ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਫਿਰੌਤੀ ਲਈ ਅਗਵਾ ਕਰਨ ਵਾਲੇ ਲੜਕੀ ਸਮੇਤ 3 ਮੁਲਜ਼ਮ ਕਾਬੂ

ਮੁਲਜ਼ਮਾਂ ਨੇ ਪੀੜਤ ਨੌਜਵਾਨ ਨੂੰ ਛੱਡਣ ਲਈ ਮਾਪਿਆਂ ਤੋਂ ਮੰਗੀ ਸੀ 50 ਲੱਖ ਰੁਪਏ ਦੀ ਫਿਰੌਤੀ

ਮੁਲਜ਼ਮਾਂ ਨੇ ਪੀੜਤ ਨੌਜਵਾਨ ਨੂੰ ਲੜਕੀ ਦੀ ਮਦਦ ਨਾਲ ਹਨੀ ਟਰੈਪ ਵਿੱਚ ਫਸਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਰੱਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਮੁਹਾਲੀ ਪੁਲੀਸ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਪੜ੍ਹਦੇ ਇਕ ਵਿਦਿਆਰਥੀ ਨੂੰ ਹਨੀ ਟਰੈਪ ਵਿੱਚ ਫਸਾ ਕੇ ਅਗਵਾ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਇੱਕ ਲੜਕੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਸ ਗੱਲ ਦਾ ਖੁਲਾਸਾ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪੀੜਤ ਨੌਜਵਾਨ ਹਿਤੇਸ਼ ਭੂਮਲਾ ਨੂੰ ਵੀ ਸਹੀ ਸਲਾਮਤ ਛੁਡਾ ਲਿਆ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀਏ ਦਾ ਵਿਦਿਆਰਥੀ ਹੈ।
ਡੀਆਈਜੀ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਜੇ ਕਾਦੀਅਨ ਵਾਸੀ ਪਿੰਡ ਜੱਟਲ, ਪਾਣੀਪਤ (ਹਰਿਆਣਾ), ਅਜੈ ਕੁਮਾਰ ਵਾਸੀ ਪਿੰਡ ਆਬੂਦ, ਸਿਰਸਾ (ਹਰਿਆਣਾ) ਅਤੇ ਉਨ੍ਹਾਂ ਦੀ ਮਹਿਲਾ ਮਿੱਤਰ ਰਾਖੀ ਵਾਸੀ ਪਿੰਡ ਬਰੋਲੀ, ਸੋਨੀਪਤ (ਹਰਿਆਣਾ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇਕ .32 ਬੋਰ ਦਾ ਪਿਸਤੌਲ, 9 ਜ਼ਿੰਦਾ ਕਾਰਤੂਸ, 5 ਮੋਬਾਈਲ ਫੋਨਾਂ ਸਮੇਤ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਗਈ ਹੌਂਡਾ ਸਿਟੀ ਕਾਰ ਵੀ ਬਰਾਮਦ ਕਰ ਲਈ ਹੈ। ਡੀਆਈਜੀ ਨੇ ਦੱਸਿਆ ਕਿ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਦੀ ਅਗਵਾਈ ਹੇਠ ਐਸਪੀ ਰਵਨੀਤ ਸਿੰਘ ਵਿਰਕ, ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਜ਼ਿਲ੍ਹਾ ਸੀਆਈਏ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਅੱਜ ਤੜਕੇ ਸਵੇਰੇ ਸੀਆਈਏ ਸਟਾਫ਼ ਕੁਰੂਕਸ਼ੇਤਰ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕੀਤਾ ਗਿਆ।
ਪੁਲੀਸ ਅਨੁਸਾਰ ਮੁਲਜ਼ਮਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਨੌਜਵਾਨ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਮੁਲਜ਼ਮ ਲੜਕੀ ਰਾਖੀ ਨੂੰ ਮੋਹਰਾ ਬਣਾਇਆ ਗਿਆ ਅਤੇ ਸੋਸ਼ਲ ਮੀਡੀਆ ’ਤੇ ਹਿਤੇਸ਼ ਨੂੰ ਭਰਮਾ ਕੇ ਆਪਣੇ ਜਾਲ ਵਿੱਚ ਫਸਾਇਆ। ਮੁਲਜ਼ਮਾਂ ਨੇ ਵਿਦਿਆਰਥੀ ਨੂੰ ਖਰੜ ਦੇ ਰਣਜੀਤ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਸੱਦਿਆ। ਜਿੱਥੇ ਉਸ ਨੂੰ ਤਿੰਨ ਦਿਨ ਬੇਹੋਸ਼ੀ ਦੀ ਹਾਲਤ ਵਿੱਚ ਰੱਖਿਆ ਗਿਆ। ਅਗਵਾਕਾਰਾਂ ਵੱਲੋਂ ਪੀੜਤ ਨੌਜਵਾਨ ਨੂੰ ਛੱਡਣ ਬਦਲੇ ਉਸ ਦੇ ਮਾਪਿਆਂ ਤੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਤਾਂ ਹਿਤੇਸ਼ ਦੇ ਮਾਪੇ ਬਹੁਤ ਜ਼ਿਆਦਾ ਘਬਰਾ ਗਏ ਪ੍ਰੰਤੂ ਬਾਅਦ ਵਿੱਚ ਉਨ੍ਹਾਂ ਨੇ ਹਿੰਮਤ ਕਰਕੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਉਨ੍ਹਾਂ ਦਾ ਬੇਟਾ ਹਿਤੇਸ਼ ਅਚਾਨਕ ਲਾਪਤਾ ਹੋ ਗਿਆ ਹੈ ਅਤੇ ਅਗਵਾਕਾਰ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਹਨ।
ਡੀਆਈਜੀ ਭੁੱਲਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਥਾਣਾ ਸਦਰ ਖਰੜ ਵਿੱਚ ਧਾਰਾ 364-ਏ ਅਤੇ 365 ਦੇ ਤਹਿਤ ਕੇਸ ਦਰਜ ਕਰਕੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਅਤੇ ਖੁਫੀਆ ਏਜੰਸੀ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਮਹਿਜ਼ 48 ਘੰਟਿਆਂ ਵਿੱਚ ਪੁਲੀਸ ਨੇ ਵਿਦਿਆਰਥੀ ਨੂੰ ਅਗਵਾ ਕਰਨ ਦਾ ਮਾਮਲਾ ਹੱਲ ਕਰਕੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles

Check Also

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ ਨਬਜ਼-ਏ-ਪੰ…