Nabaz-e-punjab.com

50 ਵਾਰਡਾਂ ਵਿੱਚ ਹੀ ਹੋਵੇਗੀ ਮੁਹਾਲੀ ਨਗਰ ਨਿਗਮ ਦੀ ਆਮ ਚੋਣ

ਸਥਾਨਕ ਸਰਕਾਰ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ, ਠੰਢ ਵਿੱਚ ਸਿਆਸੀ ਸਰਗਰਮੀਆਂ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਸਾਲ 2020 ਵਿੱਚ ਕਰਵਾਈਆਂ ਜਾਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਮੁਹਾਲੀ ਸਮੇਤ ਉਨ੍ਹਾਂ ਛੇ ਨਗਰ ਨਿਗਮਾਂ ਲਈ ਵਾਰਡਾਂ ਦੀ ਗਿਣਤੀ ਤੈਅ ਕਰ ਦਿੱਤੀ ਹੈ। ਇਸਦੇ ਨਾਲ ਹੀ ਇਨ੍ਹਾਂ ਸ਼ਹਿਰਾਂ ਵਿੱਚ ਅੌਰਤਾਂ, ਐਸਸੀ ਅਤੇ ਬੀਸੀ ਵਰਗ ਲਈ ਰਾਖਵੇਂ ਵਾਰਡਾਂ ਦੀ ਗਿਣਤੀ ਦਾ ਵੀ ਬਿਊਰਾ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗ ਦੇ ਪ੍ਰਮੁੱਖ ਸਕੱਤਰ ਦਸਖ਼ਤਾਂ ਹੇਠ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਤਾਜ਼ਾ ਫੈਸਲੇ ਨਾਲ ਮੁਹਾਲੀ ਨਿਗਮ ਦੀ ਚੋਣ ਲਈ ਵਾਰਡਾਂ ਦੀ ਗਿਣਤੀ ਵਧਾਏ ਜਾਣ ਜਾਂ ਨਗਰ ਨਿਗਮ ਦੀ ਹੱਦ ਵਧਾ ਕੇ ਇਸ ਵਿੱਚ ਹੋਰ ਖੇਤਰ ਸ਼ਾਮਲ ਕਰਨ ਦੀਆਂ ਕਿਆਸਅਰਾਈਆਂ ’ਤੇ ਵੀ ਵਿਰਾਮ ਲੱਗ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਨੋਟਿਫਿਕੇਸ਼ਨ ਵਿੱਚ ਮੁਹਾਲੀ ਸਮੇਤ ਬਠਿੰਡਾ, ਹੁਸ਼ਿਆਰਪੁਰ, ਮੋਗਾ, ਪਠਾਨਕੋਟ ਅਤੇ ਫਗਵਾੜਾ ਦੇ ਵਾਰਡਾਂ ਦੀ ਕੁਲ ਗਿਣਤੀ ਸਬੰਧੀ ਨੋਟਿਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਨ੍ਹਾਂ ਨਗਰ ਨਿਗਮਾਂ ਦੀ ਪਿਛਲੀ ਹੱਦ ਅਨੁਸਾਰ ਇਨ੍ਹਾਂ ਦੀ ਆਬਾਦੀ (ਜਨਗਣਨਾ 2011 ਅਨੁਸਾਰ) ਅਤੇ ਐਸਸੀ, ਬੀਸੀ ਵਰਗ ਦੀ ਆਬਾਦੀ ਦੇ ਆਧਾਰ ਤੇ ਇਨ੍ਹਾਂ ਵਰਗਾਂ ਲਈ ਰਾਖਵਾਂਕਰਨ ਵੀ ਤੈਅ ਕਰ ਦਿੱਤਾ ਗਿਆ ਹੈ। ਇਨ੍ਹਾਂ ਸਮੂਹ ਨਿਗਮਾਂ ਵਿੱਚ ਅੌਰਤਾਂ ਲਈ ਅੱਧੀਆਂ (50 ਫੀਸਦੀ) ਸੀਟਾਂ ਵੀ ਰਾਖਵੀਆਂ ਕਰ ਦਿੱਤੀਆਂ ਗਈਆਂ ਹਨ।
