nabaz-e-punjab.com

ਲੜਕੀ ਘਰੋਂ ਆਪਣੇ ਪ੍ਰੇਮੀ ਨਾਲ ਫਰਾਰ, ਮੋਗਾ ਦੇ ਨੌਜਵਾਨ ਖ਼ਿਲਾਫ਼ ਕੇਸ ਦਰਜ

ਕੁੜੀ ਨੇ ਘਰ ਫੋਨ ’ਤੇ ਕਿਹਾ ਆਪਣੀ ਮਰਜ਼ੀ ਨਾਲ ਗਈ ਹਾਂ, ਅਗਵਾ ਨਹੀਂ ਕੀਤਾ, ਹੁਣ ਵਿਆਹ ਕਰਵਾ ਕੇ ਮੁੜਾਂਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਵਿੱਚ ਸਨਿੱਚਰਵਾਰ ਨੂੰ ਬਾਅਦ ਦੁਪਹਿਰ ਕਰੀਬ ਦੋ ਵਜੇ ਕਾਰ ਸਵਾਰਾਂ ਵੱਲੋਂ ਇਕ ਲੜਕੀ ਨੂੰ ਕਥਿਤ ਅਗਵਾ ਕਰਨ ਦੀ ਸਨਸਨੀ ਫੈਲ ਗਈ ਪ੍ਰੰਤੂ ਕੁੱਝ ਸਮੇਂ ਬਾਅਦ ਲੜਕੀ ਨੇ ਖ਼ੁਦ ਆਪਣੇ ਮਾਪਿਆਂ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਜ਼ਬਰਦਸਤੀ ਅਗਵਾ ਨਹੀਂ ਕੀਤਾ ਗਿਆ ਹੈ, ਬਲਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਪ੍ਰੇਮੀ ਨਾਲ ਗਈ ਹੈ ਅਤੇ ਹੁਣ ਵਿਆਹ ਕਰਵਾਉਣ ਤੋਂ ਬਾਅਦ ਹੀ ਵਾਪਸ ਆਵਾਂਗੀ।
ਮਿਲੀ ਜਾਣਕਾਰੀ ਅਨੁਸਾਰ ਅੱਜ ਲੜਕੀ ਦੇ ਮਾਪਿਆਂ ਨੇ 100 ਅਤੇ 181 ਨੰਬਰ ’ਤੇ ਪੁਲੀਸ ਨੂੰ ਇਤਲਾਹ ਦਿੱਤੀ ਗਈ ਕਿ ਕਾਰ ਸਵਾਰ ਵਿੱਚ ਆਏ ਕੁੱਝ ਨੌਜਵਾਨ ਗੰਨ ਪੁਆਇੰਟ ’ਤੇ ਉਨ੍ਹਾਂ ਦੀ ਬੇਟੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਹਨ। ਸੂਚਨਾ ਮਿਲਦੇ ਹੀ ਸੋਹਾਣਾ ਥਾਣਾ ਦੇ ਐਸਐਚਓ ਭਗਵੰਤ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਅਤੇ ਪੀਸੀਆਰ ਪਾਰਟੀ ਮੌਕੇ ’ਤੇ ਪਹੁੰਚੇ ਗਏ ਅਤੇ ਲੜਕੀ ਦੇ ਮਾਪਿਆਂ ਨਾਲ ਗੱਲ ਕਰਕੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਗੰਨ ਪੁਆਇੰਟ ’ਤੇ ਅਗਵਾ ਕਰਕੇ ਲਿਜਾਉਣ ਦੀ ਗੱਲ ਬਿਲਕੁਲ ਝੂਠੀ ਨਿਕਲੀ। ਉਂਜ ਇਸ ਸਬੰਧੀ ਪੁਲੀਸ ਨੇ ਮੋਗਾ ਇਕ ਨੌਜਵਾਨ ਰਾਜੂ ਸਮੇਤ ਉਸ ਦੇ ਸਾਥੀਆਂ ਖ਼ਿਲਾਫ਼ ਧਾਰਾ 363 ਅਤੇ 366 ਤਹਿਤ ਕੇਸ ਦਰਜ ਕਰਕੇ ਹਾਲੇ ਤਫ਼ਤੀਸ਼ ਸ਼ੁਰੂ ਹੀ ਕੀਤੀ ਸੀ ਕਿ ਇਸ ਦੌਰਾਨ ਲੜਕੀ ਨੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਹੈ, ਸਗੋਂ ਉਹ ਆਪਣੇ ਪ੍ਰੇਮੀ ਨਾਲ ਆਪਣੀ ਮਰਜ਼ੀ ਨਾਲ ਘਰੋਂ ਗਈ ਹੈ ਅਤੇ ਹੁਣ ਵਿਆਹ ਕਰਵਾ ਕੇ ਵਾਪਸ ਮੁੜੇਗੀ। ਕੁੜੀ ਦੇ ਘਰਦਿਆਂ ਨੇ ਹੀ ਪੁਲੀਸ ਨੂੰ ਇਸ ਘਟਨਾਕ੍ਰਮ ਬਾਰੇ ਦੱਸਿਆ ਗਿਆ।
ਸੋਹਾਣਾ ਥਾਣਾ ਦੇ ਐਸਐਚਓ ਭਗਵੰਤ ਸਿੰਘ ਨੇ ਦੱਸਿਆ ਕਿ ਗੰਨ ਪੁਆਇੰਟ ’ਤੇ ਲੜਕੀ ਨੂੰ ਅਗਵਾ ਕਰਨ ਦੀ ਗੱਲ ਬਿਲਕੁਲ ਝੂਠੀ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਪ੍ਰੇਮੀ ਨਾਲ ਘਰੋਂ ਭੱਜੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਰਾਜੂ ਵਾਸੀ ਮੋਗਾ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੜਕੀ ਨੂੰ ਘਰੋਂ ਵਰਗਾ ਕੇ ਲਿਜਾਉਣ ਵਾਲਾ ਨੌਜਵਾਨ ਪਿਛਲੇ ਤਿੰਨ ਮਹੀਨੇ ਤੋਂ ਲੜਕੀ ਅਤੇ ਉਸ ਦੇ ਮਾਪਿਆਂ ਦੇ ਸੰਪਰਕ ਵਿੱਚ ਸੀ ਅਤੇ ਉਹ ਵਿਆਹ ਕਰਵਾਉਣਾ ਚਾਹੁੰਦੇ ਸੀ ਪ੍ਰੰਤੂ ਲੜਕੀ ਦੀ ਮਾਸੀ ਇਸ ਵਿਆਹ ਦੇ ਖ਼ਿਲਾਫ਼ ਸੀ। ਜਿਸ ਕਾਰਨ ਲੜਕੀ ਅਤੇ ਲੜਕੇ ਨੇ ਇਹ ਕਦਮ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਲੜਕੀ ਦੀ ਬਾਲਗ ਹੈ, ਉਸ ਦੀ ਉਮਰ ਪੌਣੇ 19 ਸਾਲ ਦੀ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਵਾਪਸ ਆਉਣ ਜਾਂ ਪੁਲੀਸ ਵੱਲੋਂ ਬਰਾਮਦ ਕਰਨ ’ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…