
ਅਧਿਆਪਕ ਦਿਵਸ: ਗਿਆਨ ਜਯੋਤੀ ਗਲੋਬਲ ਸਕੂਲ ਦੇ ਹੋਣਹਾਰ ਅਧਿਆਪਕਾਂ ਦਾ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਵਿਖੇ ਅੱਜ ਅਧਿਆਪਕ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ੁੱਭਕਾਮਨਾਵਾਂ ਦਿੱਤੀਆਂ। ਕੁਝ ਵਿਦਿਆਰਥੀਆਂ ਨੇ ਸਵੈ-ਲਿਖਿਤ ਕਵਿਤਾਵਾਂ ਗਾਈਆਂ ਅਤੇ ਕਈ ਵਿਦਿਆਰਥੀਆਂ ਨੇ ਬਹੁਤ ਸੁੰਦਰ ਕਾਰਡ ਬਣਾਏ ਅਤੇ ਅਧਿਆਪਕਾਂ ਦੀ ਖੁਸ਼ ਲਈ ਗੀਤ ਗਾਏ। ਇੰਜ ਹੀ ਵਿਦਿਆਰਥੀਆਂ ਨੇ ਵੱਖ-ਵੱਖ ਵੀਡੀਓ ਬਣਾ ਕੇ ਅਧਿਆਪਕਾਂ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਰਾਧਾਕ੍ਰਿਸ਼ਨਨ ਅਤੇ ਡਾ. ਏਪੀਜੇ ਅਬਦੁਲ ਕਲਾਮ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਉਪਰੰਤ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਗੀਤਾਂ ’ਤੇ ਵਿਦਿਆਰਥੀਆਂ ਨੇ ਪੇਸ਼ਕਾਰੀ ਦਿੱਤੀ। ਅਧਿਆਪਕਾਂ ਵੱਲੋਂ ਵੀ ਕਈ ਗੀਤ ਗਾਏ ਗਏ। ਇਸ ਦੌਰਾਨ ਕਈ ਦਿਲ ਲਭਾਉਣੀਆਂ ਖੇਡਾਂ ਜਿਵੇਂ ਪਾਰਸਲ ਤੇ ਅੰਤਾਕਸ਼ਰੀ ਦਾ ਆਯੋਜਨ ਵੀ ਕੀਤਾ ਗਿਆ। ਸਕੂਲ ਵੱਲੋਂ ਅਧਿਆਪਕਾਂ ਲਈ ਇਹ ਦਿਵਸ ਮਨਾਉਣ ਲਈ ਖਾਸ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਸਾਰੇ ਅਧਿਆਪਕਾਂ ਨੇ ਬਹੁਤ ਆਨੰਦ ਮਾਣਿਆ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਬੇਦੀ ਨੇ ਉਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਪਣੇ ਅਧਿਆਪਕਾਂ ਨੂੰ ਏਨਾ ਪਿਆਰ ਤੇ ਸਤਿਕਾਰ ਦਿੱਤਾ। ਉਨ੍ਹਾਂ ਨੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਮਹਾਮਾਰੀ ਦੇ ਦਿਨਾਂ ਵਿੱਚ ਬੱਚਿਆਂ ਨੂੰ ਘਰ ਬੈਠੇ ਹੀ ਵਧੀਆ ਸਿੱਖਿਆ ਹਾਸਲ ਕਰਵਾਉਣ ਲਈ ਖੂਬ ਮਿਹਨਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਮਹਾਮਾਰੀ ਦੇ ਦੌਰਾਨ ਅਧਿਆਪਕ ਨੇ ਵਿਦਿਆਰਥੀਆਂ ਨੂੰ ਕੇਵਲ ਪੜ੍ਹਾਇਆ ਹੀ ਨਹੀਂ ਬਲਕਿ ਉਨ੍ਹਾਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਦੇ ਲਈ ਤੇ ਉਨ੍ਹਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਹੋਰ ਵੀ ਸੁਵਿਧਾਵਾਂ ਉਪਲਬਧ ਕਰਵਾਈਆਂ। ਉਨ੍ਹਾਂ ਨੇ ਅਧਿਆਪਕਾਂ ਨੂੰ ਗਿਆਨ ਜਯੋਤੀ ਗਲੋਬਲ ਸਕੂਲ ਦੀ ਪਰੰਪਰਾ ਨੂੰ ਹੋਰ ਅਮੀਰ ਤੇ ਮਜ਼ਬੂਤ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ। ਅਖੀਰ ਵਿੱਚ ਹੋਣਹਾਰ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਗਿਆ।