
‘ਕੋਵਾ ਐਪ ਮੁਬਾਈਲ ਵਿੱਚ ਪਾਇਓ-ਮਿਸ਼ਨ ਫਤਹਿ ਨੂੰ ਸਫ਼ਲ ਬਣਾਇਓ’
ਕਰੋਨਾ ਮਹਾਮਾਰੀ ਬਾਰੇ ਸਰਕਾਰੀ ਆਈਟੀਆਈ ਦੀਆਂ ਲੜਕੀਆਂ ਵੱਲੋਂ ਜਾਗਰੂਕਤਾ ਮੁਹਿੰਮ ਜਾਰੀ
ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਜਾਗਰੂਕਤਾ ਹੀ ਢੁਕਵਾਂ ਇਲਾਜ਼: ਪੁਰਖਾਲਵੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਪੰਜਾਬ ਵਿੱਚ ਕੋਵਿਡ-19 ਨੂੰ ਲੱਕ ਤੋੜਵੀਂ ਹਾਰ ਦੇਣ ਲਈ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੇ ਗਏ ਮਿਸ਼ਨ ਫ਼ਤਹਿ ਪੰਜਾਬ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਦਿੱਤੇ ਗਏ ਆਦੇਸ਼ ਦੀ ਪਾਲਣਾ ਵੱਜੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਕੈਬਨਿਟ ਵਜ਼ੀਰ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਆਈਏਐਸ ਦੀ ਸੁਚੱਜੀ ਅਤੇ ਸੁਯੋਗ ਅਗਵਾਈ ਵਿੱਚ ਸਮੁੱਚੇ ਰਾਜ ਅੰਦਰ ਘਰ-ਦਰ-ਘਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਸਥਾਨਕ ਸਰਕਾਰੀ ਆਈ ਟੀ ਆਈ (ਲੜਕੀਆਂ) ਵੱਲੋਂ ਫ਼ੇਜ 5 ਤੋਂ ਸ਼ੁਰੂ ਹੋਕੇ ਗੁਰਦੁਆਰਾ ਅੰਬ ਸਾਹਿਬ ਚੌਂਕ ਫੇਜ਼-8 ਤੀਕ ਪੈਦਲ ਮਾਰਚ ਕੀਤਾ ਗਿਆ।
ਪ੍ਰਿੰਸੀਪਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਵਿੱਚ ਸੰਸਥਾ ਦੇ ਸਮੂਹ ਸਟਾਫ਼ ਅਤੇ ਸਿਖਿਆਰਥੀਆਂ ਵੱਲੋਂ ਕਰੋਨਾ ਮਹਾਮਾਰੀ ਤੋਂ ਬਚਾਓ ਸਬੰਧੀ ਆਪਣਾਈਆਂ ਜਾਣ ਵਾਲੀਆਂ ਤਮਾਮ ਸਾਵਧਾਨੀਆਂ ਬਾਰੇ ਲਿਖੇ ਸੁਨੇਹਿਆਂ ਵਾਲੇ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ਨੂੰ ਆਉਣ ਜਾਣ ਵਾਲੇ ਲੋਕ ਬੜੇ ਗਹੁ ਨਾਲ ਦੇਖ ਰਹੇ ਸਨ। ਚੌਂਕ ਵਿੱਚ ਪਹੁੰਚਣ ਉਪਰੰਤ ਇਸ ਮੌਕੇ ਹਾਜ਼ਰ ਸੰਸਥਾ ਦੀ ਯੂਨੀਫ਼ਾਰਮ ਵਿੱਚ ਆਈਆਂ ਸਿਖਿਆਰਥਣਾਂ ਵੱਲੋਂ ਇੰਸਟਰਕਟਰ ਸ੍ਰੀਮਤੀ ਅੰਮ੍ਰਿਤਬੀਰ ਕੌਰ ਹੁੰਦਲ ਦੀ ਨਿਰਦੇਸ਼ਨਾ ਵਿੱਚ ਲਾਲ ਬੱਤੀ ਦੀ ਇੰਤਜ਼ਾਰ ਵਿੱਚ ਖੜ੍ਹੇ ਲੋਕਾਂ ਨੂੰ ਮੋਨੋਐਕਟਿੰਗ, ਜੁਬਾਨੀ ਤੌਰ ਤੇ ਜਾਗਰੂਕ ਕਰਨ ਦੇ ਨਾਲ-ਨਾਲ ਪੈਂਫ਼ਲਿਟ ਆਦਿ ਵੀ ਵੰਡੇ ਗਏ। ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦਿਆਂ ਸਮੁੱਚੇ ਸਟਾਫ਼ ਅਤੇ ਸਿਖਿਆਰਥਣਾਂ ਵੱਲੋਂ ਮੂੰਹ ਉੱਤੇ ਬਾਕਾਇਦਾ ਮਾਸਕ ਅਤੇ ਹੱਥਾਂ ਉਤੇ ਦਸਤਾਨੇ ਪਹਿਨਕੇ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਕੀਤੇ ਗਏ ਇਸ ਪ੍ਰਭਾਵਸ਼ਾਲੀ ਉਪਰਾਲੇ ਦੀ ਸਮਾਜ ਦੇ ਹਰ ਵਰਗ ਵੱਲੋਂ ਸਰਾਹਨਾ ਕੀਤੀ ਜਾ ਰਹੀ ਹੈ ਜਿਸ ਤੋਂ ਖੁਸ਼ ਹੋਕੇ ਰਾਹਗੀਰਾਂ ਵੱਲੋਂ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤਾਂ ਦਿੰਦੇ ਨਜ਼ਰ ਆਏ।
ਇਸ ਮੌਕੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਮੁਖੀ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਸਰਕਾਰ ਅਤੇ ਵਿਭਾਗੀ ਉਚ ਅਧਿਕਾਰੀਆਂ ਦੀਆ ਹਦਾਇਤਾਂ ਤੇ ਸੰਸਥਾ ਵੱਲੋਂ ਇਹ ਜਾਗਰੂਕਤਾ ਮੁਹਿੰਮ ਪਿਛਲੇ ਕਰੀਬ 20 ਦਿਨ ਤੋਂ ਚਲਾਈ ਜਾ ਰਹੀ ਹੈ ਜਿਸ ਦੌਰਾਨ ਸ਼ਹਿਰ ਦੇ ਚੌਂਕ ਚੁਰਾਹਿਆਂ, ਭੀੜਭਾੜ ਵਾਲੇ ਖੇਤਰਾਂ, ਸੰਘਣੀ ਅਬਾਦੀ ਵਾਲੀਆਂ ਕਲੋਨੀਆਂ ਤੋਂ ਇਲਾਵਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੇਬਰ ਚੌਂਕ ਮਦਨਪੁਰ ਅਤੇ ਲੇਬਰ ਚੌਂਕ ਵਾਈਪੀਐਸ ਫ਼ੇਜ ਵਿੱਚ ਹਰ ਵਿਅਕਤੀ ਨੂੰ ਚਾਰਟਾਂ ਅਤੇ ਪੈਂਫ਼ਲਿਟਾਂ ਤੋਂ ਇਲਾਵਾ ਜੁਬਾਨੀ ਸਮਝਾਇਆ ਜਾ ਰਿਹਾ ਹੈ ਕਿ ਇਸ ਜਾਨਲੇਵਾ ਅਤੇ ਭਿਆਨਕ ਬੀਮਾਰੀ ਤੋਂ ਬਚਣ ਲਈ ਸਾਵਧਾਨੀਆਂ ਹੀ ਇੱਕ ਸੁਚੱਜਾ ਅਤੇ ਸਮਰੱਥ ਹੱਲ ਹੈ ਕਿਉਂਕਿ ਇਸ ਦੀ ਰੋਕਥਾਮ ਲਈ ਅਜੇ ਤੀਕ ਕੋਈ ਵੀ ਦਵਾਈ ਇਜ਼ਾਦ ਨਹੀਂ ਹੋਈ। ਇਸ ਸਮੁੱਚੀ ਮੁਹਿੰਮ ਦੌਰਾਨ ਲੋਕਾਂ ਨੂੰ ਹੇਠਾਂ ਲਿਖੇ ਸਲੋਗਨਾਂ ਰਾਹੀਂ ਲੋਕਾਂ ਨੂੰ ਅਸਾਨੀ ਨਾਲ ਸਮਝਾਇਆ ਜਾ ਰਿਹਾ ਹੈ, ਜਿਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਇਸ ਮਾਨਵੀ ਹੋਕੇ ਦਾ ਸਮਾਜ ਉਤੇ ਗਹਿਰਾ ਪ੍ਰਭਾਵ ਪੈਣਾ ਸੁਭਾਵਿਕ ਹੈ।
੧ ਪੰਜਾਬ ਸਰਕਾਰ ਦਾ ਹੁਕਮ ਵਜਾਇਓ-ਮਾਸਕ ਬਿਨ ਨਾ ਸੜਕ ਤੇ ਆਇਓ॥
੨ ਬਿਨਾ ਕੰਮ ਤੋਂ ਬਾਹਰ ਨਾ ਆਇਓ-ਜਾਲ ਕਰੋਨਾ ਫ਼ਸ ਨਾ ਜਾਇਓ॥
੩ ਕਸਰਤ ਯੋਗਾ ਨੇਮ ਬਣਾਇਓ-ਮਿਸ਼ਨ ਫ਼ਤਹਿ ਨੂੰ ਸ਼ਫਲ ਬਣਾਇਓ॥
੪ ਰੱਜਕੇ ਆਪਣੀ ਉਮਰ ਹੰਢਾਇਓ-ਮਿਲਣ ਗਿਲਣ ਤੋਂ ਸਮਾਂ ਬਚਾਇਓ॥
੫ ਸਾਬਣ ਦੇ ਨਾਲ ਯਾਰੀ ਲਾਇਓ-ਭੁੱਲਕੇ ਨਾ ਕਦੇ ਹੱਥ ਮਿਲਾਇਓ॥
੬ ਮਾਸਕ ਜੇ ਨਾ ਮੂੰਹ ਤੇ ਪਾਇਆ-ਪੁਲੀਸ ਨੇ ਕੱਟ ਚਲਾਨ ਫ਼ੜਾਇਆ॥
੭ ਚੰਗੀਆਂ ਗੱਲਾਂ ਜੇ ਅਪਣਾਈਆਂ-ਖੁਸ਼ੀਆਂ ਘਰ ਵਿੱਚ ਭੱਜ ਭੱਜ ਆਈਆਂ॥
੮ ਮਾਸਕ ਬਿਨ ਕੋਈ ਰਹਿਣ ਨੀ ਦੇਣਾ-ਦਰਦ ਕਰੋਨਾ ਸਹਿਣ ਨੀ ਦੇਣਾ॥
੯ ਇੱਕ ਦੂਜੇ ਤੋਂ ਦੂਰੀ ਰੱਖੋ-ਤਿਆਰੀ ਆਪਣੀ ਪੂਰੀ ਰੱਖੋ॥
੧੦ ਲਾਪ੍ਰਵਾਹੀ ਪੈਜੂ ਭਾਰੀ-ਭੀੜ ਭਾੜ ਤੋਂ ਕਰੋ ਕਿਨਾਰੀ॥
੧੧ ਜਰੂਰੀ ਕੰਮ ਅਤੇ ਲੋੜ ਤੋਂ ਬਿਨਾਂ ਆਪਣੇ ਘਰਾਂ ਵਿੱਚ ਹੀ ਰਹੋ ਜੀ॥
੧੨ ਖੰਘ, ਖਾਂਸੀ, ਜੁਕਾਮ, ਬੁਖਾਰ ਅਤੇ ਸਾਹ ਲੈਣ ’ਚ ਦਿੱਕਤ ਹੋਣ ਤੇ ਡਾਕਟਰ ਨਾਲ ਸੰਪਰਕ ਕਰੋ ਜੀ॥
