸਵਾਗਤੀ ਗੇਟ ਬਣਾਉਣ ਦਾ ਆਰਡਰ ਦਿੱਤਾ ਸੀ, ਜੋ ਉਸ ਨੇ ਬਣਾ ਕੇ ਵਿਦੇਸ਼ੀ ਮੁਲਕ ਵਿੱਚ ਭੇਜ ਦਿੱਤਾ। ਇਸ ਦੌਰਾਨ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਸਿੱਖ ਅਜਾਇਬ ਘਰ ਲਈ ਦਰਸ਼ਨੀ ਡਿਊੜੀ ਗੇਟ ਤਿਆਰ ਕੀਤੀ ਜਾਵੇ। ਇਸ ਤਰ੍ਹਾਂ ਉਸ ਨੇ ਸਾਲ ਪਹਿਲਾਂ ਫਾਈਬਰ ਸੀਟ ਦਾ ਗੇਟ ਬਣਾਉਣਾ ਸ਼ੁਰੂ ਕੀਤਾ ਸੀ, ਜੋ ਅੱਜ ਮੁਕੰਮਲ ਹੋਣ ’ਤੇ ਅਦਾਰੇ ਦੇ ਬਾਹਰ ਸਥਾਪਿਤ ਕੀਤਾ ਗਿਆ ਹੈ। ਸਰਕਾਰ ਅਤੇ ਐਸਜੀਪੀਸੀ ਵੱਲੋਂ ਕਿਸੇ ਤਰ੍ਹਾਂ ਮਦਦ ਨਾ ਮਿਲਣ ਕਾਰਨ ਉਸ ਨੇ ਗੇਟ ਦੇ ਉਦਘਾਟਨ ਲਈ ਕਿਸੇ ਸਿਆਸੀ ਜਾਂ ਧਾਰਮਿਕ ਆਗੂ ਨੂੰ ਨਹੀਂ ਸੱਦਿਆ ਹੈ। ਕਲਾਕਾਰ ਨੇ ਦੱਸਿਆ ਕਿ 30 ਫੁੱਟ ਉੱਚੇ ਇਸ ਦਰਸ਼ਨੀ ਡਿਊੜੀ ਗੇਟ ਨੂੰ ਤਿਆਰ ਕਰਨ ਲਈ ਸਟੀਲ ਦਾ ਫਰੇਮ ਬਣਾ ਕੇ ਉਸ ਨੂੰ ਫਾਈਬਰ ਸੀਟ ਨਾਲ ਕਵਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਿੱਖ ਅਜਾਇਬ ਘਰ ਦੇ ਬਾਹਰ ਦਰਸ਼ਨੀ ਡਿਊੜੀ ਦੇ ਪਿੱਛੇ ਖੁੱਲ੍ਹੇ ਮੈਦਾਨ ਵਿੱਚ ਦੇਸ਼ ਤੇ ਕੌਮ ਦੇ ਮਹਾਨ ਸ਼ਹੀਦ ਊਧਮ ਸਿੰਘ ਦਾ ਬੂਟ ਲਗਾਉਣ ਤੋਂ ਇਲਾਵਾ ਖੂੰਖਾਰ ਸ਼ੇਰ ਨਾਲ ਮੁਕਾਬਲਾ ਕਰਦੇ ਹੋਏ ਹਰੀਆ ਸਿੰਘ ਨਲੂਆਂ, ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਉਸ ਦੇ ਮਾਸੂਮ ਬੱਚੇ ਦਾ ਕਲੇਜਾ ਕੱਢ ਕੇ ਪਾਉਂਦੇ ਹੋਏ, ਸ਼ਹੀਦ ਬਚਿੱਤਰ ਸਿੰਘ ਮਸ਼ਤ ਹਾਥੀ ਨਾਲ ਮੁਕਾਬਲਾ ਕਰਦੇ ਹੋਏ, ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚੀਨੇ ਜਾਣ ਦਾ ਦ੍ਰਿਸ਼, ਸੇਵਾ ਦੇ ਪੁੰਜ ਭਾਈ ਘਨੱਈਆ ਜੀ ਆਦਿ ਬੂਤ ਲਗਾਏ ਗਏ ਹਨ ਜਦੋਂ ਕਿ ਅੰਦਰ ਭਾਈ ਤਾਰੂ ਸਿੰਘ, ਭਾਈ ਮਤੀਦਾਸ ਸਮੇਤ ਹੋਰ ਸ਼ਹੀਦ ਸਿੰਘਾਂ ਦੇ ਬੂਟ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਘੇ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦਾ ਬੂਤ ਸੁਸ਼ੋਭਿਤ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਚੋਣਾਂ ਦੇ ਅਖੀਰਲੇ ਵਰ੍ਹੇ ਮੁਹਾਲੀ ਵਿੱਚ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਕਬਜ਼ੇ ਹੇਠਲੀ ਜ਼ਮੀਨ ਨੂੰ ਗਜ਼ਾਂ ਦੇ ਹਿਸਾਬ ਨਾਲ ਰੈਗੂਲਰ ਕੀਤਾ ਗਿਆ ਸੀ ਪਰ ਮੁਹਾਲੀ-ਬਲੌਂਗੀ ਦੀ ਸਾਂਝੀ ਹੱਦ ’ਤੇ ਗੁਰਸਿੱਖ ਕਲਾਕਾਰ ਪਰਵਿੰਦਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਦੀ ਮਦਦ ਤੋਂ ਬਿਨਾਂ ਆਪਣੇ ਪੱਧਰ ’ਤੇ ਸਥਾਪਿਤ ਸਿੱਖ ਅਜਾਇਬ ਘਰ ਨੂੰ ਬਚਾਉਣ ਲਈ ਗਮਾਡਾ ਅਤੇ ਸਰਕਾਰ ਦੇ ਤਰਲੇ ਕੱਢ ਰਿਹਾ ਹੈ। ਇਸ ਜ਼ਮੀਨ ਨੂੰ ਗਮਾਡਾ ਵੱਲੋਂ ਕਈ ਵਾਰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇੱਕ ਵਾਰ ਗਮਾਡਾ ਦੀ ਟੀਮ ਸੁਰੱਖਿਆ ਕਰਮਚਾਰੀਆਂ ਨਾਲ ਜੇਸੀਬੀ ਮਸ਼ੀਨ ਲੈ ਕੇ ਪਹੁੰਚ ਗਈ ਸੀ ਪਰ ਜਦੋਂ ਕਰਮਚਾਰੀਆਂ ਨੇ ਸਿੱਖ ਧਰਮ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਨੂੰ ਦਰਸਾਉਂਦੀਆਂ ਇਤਿਹਾਸਕ ਨਿਸ਼ਾਨੀਆਂ ਅਤੇ ਯਾਦਗਾਰਾਂ ਦੀ ਇੱਕ ਝਲਕ ਦੇਖੀ ਤਾਂ ਉਨ੍ਹਾਂ ਦੀ ਇਸ ਨੂੰ ਢਾਹੁਣ ਦੀ ਹਿੰਮਤ ਨਹੀਂ ਪਈ ਅਤੇ ਉਹ ਆਪਣਾ ਸਿਰ ਝੁਕਾ ਪੁੱਠੇ ਪੈਰੀ ਵਾਪਸ ਪਰਤ ਗਏ। ਲੇਕਿਨ ਹੁਣ ਤੱਕ ਸਿੱਖ ਅਜਾਇਬ ਘਰ ਲਈ ਪੱਕੀ ਥਾਂ ਅਲਾਟ ਨਹੀਂ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

Nander Murder Case: Punjab Police arrests key shooters among two BKI operatives; two pistols recovered

Nander Murder Case: Punjab Police arrests key shooters among two BKI operatives; two pisto…