ਪਟਿਆਲਾ ਵਿੱਚ ਕੈਪਟਨ ਦੇ ਖ਼ਿਲਾਫ਼ ਜਨਰਲ: ਮੁਹਾਲੀ ਵਿੱਚ ਕੈਪਟਨ ਸਿੱਧੂ ਲਈ ਵੋਟਾਂ ਮੰਗ ਰਹੇ ਨੇ ਜਨਰਲ ਪਨਾਗ

ਸਾਬਕਾ ਫੌਜੀ ਅਫ਼ਸਰਾਂ ਤੇ ਸਾਬਕਾ ਸੈਨਿਕਾਂ ਦਾ ਸਮਰਥਨ ਮਿਲਣ ਕਾਰਨ ਕੈਪਟਨ ਸਿੱਧੂ ਦੀ ਸਥਿਤੀ ਹੋਈ ਮਜ਼ਬੂਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਪਟਿਆਲਾ ਵਿਧਾਨ ਸਭਾ ਹਲਕੇ ਵਿੱਚ ਭਾਰਤੀ ਫੌਜ ਦੇ ਜਨਰਲ (ਸੇਵਾਮੁਕਤ) ਜੇ.ਜੇ. ਸਿੰਘ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਫਸਵੀਂ ਟੱਕਰ ਚੱਲ ਰਹੀ ਹੈ। ਉਸੇ ਤਰ੍ਹਾਂ ਮੁਹਾਲੀ ਵਿਧਾਨ ਸਭਾ ਹਲਕਾ ਵਿੱਚ ਬਿਲਕੁਲ ਇਸ ਤੋਂ ਉਲਟੀ ਹਵਾ ਦੇਖਣ ਨੂੰ ਮਿਲ ਰਹੀ ਹੈ। ਇੱਥੇ ਜਨਰਲ (ਸੇਵਾਮੁਕਤ) ਚਰਨਜੀਤ ਸਿੰਘ ਪਨਾਗ ਅਤੇ ਬ੍ਰਿਗੇਡੀਅਰ ਜਗਤਾਰ ਸਿੰਘ ਰੰਧਾਵਾ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਕਪਤਾਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਡਟੇ ਹੋਏ ਹਾਨ। ਜਨਰਲ ਪਨਾਗ ਵੱਲੋਂ ਬੀਤੇ ਦਿਨੀਂ ਕੈਪਟਨ ਸਿੱਧੂ ਦੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ ਹੈ ਅਤੇ ਹੁਣ ਜਨਰਲ ਸਾਹਿਬ ਖ਼ੁਦ ਆਪਣੇ ਸਾਥੀਆਂ ਨਾਲ ਘਰ ਘਰ ਜਾ ਕੇ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਕੈਪਟਨ ਸਿੱਧੂ ਨੂੰ ਵੋਟ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।
ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਜਨਰਲ ਪਨਾਗ ਨੂੰ ਇਹ ਸਨਮਾਨ ਸ੍ਰੀਲੰਕਾ ਵਿੱਚ ਇੰਡੀਅਨ ਪੀਸ ਕੀਪਿੰਗ ਫੋਰਸ ਵਿੱਚ ਸੇਵਾ ਦੌਰਾਨ ਮਿਲਿਆ ਸੀ। ਇਸ ਤੋਂ ਇਲਾਵਾ ਜਨਰਲ ਪਨਾਗ ਨੂੰ ਅਤਿ ਵਸ਼ਿਸ਼ਟ ਸੇਵਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕੈਪਟਨ ਸਿੱਧੂ ਭਾਰਤੀ ਫੌਜ ਵਿੱਚ 1981 ਤੋਂ 1986 ਤੱਕ ਸੇਵਾ ਨਿਭਾ ਚੁੱਕੇ ਹਨ ਅਤੇ ਬਾਅਦ ਵਿੱਚ ਪੰਜਾਬ ਸਿਵਲ ਸੇਵਾਵਾਂ ਵਿੱਚ ਭਰਤੀ ਹੋ ਕੇ ਉਨ੍ਹਾਂ ਨੇ ਸਿਵਲ ਪ੍ਰਸ਼ਾਸਨ ਵਿੱਚ ਵੱਖ-ਵੱਖ ਅਹੁਦਿਆਂ ’ਤੇ ਡਿਊਟੀ ਦੌਰਾਨ ਸ਼ਲਾਘਾਯੋਗ ਪ੍ਰਸ਼ਾਸਕੀ ਸੇਵਾਵਾਂ ਨਿਭਾਈਆਂ ਗਈਆਂ ਹਨ।
ਸ੍ਰੀ ਸਿੱਧੂ ਨੇ ਮੁੱਢਲੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਪਟਿਆਲਾ ਤੋਂ ਕੀਤੀ। ਉਹ ਆਲ ਰਾਊਂਡਰ ਖੇਡਾਂ ਦੇ ਖੇਤਰ ਵਿੱਚ ਗੋਲਡ ਮੈਡਲਿਸਟ ਹਨ। ਸਾਲ 1981 ਵਿੱਚ ਉਨ੍ਹਾਂ ਨੇ ਫੌਜ ਵਿੱਚ ਭਾਰਤੀ ਹੋ ਕੇ ਕਾਫੀ ਸਮਾਂ ਦੇਸ਼ ਦੀ ਸੇਵਾ ਕਰਦਿਆਂ ਕੈਪਟਨ ਵਜੋਂ ਫੌਜੀ ਜਵਾਨਾਂ ਦੀ ਅਗਵਾਈ ਕੀਤੀ। ਇਸ ਮਗਰੋਂ ਉਹ ਪੰਜਾਬ ਵਾਪਸ ਆ ਕੇ ਸੰਨ 1989 ਵਿੱਚ ਪੀਸੀਐਸ ਬਣ ਗਏ ਅਤੇ ਵੱਖ-ਵੱਖ ਵਿਭਾਗਾਂ ਵਿੱਚ ਸ਼ਲਾਘਾਯੋਗ ਕੰਮ ਕੀਤਾ। ਸਰਕਾਰ ਨੇ 2004 ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਆਈਏਐਸ ਬਣਾ ਕੇ ਪੇਡਾ ਵਿੱਚ ਸੀਈਓ ਦੇ ਅਹੁਦੇ ’ਤੇ ਤਾਇਨਾਤ ਕਰ ਦਿੱਤਾ। ਇਸ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਨੇ ਬਿਜਲੀ ਦੀ ਬਚਤ ਦਾ ਹੋਕਾ ਦਿੰਦਿਆਂ ਸੂਰਜ ਊਰਜਾ ਪ੍ਰਾਜੈਕਟ ਲਗਾਉਣ ਲਈ ਲੋਕਾਂ ਦੀ ਲਾਮਬੰਦੀ ਕੀਤੀ ਅਤੇ ਕਾਫੀ ਹੱਦ ਤੱਕ ਸਫ਼ਲਤਾ ਵੀ ਹਾਸਲ ਕੀਤੀ। ਮਾਰਚ 2013 ਪੰਜਾਬ ਸਰਕਾਰ ਨੇ ਕੈਪਟਨ ਸਿੱਧੂ ਨੂੰ ਮੁਹਾਲੀ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ। ਉਨ੍ਹਾਂ ਕਰੀਬ ਚਾਰ ਸਾਲ ਪੂਰੀ ਲਗਨ ਤੇ ਇਮਾਨਦਰੀ ਨਾਲ ਡਿਊਟੀ ਕਰਦਿਆਂ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਵਧੀਆਂ ਕੰਮਾਂ ਕਰਕੇ ਹਮੇਸ਼ਾਂ ਹੀ ਅਲੋਚਨਾ ਤੋਂ ਬਚੇ ਰਹੇ ਹਨ ਪ੍ਰੰਤੂ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਕਈ ਅਹਿਮ ਪ੍ਰਾਜੈਕਟ ਜਿਨ੍ਹਾਂ ਵਿੱਚ ਮੁਹਾਲੀ ਦੀ ਸੁੰਦਰਤਾ, ਅਣ ਅਧਿਕਾਰਤ ਹੋਰਡਿੰਗ ਅਤੇ ਲਾਂਡਰਾਂ ਟੀ-ਪੁਆਇੰਟ ’ਤੇ ਫਲਾਈ ਓਵਰ ਬਣਾਉਣ ਦਾ ਕੰਮ ਉਥੇ ਹੀ ਲਮਕ ਗਿਆ ਹੈ।
ਜਨਰਲ ਪਨਾਗ ਨੇ ਕਿਹਾ ਕਿ ਕੈਪਟਨ ਸਿੱਧੂ ਦੇ ਵਿਕਾਸ ਕਾਰਜਾਂ ਲਈ ਕੀਤੇ ਉਪਰਾਲਿਆਂ ਤੋਂ ਮੁਹਾਲੀ ਇਲਾਕੇ ਦੇ ਲੋਕ ਅਤੇ ਉਹ ਖ਼ੁਦ ਬਹੁਤ ਪ੍ਰਭਾਵਿਤ ਹਨ। ਜਿਨ੍ਹਾਂ ’ਚੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਸ਼ਨ ਲੜਕਿਆਂ ਲਈ ਅਤੇ ਲੜਕੀਆਂ ਲਈ ਮਾਈ ਭਾਗੋ ਆਰਮਡ ਪ੍ਰੈਪਰੇਟਰੀ ਇੰਸਟੀਚਿਊਸ਼ਨ ਸੈਕਟਰ-77 ਮੁਹਾਲੀ ਵਿੱਚ ਸਥਾਪਿਤ ਕਰਨਾ ਬਹੁਤ ਹੀ ਸ਼ਲਾਘਾ ਭਰਿਆ ਯਤਨ ਹੈ। ਇੱਥੇ ਨਾ ਸਿਰਫ਼ ਮੁਹਾਲੀ ਸਗੋਂ ਦੂਰ ਦੁਰਾਡੇ ਤੱਕ ਲੜਕੇ-ਲੜਕੀਆਂ ਨੂੰ ਐਨਡੀਏ ਦੀ ਤਿਆਰੀ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਬ੍ਰਿਗੇਡੀਅਰ ਜਗਤਾਰ ਸਿੰਘ ਰੰਧਾਵਾ (ਸੇਵਾਮੁਕਤ) ਜਿਨ੍ਹਾਂ ਨੂੰ ਕਾਰਗਿਲ ਜੰਗ ਦੌਰਾਨ 1999 ਵਿੱਚ ਅਤਿ ਵਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜ਼ਿਆ ਗਿਆ ਅਤੇ ਬ੍ਰਿਗੇਡੀਅਰ ਅਮਰਬੀਰ ਸਿੰਘ ਬਰਾੜ ਵੀ ਕੈਪਟਨ ਸਿੱਧੂ ਦੀ ਹਮਾਇਤ ਵਿੱਚ ਨਿੱਤਰ ਆਏ ਹਨ। ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਸਾਬਕਾ ਫੌਜੀਆਂ ਦੀ ਬਹੁਤ ਜ਼ਿਆਦਾਤ ਵਸੋਂ ਹੈ। ਇੱਥੇ ਸਾਬਕਾ ਫੌਜੀਆਂ ਦੀ ਹਮਾਇਤ ਕਿਸੇ ਵੀ ਉਮੀਦਵਾਰ ਦੇ ਭਵਿੱਖ ਲਈ ਫੈਸਲਾਕੁੰਨ ਹੋ ਸਕਦੀ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…