
ਸੇਵਾਮੁਕਤ ਅਕਾਉਂਟਸ ਤੇ ਆਡਿਟ ਆਫ਼ੀਸਰ ਐਸੋਸੀਏਸ਼ਨ ਦਾ ਜਨਰਲ ਇਜਲਾਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਪੰਜਾਬ ਤੇ ਹਰਿਆਣਾ ਸੇਵਾਮੁਕਤ ਅਕਾਉਂਟਸ ਅਤੇ ਆਡਿਟ ਆਫ਼ੀਸਰਜ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਸਾਲਾਨਾ ਮੀਟਿੰਗ ਇੰਦਰਾ ਹੋਲੀਡੇਅ ਹੋਮ ਸੈਕਟਰ-24 (ਚੰਡੀਗੜ੍ਹ) ਵਿੱਚ ਚੇਅਰਮੈਨ ਅਮਰਨਾਥ ਸ਼ਰਮਾ ਅਤੇ ਸਰਪ੍ਰਸਤ ਸੋਮਦੱਤ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਤੇ ਹਰਿਆਣਾ ਭਰ ’ਚੋਂ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਅਨੇਕ ਸੇਵਾ ਨਿਵਰਿਤ ਅਕਾਉਂਟਸ ਅਤੇ ਆਡਿਟ ਅਫਸਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਪਿਛਲੇ ਸਾਲ ਦੌਰਾਨ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਉਹਨਾਂ ਦੇ ਨਜਦੀਕੀ ਰਿਸ਼ਤੇਦਾਰਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਨਿੱਘੀ ਸਰਧਾਂਜਲੀ ਅਰਪਿਤ ਕੀਤੀ ਗਈ।
ਇਸ ਦੌਰਾਨ ਪ੍ਰਧਾਨ ਡਾ.ਐਨ.ਕੇ.ਕਲਸੀ ਵੱਲੋੱ ਪੈਨਸ਼ਨਰਜ ਦੀ ਭਲਾਈ ਹਿੱਤ ਕੀਤੇ ਗਏ ਕੰਮਾਂ ਤੇ ਸੰਘਰਸ਼ਾਂ ਦੀ ਵਿਸਤਰਿਤ ਵਰਕ ਰਿਪੋਰਟ ਪੇਸ ਕੀਤੀ ਗਈ ਅਤੇ ਆਡੀਟਰ ਐਸ.ਪੀ.ਪ੍ਰਾਸਰ ਵੱਲੋੱ ਐਸੋਸੀਏਸ਼ਨ ਦੀ ਸਾਲਾਨਾ ਵਿੱਤੀ ਰਿਪੋਰਟ ਪੇਸ ਕੀਤੀ ਗਈ। ਐਸੋਸੀਏਸ਼ਨ ਦੇ 70,75,80,85 ਅਤੇ 90 ਸਾਲ ਪੂਰਨ ਕਰਨ ਵਾਲੇ ਮੈਂਬਰਾਂ ਨੂੰ ਗਰਮ ਲੋਈਆਂ ਭੇੱਟ ਕਰਕੇ ਸਨਮਾਨਿਤ ਕੀਤਾ ਗਿਆ। ਪਿਛਲੇ ਮਹੀਨੇ ਦੋਰਾਨ ਦੇ ਮੈਂਬਰਾਂ ਦਾ ਜਨਮ ਦਿਨ ਵੀ ਕੇਕ ਕੱਟ ਕੇ ਸਾਮੂਹਿਕ ਤੌਰ ਤੇ ਮਨਾਇਆ ਗਿਆ।
ਸਤੀਸ਼ ਕੁਮਾਰ ਅਤੇ ਸ੍ਰੀਮਤੀ ਰੀਟਾ ਕੌਸ਼ਲ ਦਾ ਨਵੇਂ ਮੈਂਬਰਾਂ ਵਜੋਂ ਜੁਆਇਨ ਕਰਨ ਤੇ ਉਹਨਾਂ ਨੂੰ ਗੁਲਦਸਤੇ ਭੇਟ ਕਰਕੇ ਸੁਆਗਤ ਕੀਤਾ ਗਿਆ। ਅੰਤ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਅਤੇ ਡਾ. ਐਨ.ਕੇ.ਕਲਸੀ ਵਿੱਚ ਮੁੜ ਵਿਸ਼ਵਾਸ ਪ੍ਰਗਟ ਕਰਦੇ ਹੋਏ ਸਾਰੇ ਹਾਉਸ ਵੱਲੋੱ ਇੱਕਮਤ ਹੋ ਕੇ ਤੀਜੀ ਬਾਰ ਉਸ ਨੂੰ ਅਗਲੇ ਤਿੰਨ ਸਾਲਾਂ ਲਈ ਸਰਵਸੰਮਤੀ ਨਾਲ ਮੁੜ ਪ੍ਰਧਾਨ ਚੁਣਿਆ ਗਿਆ। ਡਾ.ਕਲਸੀ ਵੱਲੋੱ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਪਦ ਦੀ ਗਰਿਮਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਚਨ ਦੁਹਰਾਇਆ ਗਿਆ।