Nabaz-e-punjab.com

ਸਰੀਰਕ ਤੰਦਰੁਸਤੀ ਅਤੇ ਸਵੈ-ਰੱਖਿਆ ਲਈ ਗੱਤਕੇ ਦੀ ਅਹਿਮ ਭੂਮਿਕਾ – ਕੇਕੇ ਯਾਦਵ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ‘ਚ ਦੂਜੇ ਗੱਤਕਾ ਮੁਕਾਬਲੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ 4 ਨਵੰਬਰ :
ਖੇਡਾਂ ਬੱਚਿਆਂ ਲਈ ਸਰੀਰਕ ਤੇ ਮਾਨਸਿਕ ਤੰਦਰੁਸਤੀ ਸਮੇਤ ਸਵੈ-ਰੱਖਿਆ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਗੱਤਕੇ ਦੀ ਅਹਿਮੀਅਤ ਸਵੈ-ਰੱਖਿਆ ਲਈ ਵਿਸ਼ੇਸ਼ ਹੈ ਜਿਸ ਕਰਕੇ ਨੌਜਵਾਨਾਂ ਨੂੰ ਇਸ ਖੇਡ ਨਾਲ ਜੁੜਨਾ ਚਾਹੀਦਾ ਹੈ। ਇਹ ਪ੍ਰਗਟਾਵਾ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕੇਕੇ ਯਾਦਵ ਨੇ ਸੈਕਟਰ 41 ਚੰਡੀਗੜ੍ਹ ਵਿਖੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਆਯੋਜਿਤ ਦੂਜੇ ਗੱਤਕਾ ਮੁਕਾਬਲਿਆਂ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਵਿਰਾਸਤ ਦੀ ਸੰਭਾਲ ਲਈ ਗੱਤਕਾ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਕੇ.ਕੇ ਯਾਦਵ ਨੇ ਆਖਿਆ ਕਿ ਮਾਰਸ਼ਲ ਆਰਟ ਸਾਡੇ ਦੇਸ਼ ਦੀ ਪੁਰਾਤਨ ਸ਼ੈਲੀ ਨਾਲ ਜੁੜੇ ਹੋਏ ਹਨ ਅਤੇ ਇਹ ਬੱਚਿਆਂ ਲਈ ਜਿਸਮਾਨੀ ਤਾਕਤ, ਸਰੀਰਕ ਤੰਦਰੁਸਤੀ ਅਤੇ ਸਵੈ-ਰੱਖਿਆ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ਜਿਸ ਕਰਕੇ ਬੱਚਿਆਂ ਨੂੰ ਗੱਤਕਾ ਜ਼ਰੂਰ ਸਿੱਖਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਚੰਡੀਗੜ੍ਹ ਦੇ ਖੇਡ ਡਾਇਰੈਕਟਰ ਤੇਜਦੀਪ ਸਿੰਘ ਸੈਣੀ ਨੇ ਗੁਰੂ ਸਾਹਿਬਾਨ ਵੱਲੋਂ ਸਵੈ-ਰੱਖਿਆ ਅਤੇ ਸਰੀਰਕ ਤੰਦਰੁਸਤੀ ਲਈ ਆਰੰਭੀ ਇਸ ਜੰਗਜੂ ਕਲਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੁਰਾਤਨ ਵਿਰਸੇ ਨੂੰ ਸੰਭਾਲਣਾ ਸਮੇਂ ਦੀ ਮੁੱਖ ਮੰਗ ਹੈ ਅਤੇ ਬੱਚਿਆਂ ਵੱਲੋਂ ਇਸ ਮਾਰਸ਼ਲ ਆਰਟ ਦਿਖਾਈ ਜਾ ਰਹੀ ਲਗਨ ਪ੍ਰਸੰਸਾਯੋਗ ਹੈ। ਉਨ੍ਹਾਂ ਗੱਤਕੇ ਦੀ ਪ੍ਰਫੁੱਲਤਾ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਜਾਰੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੱਤਕਾ ਬੱਚਿਆਂ ਅੰਦਰ ਚੰਗੇ ਗੁਣ ਪੈਦਾ ਕਰਨ ਵਾਲੀ ਖੇਡ ਹੈ। ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਗੱਤਕੇ ਦੀ ਪ੍ਰਫੁੱਲਤਾ ਲਈ ਦੇਸ਼-ਵਿਦੇਸ਼ ਵਿੱਚ ਕੀਤੇ ਹਾ ਰਹੇ ਯਤਨਾਂ ਅਤੇ ਕੀਤੀਆਂ ਪ੍ਰਾਪਤੀਆਂ ਸਬੰਧੀ ਇਕੱਠ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਗੱਤਕੇ ਨੂੰ ਭਵਿੱਖ ਵਿੱਚ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ। ਆਪਣੇ ਸੰਬੋਧਨ ਵਿੱਚ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਮੌਕੇ ਇਹ ਗੱਤਕਾ ਟੂਰਨਾਮੈਂਟ ਕਰਵਾਉਣ ਸਬੰਧੀ ਚਾਨਣਾ ਪਾਇਆ।
ਇਨ੍ਹਾਂ ਗੱਤਕਾ ਮੁਕਾਬਲਿਆਂ ਵਿੱਚ ਸ਼ਾਹਬਾਦ ਮਾਰਕੰਡਾ ਅਤੇ ਪਿੰਜੌਰ (ਹਰਿਆਣਾ) ਦੀਆਂ ਟੀਮਾਂ ਸਮੇਤ ਮੋਰਿੰਡਾ, ਮੁਹਾਲੀ ਅਤੇ ਚੰਡੀਗੜ੍ਹ ਦੀਆਂ ਗੱਤਕਾ ਟੀਮਾਂ ਨੇ ਜੰਗਜੂ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ, ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ, ਰਘਬੀਰ ਸਿੰਘ ਜਨਰਲ ਸਕੱਤਰ ਗੁਰਦੁਆਰਾ ਸੰਗਠਨ, ਸਾਧੂ ਸਿੰਘ ਪ੍ਰਧਾਨ ਗੁਰਦੁਆਰਾ ਸੈਕਟਰ 34, ਅਮਨਦੀਪ ਸਿੰਘ ਪ੍ਰਧਾਨ ਗੁਰਦੁਆਰਾ ਬਟਰੇਲਾ, ਗੁਰਮੁੱਖ ਸਿੰਘ ਸਰਪੰਚ, ਪਰਮਿੰਦਰ ਸਿੰਘ ਬੁਟਰੇਲਾ, ਸੰਦੀਪ ਸਿੰਘ ਸੈਣੀ, ਹਰਪ੍ਰੀਤ ਸਿੰਘ ਸੈਣੀ, ਗੁਰਚਰਨ ਸਿੰਘ ਸੈਣੀ ਅਤੇ ਅਜੀਤ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…