Share on Facebook Share on Twitter Share on Google+ Share on Pinterest Share on Linkedin ਪੰਜਾਬੀ ਮਾਂ ਬੋਲੀ ਨੂੰ ਭੁੱਲਦੀ ਜਾ ਰਹੀ ਹੈ ਨਵੀਂ ਪੀੜ੍ਹੀ: ਬਲਤੇਜ ਪੰਨੂ ਪੰਜਾਬ ਦਿਵਸ ਦੀ 56ਵੀਂ ਵਰ੍ਹੇਗੰਢ ਮੌਕੇ ਮਾਂ ਬੋਲੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਮਣਕਾ ਮਜੀਠੀਆ ਦੀ ਪੁਸਤਕ ‘ਯਾਦਾਂ ਮਣਕੇ ਦੀਆਂ’ ਲੋਕ ਅਰਪਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ: ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਊਡੇਂਸ਼ਨ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵਿਖੇ ਡਾਇਰੈਕਟਰ ਤੇ ਸਾਬਕਾ ਕੌਂਸਲਰ ਮੋਹਨਬੀਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਪੰਜਾਬ ਦਿਵਸ ਦੀ 56ਵੀਂ ਵਰ੍ਹੇਗੰਢ ਮੌਕੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਜਨਰਲ ਸਕੱਤਰ ਡਾ. ਸਵੈਰਾਜ ਸੰਧੂ ਨੇ ਕੀਤੀ। ਪੰਜਾਬੀ ਕਵੀ ਤੇ ਅਨੁਵਾਦਕ ਬਾਬੂ ਰਾਮ ਦਿਵਾਨਾ, ਭਗਤ ਰਾਮ ਰਗੜਾ, ਪ੍ਰਿੰਸੀਪਲ ਸ੍ਰੀਮਤੀ ਰਿਪਨਜੋਤ ਕੌਰ, ਅਦਾਕਾਰ ਨਰਿੰਦਰਪਾਲ ਸਿੰਘ ਨੀਨਾ ਅਤੇ ਸਮਾਜ ਸੇਵੀ ਸਤਨਾਮ ਸਿੰਘ ਦਾਊਂ ਅਤੇ ਏਵੀਐਮ ਦਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਬੋਲਦਿਆਂ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਨੂੰ ਭੁੱਲਦੀ ਜਾ ਰਹੀ ਹੈ ਅਤੇ ਅਸੀਂ ਭਾਸ਼ਾ ਦੀਆਂ ਮਾਤਰਾਵਾਂ ਅਤੇ ਗਿਣਤੀ ਦੀ ਪਛਾਣ ਭੁੱਲ ਚੁੱਕੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਘਰ-ਘਰ ਜਾਗਰੂਕਤਾ ਦਾ ਹੋਕਾ ਦੇਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਅਦਾਕਾਰ ਨਰਿੰਦਰਪਾਲ ਸਿੰਘ ਨੀਨਾ ਨੇ ਨੌਜਵਾਨਾਂ ਨੂੰ ‘ੳ’ ਅਤੇ ਜੂੜਾ ਨਾਲ ਜੁੜਨ ਦਾ ਸੱਦਾ ਦਿੰਦਿਆਂ ਕੇਸਾਂ ਦਾ ਸਤਿਕਾਰ ਕਰਦੇ ਹੋਏ ਰੋਜ਼ਾਨਾ ਦਸਤਾਰ ਸਜਾਉਣ ਲਈ ਪ੍ਰੇਰਿਆ। ਇਸ ਮੌਕੇ ਵੱਖ-ਵੱਖ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਨ ਦੀ ਗੱਲ ਕਰਦਿਆਂ ਕਿਹਾ ਕਿ ਮਾਂ ਬੋਲੀ ਨੂੰ ਪੰਜਾਬ ਵਿੱਚ ਹੀ ਬਣਦਾ ਮਾਣ ਸਨਮਾਨ ਹਾਸਲ ਨਹੀਂ ਹੋ ਪਾਇਆ ਹੈ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਅੰਤਰ ਸਕੂਲ ਗਿੱਧਾ, ਕਵਿਤਾ ਉਚਾਰਨ ਅਤੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀ ਆਗੂ ਅਤੇ ਸਮਾਜ ਸੇਵੀ ਤਰਨਦੀਪ ਸਿੰਘ ਸ਼ੇਰਗਿੱਲ ਉਰਫ਼ ਮਣਕਾ ਮਜੀਠੀਆ ਦੀ ਪੁਸਤਕ ‘ਯਾਦਾਂ ਮਣਕੇ ਦੀਆਂ’ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਦੇ ਸੰਪਾਦਕ ਬਾਬੂ ਰਾਮ ਦਿਵਾਨਾ ਦਾ ਸਨਮਾਨ ਕੀਤਾ ਗਿਆ। ਪੈਰਾਗਾਨ ਸਕੂਲ ਦੀ ਪ੍ਰਿੰਸੀਪਲ ਅਮਰਜੀਤ ਕੌਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਨਿਰਮਲ ਕੌਰ ਢਿੱਲੋਂ, ਸਾਬਕਾ ਕੌਂਸਲਰ ਸਤਬੀਰ ਸਿੰਘ ਧਨੋਆ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