ਗਿਲਕੋ ਵੈਲੀ ਦੇ ਐਮਡੀ ਰਣਜੀਤ ਗਿੱਲ ’ਤੇ ਧੋਖਾਧੜੀ ਕਰਨ ਦਾ ਦੋਸ਼

ਦੱਬੀ ਹੋਈ ਜ਼ਮੀਨ ’ਤੇ ਲੋਕਾਂ ਨੂੰ ਪਲਾਟ ਵੇਚੇ, ਜ਼ਮੀਨ ਦਾ ਅਸਲ ਹੱਕਦਾਰ ਥਾਂ ਖਾਲੀ ਕਰਨ ਲਈ ਪਾ ਰਿਹੈ ਦਬਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਖਰੜ ਦੇ ਵਸਨੀਕ ਨਰੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਗਿਲਕੋ ਵੈਲੀ ਦੇ ਐਮਡੀ ਰਣਜੀਤ ਸਿੰਘ ਗਿੱਲ ਖ਼ਿਲਾਫ਼ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬਿਲਡਰ ਨੇ ਅਮਨਦੀਪ ਸਿੰਘ ਨਾਂ ਦੇ ਵਿਅਕਤੀ ਤੋਂ ਸੁਸਾਇਟੀ ਕੱਟਣ ਲਈ ਜ਼ਮੀਨ ਖਰੀਦੀ ਸੀ ਅਤੇ ਐਗਰੀਮੈਂਟ ਤੋਂ ਇਕ ਏਕੜ ਵੱਧ ਦੱਬੀ ਹੋਈ ਜ਼ਮੀਨ ’ਤੇ ਉਨ੍ਹਾਂ ਨੂੰ ਪਲਾਟ ਵੇਚ ਦਿੱਤੇ ਜਦੋਂਕਿ ਸਬੰਧਤ ਪਲਾਟਾਂ ਦਾ ਖ਼ਸਰਾ ਨੰਬਰ ਕਿਸੇ ਹੋਰ ਰਕਬੇ ਵਿੱਚ ਪੈਂਦਾ ਹੈ ਪ੍ਰੰਤੂ ਉਨ੍ਹਾਂ ਨੂੰ ਕਬਜ਼ਾ ਗਿਲਕੋ ਵੈਲੀ ਵਿੱਚ ਦਿੱਤਾ ਗਿਆ। ਜਿੱਥੇ ਉਨ੍ਹਾਂ ਨੇ ਲੱਖਾਂ ਰੁਪਏ ਦੀ ਲਾਗਤ ਨਾਲ ਘਰ ਬਣਾ ਲਿਆ ਪ੍ਰੰਤੂ ਹੁਣ ਜ਼ਮੀਨ ਦਾ ਅਸਲ ਮਾਲਕ ਅਮਨਦੀਪ ਸਿੰਘ ਅਦਾਲਤੀ ਹੁਕਮਾਂ ਲੈ ਕੇ ਉਨ੍ਹਾਂ ’ਤੇ ਵਿਵਾਦਿਤ ਥਾਂ ਛੱਡਣ ਲਈ ਦਬਾਅ ਪਾ ਰਿਹਾ ਹੈ।
ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਲ 2014 ਵਿੱਚ ਗਿਲਕੋ ਵੈਲੀ ਖਰੜ ਵਿੱਚ ਪਲਾਟ ਨੰਬਰ-441 (200 ਵਰਗ ਗਜ) ਖ਼ਰੀਦਿਆ ਅਤੇ ਕ੍ਰਿਸ਼ਨਾ ਅਗਰੀਸ ਨੇ ਸਾਲ 2005 ਵਿੱਚ ਗਿਲਕੋ ਵੈਲੀ ਖਰੜ ਵਿਖੇ ਇੱਕ ਪਲਾਟ ਨੰਬਰ-443 (200 ਵਰਗ ਗਜ) ਅਤੇ ਦੂਜਾ-444 (200 ਵਰਗ ਗਜ) ਕਰਜ਼ਾ ਲੈ ਕੇ ਸਾਲ 2006 ਵਿੱਚ ਖਰੀਦੇ ਸਨ। ਪਲਾਟ ਖ਼ਰੀਦਣ ਤੋਂ ਪਹਿਲਾਂ ਉਹ ਐਮਡੀ ਨੂੰ ਮਿਲੇ ਸਨ। ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਪਲਾਟਾਂ ਦਾ ਕੋਈ ਝਗੜਾ ਨਹੀਂ ਹੈ।
ਉਧਰ, ਗਿਲਕੋਵੈਲੀ ਦੇ ਐਮਡੀ ਰਣਜੀਤ ਸਿੰਘ ਗਿੱਲ ਨੇ ਧੋਖਾਧੜੀ ਕਰਨ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਨੇ ਪਿਆਰਾ ਸਿੰਘ ਤੋਂ ਜ਼ਮੀਨ ਖ਼ਰੀਦੀ ਸੀ ਪ੍ਰੰਤੂ ਰਜਿਸਟਰੀ ਹੋਈ ਤਾਂ ਤਕਨੀਕੀ ਗਲਤੀ ਕਾਰਨ ਨੰਬਰ ਲਿਖਣ ਤੋਂ ਰਹਿ ਗਏ। ਲੇਕਿਨ 12 ਸਾਲਾਂ ਬਾਅਦ ਪਿਆਰਾ ਸਿੰਘ ਦੀ ਮੌਤ ਹੋ ਗਈ ਅਤੇ ਵਿਰਾਸਤ ਦੇ ਇੰਤਕਾਲ ਦੌਰਾਨ ਪਤਾ ਲੱਗਾ ਕਿ ਸਬੰਧਤ ਨੰਬਰ ਲਿਖਣ ਤੋਂ ਰਹਿ ਗਏ ਹਨ। ਜਿਸ ’ਤੇ ਉਨ੍ਹਾਂ ਨੇ ਤੁਰੰਤ ਠੋਸ ਸਬੂਤਾਂ ਦੇ ਆਧਾਰ ’ਤੇ ਅਦਾਲਤ ਦਾ ਬੂਹਾ ਖੜਕਾਇਆ ਅਤੇ ਸਟੇਅ ਲੈ ਲਈ। ਇਸ ਤੋਂ ਬਾਅਦ ਅਮਨਦੀਪ ਸਿੰਘ ਨੇ ਉਨ੍ਹਾਂ ਨੂੰ ਪਾਰਟੀ ਬਣਾਏ ਬਗੈਰ ਦੂਜੀ ਅਦਾਲਤ ਵਿੱਚ ਜ਼ਮੀਨ ਤਕਸੀਮ ਕਰਵਾਉਣ ਦੇ ਹੁਕਮ ਲੈ ਲਏ। ਪ੍ਰੰਤੂ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਹੋ ਕੇ ਫਿਰ ਤੋਂ ਸਟੇਅ ਲੈ ਲਈ। ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਇਨ੍ਹਾਂ ਦੋਵਾਂ ਪਲਾਟ ਹੋਲਡਰਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਪਾਈ ਗਿਲਕੋ ਗਰੁੱਪ ਵੱਲੋਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …