
ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਭਰਵੀਂ ਸ਼ਲਾਘਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਪੁੱਤਰ ਨਵਜੀਤ ਸਿੰਘ ਦਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਕੀਤੇ ਜਾਣ ਦੀ ਭਰਵੀਂ ਸ਼ਲਾਘਾ ਕਰਦਿਆਂ ਹੋਰਨਾਂ ਸਿਆਸੀ ਆਗੂਆਂ ਨੂੰ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਦਾ ਵਿਆਹ ਕਰਕੇ ਮੁੱਖ ਮੰਤਰੀ ਚੰਨੀ ਨੇ ਨਵੀਂ ਪਿਰਤ ਪਾਈ ਹੈ। ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਤਰ੍ਹਾਂ ਦੇ ਪ੍ਰਬੰਧ ਕਰਕੇ ਜਿੱਥੇ ਅਸੀਂ ਮਰਿਆਦਾ ਵਿੱਚ ਬੱਝੇ ਰਹਿੰਦੇ ਹਾਂ, ਉੱਥੇ ਫਜ਼ੂਲ ਖ਼ਰਚੀ ਤੋਂ ਵੀ ਬਚਾਅ ਹੁੰਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਰੁਝਾਨ ਬਹੁਤ ਵਧੀਆ ਅਤੇ ਮੁੱਖ ਮੰਤਰੀ ਨੇ ਮਰਿਆਦਾ ਅਨੁਸਾਰ ਬਹੁਤ ਹੀ ਸਾਦਗੀ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਹੈ। ਮੁੱਖ ਮੰਤਰੀ ਦਾ ਪਰਿਵਾਰ, ਸਾਕ ਸਬੰਧੀ ਅਤੇ ਸਮੁੱਚੀ ਪੰਜਾਬ ਕੈਬਨਿਟ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਅਜਿਹੇ ਮੌਕੇ ’ਤੇ ਸੱਦਿਆ ਜਾਂਦਾ ਹੈ ਤਾਂ ਆਮ ਤੌਰ ’ਤੇ ‘ਅਸੀਂ ਇਹੀ ਕਹਿੰਦੇ ਹਾਂ ਕਿ ਵਿਆਹ ਹੈ, ਆਣਾ ਜ਼ਰੂਰ’। ਦਰਅਸਲ ਵਿਆਹ ਗੁਰਦੁਆਰਾ ਸਾਹਿਬ ਹੀ ਹੁੰਦੇ ਹਨ, ਪੈਲੇਸਾਂ ਵਿੱਚ ਨਹੀਂ, ਉੱਥੇ ਤਾਂ ਸਿਰਫ਼ ਖਾਣ ਪੀਣ ਹੁੰਦਾ ਹੈ। ਕੋਈ ਵੀ ਵਿਅਕਤੀ ਕਿਸੇ ਨੂੰ ਖਾਣ-ਪੀਣ ਲਈ ਨਹੀਂ ਸੱਦਦਾ, ਬਲਕਿ ਵਿਆਹ ਵਿੱਚ ਸੱਦਦਾ ਹੈ।

ਅਦਾਕਾਰ ਅਤੇ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਫੈਸਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਨਵੇਂ ਮੁੱਖ ਮੰਤਰੀ ਨੇ ਆਪਣੇ ਬੇਟੇ ਸਾਦਾ ਵਿਆਹ ਕਰਕੇ ਇਕ ਵਿਲੱਖਣ ਉਦਹਾਰਣ ਪੇਸ਼ ਕੀਤੀ ਹੈ। ਜਦੋਂਕਿ ਅਕਸਰ ਦੇਖਣ ਅਤੇ ਸੁਣਨ ਵਿੱਚ ਆਉਂਦਾ ਹੈ ਕਿ ਵੱਡੇ ਸਿਆਸੀ ਆਗੂ ਹਮੇਸ਼ਾ ਵੱਡੇ-ਵੱਡੇ ਪੈਲੇਸਾਂ ਵਿੱਚ ਆਪਣੇ ਬੱਚਿਆਂ ਦੇ ਵਿਆਹ ਕਰਨ ਮੌਕੇ ਫਜ਼ੂਲ ਖ਼ਰਚੀ ਕਰਦੇ ਹਨ। ਜਿਸ ਦਾ ਸਾਡੇ ਸਮਾਜ ’ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਦੇਖਾ ਦੇਖੀ ਵਿੱਚ ਆਮ ਲੋਕ ਕਰਜ਼ਾ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਚੰਨੀ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਫਜ਼ੂਲ ਖ਼ਰਚੀ ਤੋਂ ਬਚਨਾ ਚਾਹੀਦਾ ਹੈ।