
ਜੀਆਈ ਰੈਂਡਜ਼ਿਵਸ ਵਲੋਂ ਵਿਸ਼ਵ ਸਟ੍ਰੋਕ ਦਿਵਸ ਮੌਕੇ ਸੁਖਨਾ ਝੀਲ ’ਤੇ ਜਾਗਰੂਕਤਾ ਦੌੜ ਦਾ ਆਯੋਜਨ
ਸਮੁੱਚੇ ਟ੍ਰਾਈਸਿਟੀ ਦੇ ਲੋਕਾਂ ਨੇ ਭਿਆਨਕ ਬਿਮਾਰੀ (ਸਟ੍ਰੋਕ) ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਧ-ਚੜਕੇ ਲਿਆ ਹਿੱਸਾ
‘ਨੁੱਕੜ ਨਾਟਕ’ ਦਾ ਵੀ ਕੀਤਾ ਗਿਆ ਆਯੋਜਨ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 20 ਅਕਤੂਬਰ:
ਜੀਆਈ ਰੈਂਡਜ਼ਿਵਸ, ਸਿਹਤ ਸੇਵਾਵਾਂ ਸਬੰਧੀ ਪੇਸ਼ੇਵਰਾਂ ਦਾ ਇੱਕ ਸਮੂਹ , ਜੋ ਕਿ ਮੈਡੀਕੋਜ਼ ਅਤੇ ਆਮ ਲੋਕਾਂ ਨੂੰ ਅਕਾਦਮਿਕ ਤੇ ਸਿਹਤ ਸਬੰਧੀ ਮਾਮਲਿਆਂ ਬਾਬਤ ਜਾਗਰੂਕਤਾ ਫੈਲਾਉਣ ਲਈ ਇਕੱਤਰ ਹੋਏ ਹਨ, ਵਲੋਂ ਅੱਜ ਵਿਸ਼ਵ ਸਟ੍ਰੋਕ ਦਿਵਸ ਮੌਕੇ ‘ਰਨ ਟੂ ਨੋਅ ਸਟ੍ਰੋਕ’ ਨਾਂ ਦੇ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਵਿਸ਼ਵ ਸਟ੍ਰੋਕ ਸੰਸਥਾ ਵਲੋਂ ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ।
ਇਸ ਮੌਕੇ ਟ੍ਰਾਈਸਿਟੀ ਦੇ ਸਟ੍ਰੋਕ ਨਿਊਰੋਲਾਜਿਸਟ ਡਾ. ਦੀਪਕ ਗੁਪਤਾ ਸਮੇਤ ਡਾ.(ਪ੍ਰੋ.) ਧੀਰਜ ਖੁਰਾਨਾ (ਸਟ੍ਰੋਕ ਨਿਊਰੋਲਾਜਿਸਟ, ਪੀ.ਜੀ.ਆਈ) ਅਤੇ ਡਾ.(ਪ੍ਰੋ.) ਵਿਵੇਕ ਗੁਪਤਾ ਨਿਓਰੋ-ਇੰਟਰਵੈਂਸ਼ਨਲ ਰੇਡੀਓਲਾਜਿਸਟ, ਨੇ ਕਰੀਬ 200 ਸਰੋਤਿਆਂ ਨੂੰ ਸਟ੍ਰੋਕ ਸਬੰਧੀ ਜਾਣਕਾਰੀ ਦਿੱਤੀ। ਇਨਾਂ ਸਰੋਤਿਆਂ ਵਿੱਚੋਂ ਜਿਆਦਾਤਰ ਸੁਖਨਾ ਝੀਲ ’ਤੇ ਦੌੜਨ ਵਾਲੇ ਦੌੜਾਕ ਸਨ।
ਉਕਤ ਮਾਹਰ ਡਾਕਟਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸਟ੍ਰੋਕ ਇੱਕ ਖਤਰਨਾਕ ਤੇ ਲਾਚਾਰਤਾ ਵਾਲੀ ਬਿਮਾਰੀ ਹੈ ਅਤੇ ਵਿਸ਼ਵ ਪੱਧਰ ’ਤੇ ਹਰ 4 ਵਿਅਕਤੀਆਂ ਵਿਚੋਂ 1 ਇਸਦਾ ਨਾ-ਮੁਰਾਦ ਰੋਗ ਦਾ ਸ਼ਿਕਾਰ ਹੋ ਰਿਹਾ ਹੈ। ਮੈਡੀਕਲ ਮਾਹਰਾਂ ਮੁਤਾਬਕ ਚਿਹਰੇ ਵਿੱਚ ਇੱਕ ਦਮ ਟੇਢਾਪਣ ਆਉਣਾ, ਬਾਂਹ ਜਾਂ ਲੱਤਾਂ ਦੀ ਕਮਜ਼ੋਰੀ ਅਤੇ ਬੋਲਣ ਜਾਂ ਬੋਲੀ ਸਮਝਣ ਵਿੱਚ ਤਕਲੀਫ ਆਉਣਾ ਇਸਦੇ ਮੁੱਖ ਲੱਛਣ ਮੰਨੇ ਜਾਂਦੇ ਹਨ। ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ ਅਤੇ ਲੱਛਣ ਪਤਾ ਲੱਗਣ ਤੋਂ ਸਾਢੇ ਚਾਰ ਘੰਟੇ ਵਿਚਕਾਰ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ, ਇਸ ਸਮੇਂ(ਪਹਿਲੇ ਸਾਢੇ ਚਾਰ ਘੰਟੇ) ਨੂੰ ਗੋਲਡਨ ਪੀਰੀਅਡ ਜਾਂ ਵਿੰਡੋ ਪੀਰੀਅਡ ਕਿਹਾ ਜਾਂਦਾ ਹੈ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਅੱਜ ਕੱਲ ਨਵੀਂ ਪੀੜੀ ਵਿੱਚ ਵੀ ਸਟ੍ਰੋਕ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਡਾ. ਦੀਪਕ ਗੁਪਤਾ ਨੇ ਸਟ੍ਰੋਕ ਤੋਂ ਬਚਣ ਲਈ ਕੁਝ ਪਰਹੇਜ਼ਾਂ ਦੀ ਸਲਾਹ ਦਿੱਤੀ ਜਿਨਾਂ ਵਿੱਚ ਰੋਜ਼ਾਨਾ ਕਸਰਤ ਕਰਨਾ, ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ’ਤੇ ਨਿਅੰਤਿ੍ਰਤ ਕਰਨਾ, ਸਿਗਰਟਨੋਸ਼ੀ ਤੋਂ ਪਰਹੇਜ਼, ਰਿਸ਼ਟ-ਪੁਸ਼ਟ ਖੁਰਾਕ ਲੈਣਾ ਅਤੇ ਤਣਾਅ ਰਹਿਤ ਜੀਵਨ ਬਤੀਤ ਕਰਨਾ ਸ਼ਾਮਲ ਹੈ।
ਇਸ ਮੌਕੇ ਕਮਿਸ਼ਨਰ(ਨਗਰ ਨਿਗਮ) ਤੇ ਸਕੱਤਰ(ਖੇਡਾਂ) ਚੰਡੀਗੜ ਸ੍ਰੀ ਕੇ.ਕੇ.ਯਾਦਵ ਨੇ ਕਿਹਾ ਕਿ ਚੰਗੀ ਸਿਹਤ ਦਾ ਮਹੱਤਵਪੂਰਨ ਟੀਚਾ ਪ੍ਰਾਪਤ ਕਰਨ ਲਈ ਜਾਗਰੂਕਤਾ ਹੀ ਸਭ ਤੋਂ ਸਹੀ ਤਰੀਕਾ ਹੈ। ਉਨਾਂ ਅਜਿਹੇ ਸਾਕਾਰਾਤਮਕ ਕਾਰਜਾਂ ਵਿੱਚ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦੀ ਸ਼ਲਾਘਾ ਕੀਤੀ ਅਤੇ ਸਟ੍ਰੋਕ ਸਬੰਧੀ ਸੰਦੇਸ਼ ਨੂੰ ਹੋਰ ਅੱਗੇ ਫੈਲਾਉਣ ਵਾਲੇ ਮੌਜੂਦ ਲੋਕਾਂ ਨੂੰ ਵੀ ਉਤਸ਼ਾਹਿਤ ਕੀਤਾ। ਉਨਾਂ ਇਸ ਮੌਕੇ ਪਹੁੰਚੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਅਤੇ ਅਜਿਹੇ ਸਮਾਰੋਹ ਦਾ ਹਿੱਸਾ ਬਣਨ ਲਈ ਖੁਦ ਨੂੰ ਮਾਣਮੱਤਾ ਦੱਸਿਆ।
ਸਮਾਰੋਹ ਦੌਰਾਨ ਸਰਕਾਰੀ ਕਾਲਜ ਸੈਕਟਰ -11 ਦੇ ਐਨ.ਸੀ.ਸੀ ਕੈਡਿਟਾਂ ਨੇ ਭਾਗ ਲੈਣ ਵਾਲਿਆਂ ਦੀ ਸਹਾਇਤਾ ਕੀਤੀ। ਸਰਕਾਰੀ ਕਾਲਜ ਸੈਕਟਰ -11 ਦੇ ਹੀ ਡਾ. ਰਾਜੇਸ਼ ਠਾਕੁਰ ਡ੍ਰਾਮੈਟਿਕ ਕਲੱਬ ਦੀ ਟੀਮ ਵਲੋਂ ਬੇ੍ਰਨ ਸਟ੍ਰੋਕ ’ਤੇ ਅਧਾਰਿਤ ਇੱਕ ਨੁਕੜ ਨਾਟਕ ਵੀ ਖੇਡਿਆ ਗਿਆ।
ਜੀਆਈ ਰੈਂਡਜ਼ਿਵਸ ਦੇ ਕਨਵੀਨਰ ਡਾ. ਗੁਰਬਿਲਾਸ ਪੀ.ਸਿੰਘ ਨੇ ਕਿਹਾ ਕਿ ਟ੍ਰਾਈਸਿਟੀ ਦੇ ਵੱਖ ਵੱਖ ਹਸਪਤਾਲਾਂ ਦੇ ਵੱਖ ਵਿਭਾਗਾਂ ਨਾਲ ਸਬੰਧਤ ਮੈਡੀਕਲ ਖੇਤਰ ਦੇ ਸਾਥੀਆਂ ਵਲੋਂ ਕਈ ਹੋਰਨਾਂ ਨਾਲ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਉਨਾਂ ਇਸ ਜਾਗਰੂਕਤਾ ਸਮਾਰੋਹ ਨੂੰ ਕਾਮਯਾਬ ਕਰਨ ਵਾਲੇ ਸ੍ਰੀ ਦੀਪਕ ਸ਼ਰਮਾ, ਸ੍ਰੀ ਰਣਵੀਰ ਸਿੰਘ ਰਾਣਾ ਅਤੇ ਗੁਰਪ੍ਰੀਤ ਸਿੰਘ ਅਤੇ ਹੋਰਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।