nabaz-e-punjab.com

’ਘਰ ਘਰ ਰੁਜ਼ਗਾਰ’ ਮਿਸ਼ਨ: ਨੌਜਵਾਨਾਂ ਨੂੰ ਨੌਕਰੀ ਦਿਵਾਉਣ ਲਈ ਜ਼ਿਲ੍ਹਾ ਬਿਊਰੋ ਰੁਜ਼ਗਾਰ ਦਫ਼ਤਰ ਨਿਭਾਉਣਗੇ ਅਹਿਮ ਭੂਮਿਕਾ

ਜ਼ਿਲ੍ਹਾ ਰੁਜ਼ਗਾਰ ਬਿਊਰੋ ’ਤੇ ਮਿਲੇਗੀ ਵਿਦੇਸ਼ਾਂ ਵਿੱਚ ਨੌਕਰੀ ਦਿਵਾਉਣ ਦੀ ਵੀ ਹਰ ਸੁਵਿਧਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਸਤੰਬਰ:
’ਘਰ ਘਰ ਰੁਜ਼ਗਾਰ’ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਜ਼ਿਲ੍ਹਾ ਬਿਊਰੋ ਰੁਜ਼ਗਾਰ ਅਤੇ ਐਂਟਰਪ੍ਰਾਈਜ਼ਿਜ਼ ਦਫਤਰ ਨੌਜਵਾਨਾਂ ਨੂੰ ਵਧੇਰੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿਚ ਸਹਾਇਤਾ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਆਪਣਾ ਵਪਾਰ ਸ਼ੁਰੂ ਕਰਨ, ਹੁਨਰ ਸਿਖਲਾਈ ਪ੍ਰਾਪਤ ਕਰਨ ਅਤੇ ਵਿਦੇਸ਼ਾਂ ਵਿਚ ਰੁਜ਼ਗਾਰ ਪ੍ਰਾਪਤ ਕਰਨ ਵਿਚ ਵੀ ਇਹ ਬਿਊਰੋ ਨੌਜਵਾਨਾਂ ਦੀ ਸਹਾਇਤਾ ਕਰਨਗੇ ਤਾਂ ਜੋ ’ਘਰ ਘਰ ਰੁਜ਼ਗਾਰ’ ਮਿਸ਼ਨ ਤਹਿਤ ਹਰੇਕ ਘਰ ਦੇ ਯੋਗ ਨੌਜਵਾਨ ਨੂੰ ਨੌਕਰੀ ਦੇਣ ਦੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਬਿਊਰੋ ਇੱਕੋ ਥਾਂ ਰੁਜ਼ਗਾਰ ਸਬੰਧੀ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਨਗੇ ਜਿੱਥੇ ਵਿਦੇਸ਼ਾਂ ਵਿਚ ਰੁਜ਼ਗਾਰ, ਹੁਨਰ ਸਿਖਲਾਈ, ਸਵੈ-ਰੁਜ਼ਗਾਰ ਅਤੇ ਉੱਦਮੀਆਂ ਦੇ ਵਿਕਾਸ ਵਰਗੇ ਮਹੱਤਵਪੂਰਣ ਕੰਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਬਿਊਰੋ ਸਾਰੇ ਵਿਭਾਗਾਂ ਨਾਲ ਤਾਲਮੇਲ ਰੱਖਣਗੇ ਤਾਂ ਜੋ ਕੇਂਦਰੀ ਅਤੇ ਸੂਬਾਈ ਸਕੀਮਾਂ ਨੂੰ ਸਾਰਥਕ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ਅਤੇ ਇਨ੍ਹਾਂ ਸਕੀਮਾਂ ਦੀ ਸਮੇਂ-ਸਮੇਂ ’ਤੇ ਸਮੀਖਿਆ ਵੀ ਕੀਤੀ ਜਾ ਸਕੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਬਿਊਰੋ ਰੁਜ਼ਗਾਰਦਾਤਿਆਂ ਅਤੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਵਿਚਕਾਰ ਇਕ ਪੁਲ ਦਾ ਕੰਮ ਕਰੇਗਾ ਜਿੱਥੇ ਆਧੁਨਿਕ ਅਤੇ ਰਵਾਇਤੀ ਤਰੀਕਿਆਂ ਨਾਲ ਦੋਵਾਂ ਧਿਰਾਂ ਵਿਚਕਾਰ ਤਾਲਮੇਲ ਬਣਾ ਕੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਊਰੋ ਇਹ ਵੀ ਸੁਨਿਸ਼ਚਿਤ ਕਰੇਗਾ ਕਿ ਰੋਜ਼ਗਾਰਦਾਤਿਆਂ ਨੂੰ ਉਨ੍ਹਾਂ ਦੀ ਪਸੰਦ ਅਤੇ ਤਕਨੀਕ ਵਾਲੇ ਹੁਨਰਮੰਦ ਨੌਜਵਾਨ ਮਿਲਣ ਅਤੇ ਇਸੇ ਤਰ੍ਹਾਂ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਵੀ ਕਿਸੇ ਨਾ ਕਿਸੇ ਹੁਨਰ ਦੇ ਮਾਹਿਰ ਹੋਣ। ਬਿਊਰੋ ਨੌਜਵਾਨਾਂ ਨੂੰ ਹੁਨਰ ਪ੍ਰਾਪਤੀ ਲਈ ਅਤੇ ਸਵੈ-ਰੋਜ਼ਗਾਰ ਲਈ ਵੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਕੇਂਦਰੀ ਅਤੇ ਸੂਬਾਈ ਸਕੀਮਾਂ ਤਹਿਤ ਪੇਸ਼ੇਵਰ ਸਿਖਲਾਈ ਲੈਣ ਵਿਚ ਵੀ ਸਹਾਇਤਾ ਦੇਵੇਗਾ। ਜਿਹੜੇ ਨੌਜਵਾਨ ਵਿਦੇਸ਼ਾਂ ਵਿਚ ਨੌਕਰੀ ਕਰਨ ਦੀ ਇੱਛਾ ਰੱਖਦੇ ਹੋਣਗੇ, ਬਿਊਰੋ ਅਜਿਹੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਨੌਕਰੀਆਂ ਦੇ ਮੌਕਿਆਂ, ਲੋੜੀਂਦੇ ਹੁਨਰ ਅਤੇ ਕਿਹੋ-ਜਿਹੀਆਂ ਕਲੀਅਰੈਸਾਂ ਚਾਹੀਦੀਆਂ ਹਨ, ਸਬੰਧੀ ਵੀ ਜਾਣਕਾਰੀ ਅਤੇ ਕੌਂਸਲਿੰਗ ਪ੍ਰਦਾਨ ਕਰੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਬਿਊਰੋ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਹੁਨਰ ਸਿਖਲਾਈ ਏਜੰਸੀਆਂ ਨਾਲ ਵੀ ਸਾਂਝੇਦਾਰੀ ਅਤੇ ਰਾਬਤਾ ਬਣਾ ਕੇ ਰੱਖੇਗਾ ਜਿਨ੍ਹਾਂ ਰਾਹੀਂ ਹੁਨਰ ਸਿਖਲਾਈ, ਰੋਜ਼ਗਾਰ ਪ੍ਰਾਪਤੀ ਅਤੇ ਆਪਣੇ ਕੰਮ ਸ਼ੁਰੂ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਰੋਜ਼ਗਾਰ ਪ੍ਰਾਪਤੀ ਵਿਚ ਵੀ ਬਿਊਰੋ ਪੂਰੀ-ਪੂਰੀ ਮਦਦ ਕਰੇਗਾ ਅਤੇ ਦੱਸੇਗਾ ਕਿ ਖੇਤੀ ਅਤੇ ਸਹਾਇਕ ਧੰਦਿਆਂ ਵਿਚ ਮੌਜੂਦਾ ਸਮੇਂ ਕੀ-ਕੀ ਗਤੀਵਿਧੀਆਂ ਲਾਭਕਾਰੀ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਤਕਨੀਕਾਂ ਦੀ ਮਦਦ ਲੈਂਦਿਆਂ ਬਿਊਰੋ ਡਿਜੀਟਲ ਤਕਨੀਕਾਂ ਦੀ ਵੀ ਵਰਤੋਂ ਕਰੇਗਾ ਅਤੇ ਸਾਰੀਆਂ ਸਰਕਾਰੀ ਤੇ ਵੱਖ-ਵੱਖ ਸੰਸਥਾਵਾਂ ਵਿਚ ਨਿਕਲੀਆਂ ਨੌਕਰੀਆਂ ਨੂੰ ਵੈੱਬਸਾਈਟਾਂ ਅਤੇ ਅਜਿਹੇ ਹੋਰ ਆਧੁਨਿਕ ਮਾਧਿਅਮਾਂ ਰਾਹੀਂ ਪ੍ਰਚਾਰਿਆਂ ਜਾਵੇਗਾ।
ਬਿਊਰੋ ਦੇ ਸੰਸਥਾਤਮਕ ਢਾਂਚੇ ਦੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਰਾਜ ਪੱਧਰੀ ਅਪੈਕਸ ਕਮੇਟੀ ਵਿਚ 21 ਮੈਂਬਰ ਹੋਣਗੇ ਜਿਸ ਵਿਚ 5 ਨੁਮਾਇੰਦੇ ਉਦਯੋਗਾਂ ਤੋਂ ਹੋਣਗੇ ਅਤੇ ਮੁੱਖ ਸਕੱਤਰ ਇਸ ਦੇ ਚੇਅਰਪਰਸਨ ਹੋਣਗੇ। ਹਰੇਕ ਜ਼ਿਲ੍ਹਾ ਬਿਊਰੋ ਦੀ ਇਕ ਗਵਰਨਿੰਗ ਕੌਂਸਲ ਹੋਵੇਗੀ ਜਿਸ ਵਿਚ ਡਿਪਟੀ ਕਮਿਸ਼ਨਰ ਦੇ ਚੇਅਰਪਰਸਨ ਹੋਣ ਸਮੇਤ 16 ਮੈਂਬਰ ਹੋਣਗੇ, ਵਧੀਕ ਡਿਪਟੀ ਕਮਿਸ਼ਨਰ ਵਾਈਸ ਚੇਅਰਮੈਨ ਕਮ ਸੀਈਓ ਅਤੇ ਇਕ ਡਿਪਟੀ ਸੀਈਓ ਹੋਵੇਗਾ। ਡਿਪਟੀ ਸੀਈਓ ਇਕ ਪੇਸ਼ੇਵਰ ਹੋਵੇਗਾ ਜੋ ਕਿ ਸੀਈਓ ਅਤੇ ਚੇਅਰਪਰਸਨ ਦੀ ਮਦਦ ਕਰੇਗਾ ਅਤੇ ਟੀਮ ਦਾ ਓਵਰਆਲ ਇੰਚਾਰਜ ਵੀ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਪੱਧਰੀ ਅਪੈਕਸ ਕਮੇਟੀ ਨੌਕਰੀਆਂ ਸਬੰਧੀ ਸੂਬੇ ਦੀ ਸਾਲਾਨਾ ਯੋਜਨਾ ਦਾ ਖਾਕਾ ਪ੍ਰਵਾਨ ਕਰੇਗੀ ਅਤੇ ਸਮੀਖਿਆ ਕਰੇਗੀ ਕਿ ਟੀਚਾ ਪ੍ਰਾਪਤੀ ਲਈ ਕੀ-ਕੀ ਯੋਜਵਾਨਾਂ ਅਮਲ ਵਿਚ ਲਿਆਂਦੀਆਂ ਜਾਣ।
ਇਸ ਤੋਂ ਇਲਾਵਾ ਜ਼ਿਲ੍ਹਾ ਬਿਊਰੋਜ਼ ਦੇ ਕੰਮਕਾਜ ਦੀ ਮੋਨੀਟਰਿੰਗ, ਨਿਗਰਾਨੀ, ਸਲਾਹ ਦੇਣੀ ਅਤੇ ਸਮੀਖਿਆ ਵਰਗੇ ਮਹੱਤਵਪੂਰਣ ਕਾਰਜ ਵੀ ਰਾਜ ਪੱਧਰੀ ਕਮੇਟੀ ਹੀ ਕਰੇਗੀ। ਇਹ ਗਵਰਨਿੰਗ ਕੌਂਸਲ ਜਿੱਥੇ ਓਵਰਆਲ ਨਿਰਦੇਸ਼ ਦੇਵੇਗੀ ਉੱਥੇ ਹੀ ਜ਼ਿਲ੍ਹਾ ਬਿਊਰੋਜ਼ ਦੀ ਸਾਲਾਨਾ ਯੋਜਨਾ, ਸਾਲਾਨਾ ਬਜਟ ਅਤੇ ਦਿੱਤੀਆਂ ਨੌਕਰੀਆਂ ਦੀ ਸਮੀਖਿਆ ਵੀ ਕਰੇਗੀ। ਇੱਥੇ ਦੱਸ ਦੇਈਏ ਕਿ ਬਿਊਰੋਜ਼ ਨੂੰ ਫੰਡ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾਣਗੇ। ਉਂਝ ਬਿਊਰੋ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਕਮੇਟੀ ਦੀ ਮੰਜ਼ੂਰੀ ਲੈ ਕੇ ਨਾਂਮਾਤਰ ਫੀਸ ਰੱਖ ਸਕਦੀਆਂ ਹਨ ਪਰ ਬੇਰੁਜ਼ਗਾਰ ਐਸ.ਸੀ. ਅਤੇ ਓ.ਬੀ.ਸੀ. ਨੌਜਵਾਨਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …