
ਘੱਲੂਘਾਰਾ ਹਫ਼ਤਾ: ਮੁਹਾਲੀ ਵਿੱਚ ਪੰਜਾਬ ਪੁਲੀਸ ਤੇ ਪੈਰਾ ਮਿਲਟਰੀ ਫੋਰਸ ਵੱਲੋਂ ਫਲੈਗ ਮਾਰਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਪੰਜਾਬ ਵਿੱਚ ਚੱਲ ਰਹੇ ਘੱਲੂਘਾਰਾ ਹਫ਼ਤੇ ਤਹਿਤ ਮੁਹਾਲੀ ਵਿੱਚ ਐਸਐਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐਤਵਾਰ ਸ਼ਾਮ ਨੂੰ ਪੰਜਾਬ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੇ ਵਿਸ਼ਾਲ ਫਲੈਗ ਮਾਰਗ ਕੀਤਾ ਅਤੇ ਜਿਸ ਵਿੱਚ ਜ਼ਿਲ੍ਹਾ ਪੁਲੀਸ ਦੇ ਅਧਿਕਾਰੀਆਂ ਸਮੇਤ ਮੁਹਾਲੀ ਦੇ ਥਾਣਿਆਂ ਅਤੇ ਪੁਲੀਸ ਲਾਈਨ ਵਿੱਚ ਤਾਇਨਾਤ ਫੋਰਸ ਨੇ ਸ਼ਮੂਲੀਅਤ ਕੀਤੀ। ਇਹ ਫਲੈਗ ਮਾਰਚ ਮੁਹਾਲੀ ਦੇ ਐਸਪੀ (ਐੱਚ) ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕੱਢਿਆ ਗਿਆ। ਜਿਸ ਵਿੱਚ ਡੀਐਸਪੀ (ਸਿਟੀ-1) ਸੁਖਨਾਜ ਸਿੰਘ, ਡੀਐਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ, ਡੀਐਸਪੀ (ਡੀ) ਕੁਲਜਿੰਦਰ ਸਿੰਘ ਅਤੇ ਡੀਐਸਪੀ (ਸਪੈਸ਼ਲ ਬ੍ਰਾਂਚ) ਜਤਿੰਦਰਪਾਲ ਸਿੰਘ ਨਾਲ ਮਿਲ ਕੇ ਇੱਥੋਂ ਦੇ ਫੇਜ਼-7 ਤੋਂ ਵੱਖ-ਵੱਖ ਥਾਵਾਂ ਫੇਜ਼-3\ਫੇਜ਼-5 ਲਾਲ ਬੱਤੀ ਪੁਆਇੰਟ, ਵਾਈਪੀਐਸ ਚੌਂਕ, ਪੀਸੀਏ ਚੌਂਕ ਅਤੇ ਫੇਜ਼-11 ਤੱਕ ਕੱਢਿਆ ਗਿਆ।
ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਸਿੱਖ ਕੌਮ ਵੱਲੋਂ ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ, ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਰੋਕਣ ਅਤੇ ਲੋਕਾਂ ਵਿੱਚ ਪੁਲੀਸ ਦਾ ਵਿਸ਼ਵਾਸ ਪੈਦਾ ਕਰਨ ਦੇ ਮੰਤਵ ਨਾਲ ਅੱਜ ਫਲੈਗ ਮਾਰਚ ਕੀਤਾ ਗਿਆ ਹੈ। ਇਸ ਫਲੈਗ ਮਾਰਚ ਦੌਰਾਨ ਪੈਰਾ ਮਿਲਟਰੀ ਫੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇੱਥੇ ਵੀ ਵਰਨਣਯੋਗ ਹੈ ਕਿ ਇਸ ਫਲੈਗ ਮਾਰਚ ਦੌਰਾਨ ਆਮ ਸ਼ਹਿਰੀ ਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਤੁਰੰਤ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ ਜਾਵੇ।