ਨੋਟੀਫਿਕੇਸ਼ਨ ਅਨੁਸਾਰ ਮੁਹਾਲੀ ਵਿੱਚ ਹੋਣ ਵਾਲੀ ਅਗਲੀ ਚੋਣ ਲਈ ਕੁੱਲ 50 ਵਾਰਡ ਹੋਣਗੇ। ਸਾਲ 2011 ਦੀ ਜਨਗਣਨਾ ਅਨੁਸਾਰ ਐਸ ਏ ਐਸ ਨਗਰ ਦੀ ਆਬਾਦੀ 235997 ਹੈ ਜਿਸ ’ਚੋਂ ਐਸਸੀ ਵਰਗ ਦੀ ਆਬਾਦੀ 24936 ਹੈ ਅਤੇ ਐਸਸੀ ਵਰਗ ਲਈ ਕੁਲ 5 ਵਾਰਡ ਰਾਖਵੇਂ ਕੀਤੇ ਗਏ ਹਨ। ਜਿਨ੍ਹਾਂ ’ਚੋਂ 3 ਵਾਰਡ ਐਸਸੀ ਪੁਰਸ਼ਾਂ ਅਤੇ 2 ਵਾਰਡ ਐਸਸੀ ਅੌਰਤਾਂ ਲਈ ਹੋਣਗੇ। ਬੀਸੀ ਵਰਗ ਲਈ 2 ਵਾਰਡ ਰਾਖਵੇਂ ਰੱਖੇ ਗਏ ਹਨ। ਇਸ ਸਬੰਧੀ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਨੇ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ।
ਹਾਲਾਂਕਿ ਇਸ ਨੋਟੀਫਿਕੇਸ਼ਨ ਵਿੱਚ ਕਿਤੇ ਵੀ ਇਹ ਗੱਲ ਨਹੀਂ ਹੈ ਕਿ ਵਾਰਡਬੰਦੀ ਪਹਿਲਾਂ ਵਾਲੀ ਹੀ ਹੋਵੇਗੀ ਅਤੇ ਮਾਹਰਾਂ ਅਨੁਸਾਰ ਇਹ ਨੋਟੀਫਿਕੇਸ਼ਨ ਸਿਰਫ਼ ਵਾਰਡਾਂ ਦੀ ਕੁਲ ਗਿਣਤੀ ਅਤੇ ਰਾਖਵੇਂ ਵਾਰਡਾਂ ਦੀ ਗਿਣਤੀ ਤੱਕ ਸੀਮਤ ਹੈ। ਇਸਦਾ ਮਤਲਬ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਮੌਜੂਦਾ ਵਾਰਡਾਂ ਵਿੱਚ ਨਵੇਂ ਸਿਰੇ ਤੋਂ ਕੱਟ ਵੱਢ ਕੇ ਨਵੀਂ ਵਾਰਡਬੰਦੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਨਵੇਂ ਸਿਰੇ ਤੋਂ ਬਣਾਏ ਜਾਣ ਵਾਲੇ ਵਾਰਡਾਂ ਦੇ ਨੰਬਰ ਵੀ ਬਦਲੇ ਜਾ ਸਕਦੇ ਹਨ। ਇਸ ਗੱਲ ਨੂੰ ਸਾਰੇ ਹੀ ਜਾਣਦੇ ਹਨ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਆਪਣੀ ਸੁਵਿਧਾ ਅਨੁਸਾਰ ਨਵੇਂ ਸਿਰੇ ਤੋਂ ਵਾਰਡ ਬਣਾਏ ਜਾਣੇ ਹਨ ਪ੍ਰੰਤੂ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਨਾਲ ਚੋਣਾਂ ਦੇ ਕੰਮ ਦੀ ਰਸਮੀ ਸ਼ੁਰੂਆਤ ਜ਼ਰੂਰ ਹੋ ਗਈ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਬਠਿੰਡਾ, ਹੁਸ਼ਿਆਰਪੁਰ, ਮੋਗਾ, ਪਠਾਨਕੋਟ ਅਤੇ ਫਗਵਾੜਾ ਵਿੱਚ ਵੀ 50 ਵਾਰਡਾਂ ਤੇ ਹੀ ਚੋਣ ਕਰਵਾਈ ਜਾਵੇਗੀ। ਜਿਨ੍ਹਾਂ ਵਿੱਚ ਅੱਧੀਆਂ ਸੀਟਾਂ ਅੌਰਤਾਂ ਲਈ ਰਾਖਵੀਆਂ ਹੋਣਗੀਆਂ। ਹਾਲਾਂਕਿ ਇਨ੍ਹਾਂ ਨਗਰ ਨਿਗਮਾਂ ਵਿੱਚ ਐਸਸੀ ਅਤੇ ਬੀਸੀ ਵਰਗ ਲਈ ਰਾਖਵੇਂ ਕੀਤੇ ਗਏ ਵਾਰਡਾਂ ਦੀ ਗਿਣਤੀ ਵੱਖ ਵੱਖ ਹੈ। ਬਠਿੰਡਾ ਵਿੱਚ ਐਸਸੀ ਅਤੇ ਬੀਸੀ ਵਰਗ ਲਈ ਕੱੁਲ 14 ਵਾਰਡ ਰਾਖਵੇਂ ਹਨ ਜਦੋਂਕਿ ਹੁਸ਼ਿਆਰਪੁਰ ਵਿੱਚ ਇਨ੍ਹਾਂ ਵਰਗਾਂ ਲਈ 15, ਮੋਗਾ ਵਿੱਚ 14, ਪਠਾਨਕੋਟ ਵਿੱਚ 12 ਅਤੇ ਫਗਵਾੜਾ ਵਿੱਚ 15 ਵਾਰਡ ਰਾਵਖੇਂ ਰੱਖੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…