
ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਵਿੱਚ ਭਰਤੀ ਕੀਤੇ ਜਾਣਗੇ ਗੱਤਕਾ ਕੋਚ: ਕਾਲੇਵਾਲ
ਗੁਰਦੁਆਰਾ ਅੰਬ ਸਾਹਿਬ ਵਿਖੇ ਦੋ ਰੋਜ਼ਾ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ-ਕਮ-ਟਰੇਨਿੰਗ ਕੈਂਪ ਸੰਪੂਰਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਖੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੀ ਯੋਗ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਦੋ ਰੋਜ਼ਾ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ-ਕਮ-ਟਰੇਨਿੰਗ ਕੈਂਪ ਅੱਜ ਸ਼ਾਨੋ ਸ਼ੌਕਤ ਨਾਲ ਸੰਪੂਰਨ ਹੋਇਆ। ਪਹਿਲੇ ਦਿਨ ਇਸ ਕੈਂਪ ਦਾ ਉਦਘਾਟਨ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਕੀਤਾ ਅਤੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਗੱਤਕਾ ਕੋਚਾਂ ਦੀ ਭਰਤੀ ਕਰਨ ਦੀ ਅਪੀਲ ਕੀਤੀ।
ਅੱਜ ਅਖੀਰਲੇ ਦਿਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਅਤੇ ਐਸਜੀਪੀਸੀ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਕੈਂਪ ਵਿੱਚ ਗੱਤਕਾ ਦੀ ਟਰੇਨਿੰਗ ਲੈਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਗੱਤਕਾ ਖੇਡ ਨੂੰ ਵਿਸ਼ਵ ਪੱਧਰ ’ਤੇ ਪ੍ਰਫੁੱਲਤ ਕਰਨਾ ਅਜੋਕੇ ਸਮੇਂ ਦੀ ਲੋੜ ਹੈ। ਬਲਜਿੰਦਰ ਤੂਰ ਦੀ ਮੰਗ ਬਾਰੇ ਬੋਲਦਿਆਂ ਸ੍ਰੀ ਕਾਲੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਜਲਦੀ ਉਨ੍ਹਾਂ ਦੀ ਮੀਟਿੰਗ ਹੋਣ ਵਾਲੀ ਹੈ, ਜਿਸ ਵਿੱਚ ਇਸ ਮੁੱਦੇ ਨੂੰ ਵੀ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਗੁਰਦੁਆਰਾ ਕਮੇਟੀ ਅੰਬ ਸਾਹਿਬ ਦੀ ਟੀਮ ਅਤੇ ਮੈਨੇਜਰ ਨਾਲ ਗੱਲਬਾਤ ਕਰਕੇ ਇੱਥੇ ਇੱਕ ਗੱਤਕਾ ਕੋਚ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮੁਹਾਲੀ ਦੇ ਜਨਰਲ ਸਕੱਤਰ (ਸਟੇਟ ਐਵਾਰਡੀ) ਦਵਿੰਦਰ ਸਿੰਘ ਜੁਗਨੀ ਨੇ ਦੱਸਿਆ ਕਿ ਗੱਤਕਾ ਖੇਡਣ ਵਾਲੇ ਨੌਜਵਾਨਾਂ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਭਰ ਤੋਂ ਆਏ ਰੈਫ਼ਰੀਆਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿੱਚ ਪੰਜਾਬ ਭਰ ਦੇ ਸਮੂਹ ਜ਼ਿਲ੍ਹਿਆਂ ’ਚੋਂ ਲਗਪਗ 100 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਕੈਂਪ ਦੌਰਾਨ ਥਿਊਰੀ ਅਤੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਗਈਆਂ।

ਪੰਜਾਬ ਗੱਤਕਾ ਐਸੋਸੀਏਸ਼ਨ ਦੇ ਕੋਆਰਡੀਨੇਟਰ (ਸਟੇਟ ਐਵਾਰਡੀ) ਜਗਦੀਸ਼ ਸਿੰਘ ਕੁਰਾਲੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਸੱਦ ਕੇ ਪੰਜਾਬ ਸਟੇਟ ਚੈਂਪੀਅਨਸ਼ਿਪ ਦਾ ਐਲਾਨ ਕੀਤਾ ਜਾਵੇਗਾ। ਕੈਂਪ ਦੀ ਸਮਾਪਤੀ ਮੌਕੇ ਹਰ ਇੱਕ ਰੈਫ਼ਰੀ ਨੂੰ ਟੀ-ਸ਼ਰਟ ਅਤੇ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ। ਇਸ ਕੈਂਪ ਵਿੱਚ ਰਾਜਬੀਰ ਸਿੰਘ ਗੱਤਕਾ ਇੰਚਾਰਜ ਚੰਡੀਗੜ੍ਹ, ਹਰਮਨਜੋਤ ਸਿੰਘ ਗੱਤਕਾ ਕੋਚ ਮੁਹਾਲੀ, ਜਸਵਿੰਦਰ ਸਿੰਘ ਪਾਬਲਾ (ਜਨਰਲ ਸਕੱਤਰ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਰੂਪਨਗਰ) ਤਲਵਿੰਦਰ ਸਿੰਘ (ਗੱਤਕਾ ਕੋਚ) ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ, ਹਰਦੀਪ ਸਿੰਘ ਮੋਗਾ, ਵਰਿੰਦਰਪਾਲ ਸਿੰਘ, ਰਘਬੀਰ ਸਿੰਘ ਡੇਹਲੋਂ, ਨਰਿੰਦਰ ਸਿੰਘ ਨਿਮਾਣਾ, ਕਰਮਜੀਤ ਸਿੰਘ ਬਰਨਾਲਾ, ਸੁਖਚੈਨ ਸਿੰਘ ਵੀ ਮੌਜੂਦ ਸਨ।