੧੩ ਕਰੋਨਾ ਇੱਕ ਭਿਆਨਕ ਤੇ ਜਾਨਲੇਵਾ ਬੀਮਾਰੀ ਹੈ ਇਸ ਤੋਂ ਬਚਣ ਲਈ ਸਾਵਧਾਨ ਰਹੋ ਜੀ॥
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਸਥਾ ਦੇ ਪਿੰ੍ਰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਕਰੋਨਾ ਵਿਰੁੱਧ ਜੰਗ ਵਿੱਚ ਜਿੱਥੇ ਵਿਭਾਗ ਵੱਲੋਂ 15 ਲੱਖ ਤੋਂ ਵਧੇਰੇ ਮਾਸਕਾਂ ਦਾ ਨਿਰਮਾਣ ਕੀਤਾ ਗਿਆ ਹੈ ਉਥੇ ਆਈ ਟੀ ਆਈ ਮੁਹਾਲੀ ਦੀਆਂ ਲੜਕੀਆਂ ਨੇ ਮੋਹਰੀ ਭੂਮਿਕਾ ਨਿਭਾਉਂਦਿਆਂ ਆਪਣੇ ਵਸੀਲਿਆਂ ਰਾਹੀਂ 44561 ਮਾਸਕ ਬਣਾਕੇ ਸਿਹਤ ਮੁਲਾਜ਼ਮਾਂ, ਸਫ਼ਾਈ ਕਰਮਚਾਰੀਆਂ, ਪ੍ਰਵਾਸੀ ਮਜਦੂਰਾਂ ਪੁਲੀਸ ਕਰਮਚਾਰੀਆਂ, ਮਾਲੀਆਂ, ਡਰਾਈਵਰਾਂ ਅਤੇ ਹੋਰ ਲੋੜਵੰਦ ਲੋਕਾਂ ਵਿੱਚ ਮੁਫ਼ਤ ਵੰਡੇ ਗਏ ਹਨ, ਜਿਸ ਦੇ ਸਿੱਟੇ ਵੱਜੋਂ ਸੰਸਥਾ ਨੂੰ ਅਗਲੇ ਕੁੱਝ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਸਿਰੇ ਚੜ੍ਹਾਉਣ ਲਈ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਅਵਤਾਰ ਸਿੰਘ, ਗੁਰਬਚਨ ਸਿੰਘ, ਇੰਸਟਰਕਟਰ ਰਾਕੇਸ਼ ਡੱਲਾ, ਵਰਿੰਦਰਪਾਲ ਸਿੰਘ ਖਾਲਸਾ, ਪਲੇਸਮੈਂਟ ਅਫ਼ਸਰ ਪਰਮਜੀਤਪਾਲ ਸਿੰਘ, ਵਿਕਰਮਜੀਤ ਸਿੰਘ ਬੈਂਸ, ਸ੍ਰੀਮਤੀ ਅੰਜਲੀ, ਸ਼੍ਰੀਮਤੀ ਉਪਾਸਨਾ ਅੱਤਰੀ, ਸ੍ਰੀਮਤੀ ਦਰਸ਼ਨਾ ਕੁਮਾਰੀ, ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਰਜਨੀ ਬੰਗਾ, ਸ੍ਰੀਮਤੀ ਸ਼ਵੀ ਗੋਇਲ, ਪਰਵਿੰਦਰ ਕੁਮਾਰ ਸ਼੍ਰੀ ਮਾਨਿੰਦਰਪਾਲ ਸਿੰਘ, ਰੋਹਿਤ ਕੌਸ਼ਲ, ਕੁਮਾਰੀ ਅਲਕਾ ਤੇ ਅਰਸ਼ਦੀਪ ਕੌਰ ਸੋਹਲ ਸਮੇਤ ਸਮੂਹ ਸਟਾਫ਼ ਅਤੇ ਸਿਖਿਆਰਥਣਾ ਵੱਲੋਂ ਆਪਣਾ ਵਡਮੱੁਲਾ ਯੋਗਦਾਨ ਪਾਇਆ ਜਾ ਰਿਹਾ ਹੈ।