
ਸਿੱਖਿਆ ਵਿਭਾਗ ਇਮਾਰਤ ਦੀ ਸੱਤਵੀਂ ਮੰਜ਼ਲ ’ਤੇ ਚੜ੍ਹੇ ਸਹਾਇਕ ਪ੍ਰੋਫ਼ੈਸਰ, ਡੀਪੀਆਈ ਦਫ਼ਤਰ ਦਾ ਘਿਰਾਓ
1158 ਭਰਤੀ ਤਹਿਤ ਨਿਯੁਕਤ ਹੋਣੋਂ ਰਹਿੰਦੇ ਉਮੀਦਵਾਰ ਨਿਯੁਕਤੀ ਪੱਤਰ ਲੈਣ ਦੀ ਜ਼ਿੱਦ ’ਤੇ ਅੜੇ, ਧਰਨਾ ਜਾਰੀ
ਨਬਜ਼-ਏ-ਪੰਜਾਬ, ਮੁਹਾਲੀ, 7 ਅਕਤੂਬਰ:
1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਨਿਯੁਕਤ ਹੋਣੋਂ ਰਹਿੰਦੇ 411 ਉਮੀਦਵਾਰ ਅੱਜ ਮੁਹਾਲੀ ਸਥਿਤ ਸਿੱਖਿਆ ਭਵਨ ਦੀ ਸੱਤਵੀਂ ਮੰਜ਼ਲ ’ਤੇ ਚੜ੍ਹ ਗਏ। ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਦੀ ਘੇਰਾਬੰਦੀ ਕਰਕੇ ਗੈਲਰੀ ਵਿੱਚ ਧਰਨਾ ਲਗਾ ਕੇ ਬੈਠ ਗਏ ਅਤੇ ਡੀਪੀਆਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਫ਼ਰੰਟ ਦੇ ਆਗੂ ਬਲਵਿੰਦਰ ਚਹਿਲ ਅਤੇ ਹੋਰਨਾਂ ਪ੍ਰੋਫ਼ੈਸਰਾਂ ਨੇ ਦੋਸ਼ ਲਾਇਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 1158 ਭਰਤੀ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਲੇਕਿਨ 14 ਦਿਨ ਬੀਤ ਜਾਣ ਦੇ ਬਾਵਜੂਦ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਨਿਯੁਕਤੀ ਨਹੀਂ ਦਿੱਤੇ ਗਏ।
ਬੁਲਾਰਿਆਂ ਨੇ ਕਿਹਾ ਕਿ ਪ੍ਰੋਫੈਸਰ ਪੜ੍ਹੀ ਲਿਖੀ ਜਮਾਤ ਹੈ, ਜੋ ਆਪਣੇ ਹੱਕਾਂ ਲਈ ਅਧਿਕਾਰੀਆਂ ਦੇ ਹਾੜੇ ਕੱਢਣ ਲਈ ਮਜਬੂਰ ਹਨ। ਮਨੀਸ਼ ਕੁਮਾਰ ਨੇ ਦੱਸਿਆ ਕਿ ਹਾਈ ਕੋਰਟ ਨੇ ਬੀਤੀ 23 ਸਤੰਬਰ ਨੂੰ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਹਰੀ ਝੰਡੀ ਦਿੱਤੀ ਸੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ 483 ਉਮੀਦਵਾਰਾਂ ਦੀ ਕਾਲਜਾਂ ਵਿੱਚ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ ’ਚੋਂ ਬਹੁਤ ਸਾਰੇ ਉਮੀਦਵਾਰ ਕਾਲਜਾਂ ਵਿੱਚ ਪਹੁੰਚ ਚੁੱਕੇ ਹਨ ਜਦੋਂਕਿ 411 ਪੰਜਾਬੀ, ਹਿੰਦੀ, ਅੰਗਰੇਜ਼ੀ, ਲਾਇਬ੍ਰੇਰੀ ਸਾਇੰਸ, ਜੌਗਰਫ਼ੀ ਤੇ ਐਜੂਕੇਸ਼ਨ ਵਿਸ਼ਿਆਂ ਦੇ ਉਮੀਦਵਾਰ ਹਾਲੇ ਨਿਯੁਕਤੀ ਪੱਤਰਾਂ ਨੂੰ ਉਡੀਕ ਰਹੇ ਹਨ।
ਫ਼ਰੰਟ ਦੇ ਆਗੂ ਬਲਵਿੰਦਰ ਚਹਿਲ ਨੇ ਕਿਹਾ ਕਿ ਸੂਬੇ ਵਿੱਚ ਪੰਜਾਬੀ ਸਮੇਤ ਹੋਰਨਾਂ ਭਾਸ਼ਾਵਾਂ ਅਤੇ ਲਾਇਬ੍ਰੇਰੀਆਂ ਨਾਲ ਹੋ ਰਹੇ ਵਿਤਕਰੇ ਨੇ ‘ਸਿੱਖਿਆ ਕ੍ਰਾਂਤੀ’ ਅਤੇ ਸਰਕਾਰ ਦੇ ਪੰਜਾਬ ਹਿਤੈਸ਼ੀ ਹੋਣ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਭਰਤੀ ਪ੍ਰਤੀ ਸਰਕਾਰ ਇਸੇ ਤਰ੍ਹਾਂ ਟਾਲਮਟੋਲ ਕਰਦੀ ਰਹੀ ਤਾਂ ਉਹ ਇੱਥੇ ਹੀ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਆਪਣੇ ਪਰਿਵਾਰਾਂ ਸਮੇਤ ਲੜੀਵਾਰ ਧਰਨਾ ਸ਼ੁਰੂ ਕਰ ਦੇਣਗੇ। ਜੇਕਰ ਫਿਰ ਵੀ ਸਰਕਾਰ ਨੀਂਦ ਤੋਂ ਨਾ ਜਾਗੀ ਤਾਂ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਮਗਰੋਂ ਮਰਨ ਵਰਤ ਸ਼ੁਰੂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਲੋੜ ਪਈ ਤਾਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਜਾਵੇਗਾ।